ਸਰੀ, (ਪਰਮਜੀਤ ਸਿੰਘ): ਬੀ.ਸੀ. ਦੀ ਕੋਵਿਚਨ ਵੈਲੀ ਵਿੱਚ 8 ਫਰਵਰੀ ਤੋਂ ਚੱਲ ਰਹੀ ਟਰਾਂਜ਼ਿਟ ਹੜਤਾਲ ਖ਼ਤਮ ਨਹੀਂ ਹੋਈ, ਜਿਸ ਕਾਰਨ ਹਜ਼ਾਰਾਂ ਨਿਵਾਸੀ ਪ੍ਰਭਾਵਿਤ ਹੋ ਰਹੇ ਹਨ। ਟਰਾਂਸਪੋਰਟ ਐਕਸ਼ਨ ਬੀਸੀ ਦੇ ਡਾਇਰੈਕਟਰ ਬ੍ਰੈਂਡਨ ਰੀਡ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸੂਬਾ ਸਰਕਾਰ ਇਸ ‘ਚ ਦਖ਼ਲ ਦੇ ਕੇ ਇਸ ਮਸਲੇ ਦਾ ਹੱਲ ਕਰੇ।
ਉਨ੍ਹਾਂ ਕਿਹਾ, ”ਇਹ ਬੀਸੀ ਦੇ ਇਤਿਹਾਸ ਦੀ ਸਭ ਤੋਂ ਲੰਬੀ ਟਰਾਂਜ਼ਿਟ ਹੜਤਾਲਾਂ ‘ਚੋਂ ਇੱਕ ਹੈ। ਸੂਬਾ ਟਰਾਂਜ਼ਿਟ ਨੂੰ ਫੰਡ ਕਰਦਾ ਹੈ, ਇਸ ਲਈ ਸੂਬਾਈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਹੜਤਾਲ ਵਾਧੂ ਨਾ ਹੋਵੇ।”
ਇਹ ਹੜਤਾਲ ਯੂਨੀਫੋਰ ਲੋਕਲ 114 ਅਤੇ 333 ਦੇ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਹੈ, ਜੋ ਕਮਾਈ ਵਿੱਚ ਵਿਟੋਰੀਆ ਦੇ ਕਰਮਚਾਰੀਆਂ ਦੇ ਬਰਾਬਰ ਭੁਗਤਾਨ ਅਤੇ ਵਾਸ਼ਰੂਮ ਦੀ ਪਹੁੰਚ ਵਰਗੀਆਂ ਮੁੱਖ ਮੰਗਾਂ ਰੱਖਦੇ ਹਨ। ਪਿਛਲੇ ਮਹੀਨੇ ਇਕ ਤਜਵੀਜ਼ੀ ਸਮਝੌਤਾ ਰੱਦ ਹੋ ਗਿਆ ਸੀ। ਯੂਨੀਫੋਰ ਦੇ ਪ੍ਰਵਕਤਾ ਗੈਵਿਨ ਮੈਕਗੈਰਿਗਲ ਨੇ 6 ਮਈ ਨੂੰ ਦੱਸਿਆ ਕਿ “ਹੁਣ ਤੱਕ ਦੋਵਾਂ ਪੱਖਾਂ ਵਿੱਚ ਕੋਈ ਨਵੀਂ ਗੱਲਬਾਤ ਨਹੀਂ ਹੋਈ। ਸੂਬਾ ਵੀ ਸਚਮੁਚ ਚੁੱਪ ਹੈ।”
ਨੌਰਥ ਕੋਵਿਚਨ ਦੇ ਮੇਅਰ ਰੌਬ ਡਗਲਸ ਨੇ ਵੀ 7 ਮਈ ਨੂੰ ਕਾਊਂਸਲ ਮੀਟਿੰਗ ਦੌਰਾਨ ਅਪੀਲ ਕੀਤੀ ਕਿ ਬੀਸੀ ਟਰਾਂਜ਼ਿਟ ਅਤੇ ਪ੍ਰੋਵਿਨਸ਼ਲ ਸਰਕਾਰ ਹਸਤਕਸ਼ੇਪ ਕਰੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੜਤਾਲ ਕਾਰਨ ਕੋਵਿਚਨ-ਵਿਟੋਰੀਆ ਐਕਸਪ੍ਰੈਸ ਰੂਟ ਰੁਕਣ ਨਾਲ ਆਵਾਜਾਈ ਵਧੀ ਹੈ, ਜਿਸ ਨਾਲ ਮਾਲਾਹਟ ‘ਤੇ ਟਰੈਫਿਕ ਜਾਮ, ਪ੍ਰਦੂਸ਼ਣ ਅਤੇ ਹਾਦਸਿਆਂ ਦੀ ਸੰਭਾਵਨਾ ਵਧੀ ਹੈ।
ਸੂਬਾ ਕਹਿ ਰਿਹਾ ਹੈ ਕਿ ਮਧਸਥਤਾ ਦੀ ਪ੍ਰਕਿਰਿਆ ਜਾਰੀ ਹੈ, ਪਰ ਨਤੀਜਾ ਹਜੇ ਤਕ ਨਹੀਂ ਨਿਕਲਿਆ। ਸੂਬਾਈ ਸਰਕਾਰ ਦੇ ਮੰਤਰਾਲੇ ਨੇ ਮੰਨਿਆ ਕਿ ਹੜਤਾਲ ਨੇ ਨਿਵਾਸੀਆਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ, ਪਰ ਉਨ੍ਹਾਂ ਨੇ ਸਮੂਹਿਕ ਸੌਦੇਬਾਜ਼ੀ ਦੀ ਪ੍ਰਕਿਰਿਆ ਦਾ ਸਨਮਾਨ ਕਰਨ ‘ਤੇ ਜ਼ੋਰ ਦਿੱਤਾ। ਮੰਤਰਾਲੇ ਨੇ ਕਿਹਾ ਕਿ ਬੋਰਡ ਵੱਲੋਂ ਵਿਚੋਲਗੀ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ, ਅਤੇ ਦੋਵਾਂ ਧਿਰਾਂ ਨੂੰ ਸਮਝੌਤੇ ਲਈ ਮੇਜ਼ ‘ਤੇ ਕੰਮ ਜਾਰੀ ਰੱਖਣ ਲਈ ਕਿਹਾ ਗਿਆ ਹੈ।