ਆਖਰ ਨੂੰ ਹਥਿਆਰ ਚਲਾਉਣਾ ਕ੍ਰਾਂਤੀ ਹੁੰਦੀ ਏ।
ਮੋਢੇ ਰੱਖਕੇ ਗੇੜੇ ਲਾਉਣਾ ਫੁਕਰ-ਪੰਥੀ ਹੁੰਦੀ ਏ।
ਗੱਲ ਕਰਨ ਤੋਂ ਪਹਿਲਾਂ, ਅਸਲਾ ਲਹਿਰਾਉਂਦੇ ਜੋ।
ਡੱਬ ਚ ਪਿਸਟਲ ਲੈਕੇ, ਪੰਚਾਇਤ ਚ ਆਉਂਦੇ ਜੋ।
ਅਸਲੇ ਵਾਲੇ ਮਸਲੇ ਨੂੰ ਕਦੇ ਹੱਲ ਕਰ ਸਕਦੇ ਨਾ।
ਗੱਲਬਾਤ ਦੇ ਟੇਬਲ ਤੇ ਉਹ ਗੱਲ ਕਰ ਸਕਦੇ ਨਾ।
ਤੀਰ ਤਰਕ ਦੇ ਬਰਛਿਆਂ ਨੂੰ ਵੀ ਛਿੱਥਾ ਪਾ ਦਿੰਦੇ
ਲਹਿ ਜਾਂਦੀ ਜੋ ਸਿਰ ‘ਤੇ ਚੜੀ ਫੈਂਟੇਸੀ ਹੁੰਦੀ ਏ।
ਆਖਰ ਨੂੰ ਹਥਿਆਰ….
ਨਾਬਰ ਅਤੇ ਜਾਬਰ ਵਿੱਚ ਜੋ ਭੇਦ ਪਛਾਣੇ ਨਾ
ਜੰਗ ਵਿਚਾਰਾਂ ਵਾਲੀ ਜਿਹੜਾ ਲੜਨਾ ਜਾਣੇ ਨਾ।
ਤਲਵਾਰ ਤੇ ਕ੍ਰਿਪਾਨ ਵਿੱਚ ਨਾ ਫਰਕ ਕਰਦੇ ਜੋ।
ਤਾਲੀਮ ਵਿਹੂਣੇ ਫੁਕਰੇ ਬੇੜਾ ਗਰਕ ਕਰਦੇ ਜੋ।
ਦਿੱਲੀ ਅਤੇ ਲਾਹੌਰ ਤਾਂ ਉਹਨਾਂ ਕੋਲੇ ਹੋਣਾ ਕੀ
ਨਾ ਸਿਰਸਾ ਤੇ ਅੰਬਾਲਾ ਤੇ ਨਾ ਹਾਂਸੀ ਹੁੰਦੀ ਏ।
ਆਖਰ ਨੂੰ ਹਥਿਆਰ…..
ਲੇਖਕ : ਕੁਲਦੀਪ ਸਿਰਸਾ