ਕੋਈ ਵੀ ਮਤਾ ਪਾਸ ਕਰਵਾਉਣ ਲਈ ਲਿਬਰਲ ਸਰਕਾਰ ਨੂੰ ਚਾਹੀਦਾ ਹੋਵੇਗਾ ਤਿੰਨ ਵਿਰੋਧੀ ਮੈਂਬਰਾਂ ਦਾ ਸਮੱਰਥਨ
ਔਟਵਾ, (ਪਰਮਜੀਤ ਸਿੰਘ): ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਘੱਟ ਗਿਣਤੀ ਲਿਬਰਲ ਸਰਕਾਰ ਨੇ ਬੁਧਵਾਰ ਨੂੰ ਆਪਣੇ ਸਿਆਸੀ ਕਾਰਜਕਾਲ ਦੀ ਪਹਿਲਾ ਵਿਸ਼ਵਾਸ਼ ਮਤਾ ਪਾਰ ਕਰ ਲਿਆ, ਜਦੋਂ ਹਾਊਸ ਆਫ਼ ਕਾਮਨਜ਼ ਵਿੱਚ ਰਾਜ ਸਿੰਘਾਸਨ ਭਾਸ਼ਣ ਨੂੰ ਮਨਜ਼ੂਰੀ ਮਿਲੀ।
ਇਹ ਭਾਸ਼ਣ ਪਿਛਲੇ ਹਫ਼ਤੇ ਰਾਜਾ ਚਾਰਲਜ਼ ਤੀਜੇ ਵੱਲੋਂ ਪੇਸ਼ ਕੀਤਾ ਗਿਆ ਸੀ। ਰਵਾਇਤੀ ਤੌਰ ‘ਤੇ ਰਾਜ ਸਿੰਘਾਸਨ ਭਾਸ਼ਣ ਨੂੰ ਵਿਸ਼ਵਾਸ ਮਤਲਬੀ ਮਾਮਲਾ ਮੰਨਿਆ ਜਾਂਦਾ ਹੈ ਅਤੇ ਜੇ ਇਹ ਪਾਸ ਨਾ ਹੁੰਦਾ ਤਾਂ ਸਰਕਾਰ ਡਿੱਗ ਸਕਦੀ ਸੀ, ਜਿਸ ਨਾਲ ਚੋਣਾਂ ਦੀ ਸੰਭਾਵਨਾ ਜਾਂ ਕਿਸੇ ਹੋਰ ਪਾਰਟੀ ਵੱਲੋਂ ਸਰਕਾਰ ਬਣਾਉਣ ਦੀ ਕੋਸ਼ਿਸ਼ ਹੋ ਸਕਦੀ ਸੀ। ਐਨ.ਡੀ.ਪੀ. ਵੱਲੋਂ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਭਾਸ਼ਣ ਦੇ ਵਿਰੋਧ ਵਿੱਚ ਵੋਟ ਪਾਵੇਗੀ, ਪਰ ਹਾਊਸ ਵਿੱਚ ਕਿਸੇ ਨੇ ਵੀ ਰਿਕਾਰਡ ਵੋਟ ਦੀ ਮੰਗ ਨਹੀਂ ਕੀਤੀ। ਅੰਤ ਵਿੱਚ ਇਹ ਮਤਾ ਪਾਸ ਹੋ ਗਿਆ।
ਸਰਕਾਰੀ ਹਾਊਸ ਲੀਡਰ ਸਟੀਵਨ ਮੈਕਕਿਨਨ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ, ”ਇਹ ਭਾਸ਼ਣ ਪਾਸ ਹੋਣਾ ਕੈਨੇਡੀਅਨਾਂ ਦੀਆਂ ਤਰਜੀਹਾਂ ‘ਤੇ ਕੰਮ ਕਰਨ ਦੀ ਸਪਸ਼ਟ ਮਨਸ਼ਾ ਨਿਰਧਾਰਤ ਕਰਦਾ ਹੈ। ਅਸੀਂ ਮਜ਼ਬੂਤ ਅਤੇ ਕੇਂਦਰਤ ਏਜੰਡਾ ਲੈ ਕੇ ਆ ਰਹੇ ਹਾਂ।” ਹਾਊਸ ਵਿੱਚ ਭਾਸ਼ਣ ਦੀ ਮਨਜ਼ੂਰੀ ਤੋਂ ਥੋੜ੍ਹੀ ਦੇਰ ਪਹਿਲਾਂ ਇਹ ਦੁਖਦਾਈ ਖ਼ਬਰ ਆਈ ਕਿ ਪੂਰਵ ਕੈਬਨਿਟ ਮੰਤਰੀ ਮਾਰਕ ਗਾਰਨੋ ਦਾ ਦੇਹਾਂਤ ਹੋ ਗਿਆ ਹੈ, ਜਿਸ ਮਗਰੋਂ ਹਾਊਸ ਵਿੱਚ ਇੱਕ ਮਿੰਟ ਦੀ ਚੁੱਪ ਰੱਖੀ ਗਈ। ਲਿਬਰਲ ਪਾਰਟੀ ਕੋਲ ਹਾਊਸ ਆਫ਼ ਕਾਮਨਜ਼ ਵਿੱਚ 169 ਸੀਟਾਂ ਹਨ, ਜੋ ਕਿ ਸਧਾਰਨ ਬਹੁਮਤ ਤੋਂ ਤਿੰਨ ਘੱਟ ਹਨ। ਇਸ ਲਈ ਕਿਸੇ ਵੀ ਬਿੱਲ ਜਾਂ ਭਾਸ਼ਣ ਦੀ ਮਨਜ਼ੂਰੀ ਲਈ ਉਨ੍ਹਾਂ ਨੂੰ ਘੱਟੋ-ਘੱਟ ਤਿੰਨ ਵਿਰੋਧੀ ਮੈਂਬਰਾਂ ਦੇ ਸਮਰਥਨ ਦੀ ਲੋੜ ਹੋਵੇਗੀ। ਕੰਜ਼ਰਵੇਟਿਵ ਪਾਰਟੀ ਨੇ ਇਸ ਮਤੇ ਉੱਤੇ ਆਪਣੇ ਵੋਟ ਬਾਰੇ ਅਧਿਕਾਰਿਕ ਤੌਰ ‘ਤੇ ਕੁਝ ਨਹੀਂ ਕਿਹਾ, ਪਰ ਉਨ੍ਹਾਂ ਨੇ ਸਰਵਜਨਕ ਤੌਰ ‘ਤੇ ਰਾਜਸਿੰਘਾਸਨ ਭਾਸ਼ਣ ਦੀ ਆਲੋਚਨਾ ਕੀਤੀ ਅਤੇ ਲਿਬਰਲ ਸਰਕਾਰ ਨੂੰ ਜਲਦ ਤੋਂ ਜਲਦ ਬਜਟ ਪੇਸ਼ ਕਰਨ ਦੀ ਮੰਗ ਕੀਤੀ ਹੈ।
ਰਾਜਸਿੰਘਾਸਨ ਭਾਸ਼ਣ ਵਿੱਚ ਰਾਜਾ ਚਾਰਲਜ਼ ਤੀਜੇ ਨੇ ਕਿਹਾ ਸੀ ਕਿ ਕੈਨੇਡਾ ”ਇੱਕ ਨਾਜੁਕ ਮੋੜ” ‘ਤੇ ਖੜਾ ਹੈ ਅਤੇ ਇਹ ਸਮਾਂ ਹੈ ਕਿ ਆਰਥਿਕਤਾ, ਵਾਤਾਵਰਣ ਅਤੇ ਕਾਨੂੰਨ ਦੇ ਰਾਜ ਲਈ ਨਵੀਨਤਮ ਨੀਤੀਆਂ ਬਣਾਈਆਂ ਜਾਣ। ਉਨ੍ਹਾਂ ਨੇ ਕਲਾਈਮਟ ਚੇਂਜ, ਘਟ ਰਹੀਆਂ ਉਪਭੋਗਤਾ ਖਰੀਦ ਸਮਰੱਥਾਵਾਂ ਅਤੇ ਅੰਤਰਰਾਸ਼ਟਰੀ ਚੁਣੌਤੀਆਂ ਦੀ ਗੱਲ ਵੀ ਕੀਤੀ।
ਕੈਬਨਿਟ ਮੈਂਬਰਾਂ ਨੇ ਕਿਹਾ ਕਿ ਭਾਸ਼ਣ ਵਿੱਚ ਜਿਹੜੀਆਂ ਤਰਜੀਹਾਂ ਦਿੱਤੀਆਂ ਗਈਆਂ ਹਨ, ਉਹ ਉਨ੍ਹਾਂ ਦੀਆਂ ਚੋਣੀ ਮੁਹਿੰਮਾਂ ਅਤੇ ਲੋਕ ਵਾਅਦਿਆਂ ਦੇ ਅਨੁਕੂਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਭਾਸ਼ਣ ਮੁਲਕ ਨੂੰ ਆਰਥਿਕ ਅਤੇ ਸਮਾਜਿਕ ਪੱਖੋਂ ਮਜ਼ਬੂਤ ਕਰਨ ਵੱਲ ਲੈ ਕੇ ਜਾਵੇਗਾ।