ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਭਾਰਤ ਸਥਿਤ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਿੱਚ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਕੀਤੀ ਹੈ। ਬੀਤੇ ਦਿਨੀਂ ਈਬੀ ਨੇ ਐਲਾਨ ਕੀਤਾ ਕਿ ਉਹ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਪੱਤਰ ਲਿਖ ਕੇ ਇਸ ਗੈਂਗ ਨੂੰ ਅੱਤਵਾਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਮੁਤਾਬਕ, ਇਹ ਗੈਂਗ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਓਂਟਾਰੀਓ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਜਬਰੀ ਵਸੂਲੀ, ਗੋਲੀਬਾਰੀ ਅਤੇ ਅੱਗਜ਼ਨੀ ਵਰਗੇ ਅਪਰਾਧਾਂ ਵਿੱਚ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਵਿੱਚ, ਓਂਟਾਰੀਓ, ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਸਮੇਤ ਕਈ ਕੈਨੇਡੀਅਨ ਸੂਬਿਆਂ ਵਿੱਚ ਐਕਸਟਾਰਸ਼ਨ ਦੀਆਂ ਘਟਨਾਵਾਂ ਵਿੱਚ ਵਾਧਾ ਦੇਖਿਆ ਗਿਆ ਹੈ। ਇਹਨਾਂ ਗਤੀਵਿਧੀਆਂ ਨਾਲ ਜੁੜੇ ਹੋਰ ਅਪਰਾਧਾਂ ਵਿੱਚ ਕਤਲ, ਅੱਗਜ਼ਨੀ, ਹਮਲੇ, ਡਰਾਈਵ-ਬਾਈ ਸ਼ੂਟਿੰਗ, ਧਮਕੀਆਂ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇਹ ਅਪਰਾਧ ਵੱਖ ਵੱਖ ਭਾਈਚਾਰਿਆਂ ਵਿੱਚ ਵਿਆਪਕ ਡਰ ਪੈਦਾ ਕਰ ਰਹੇ ਹਨ, ਜਿਸ ਕਾਰਨ ਇਹਨਾਂ ਘਟਨਾਵਾਂ ਦੀ ਰਿਪੋਰਟਿੰਗ ਘੱਟ ਹੋ ਰਹੀ ਹੈ। ਪ੍ਰੀਮੀਅਰ ਈਬੀ ਨੇ ਕਿਹਾ ਕਿ ਕੈਨੇਡੀਅਨ ਆਪਣੀ ਅਪਰਾਧਿਕ ਨਿਆਂ ਪ੍ਰਣਾਲੀ ਤੋਂ ਇਹਨਾਂ ਅਪਰਾਧਾਂ ਨੂੰ ਰੋਕਣ ਅਤੇ ਜਵਾਬ ਦੇਣ ਲਈ ਪ੍ਰਭਾਵੀ ਕਾਰਵਾਈ ਦੀ ਉਮੀਦ ਕਰਦੇ ਹਨ।
ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਇਹਨਾਂ ਅਪਰਾਧਕ ਗਤੀਵਿਧੀਆਂ ਦੀ ਵਧਦੀ ਸੰਖਿਆ ਨੂੰ ਦੇਖਦੇ ਹੋਏ, ਆਰਸੀਐਮਪੀ ਨੇ ਇੱਕ ਰਾਸ਼ਟਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਇਹ ਟਾਸਕ ਫੋਰਸ ਖੁਫੀਆ ਜਾਣਕਾਰੀ ਅਤੇ ਕੇਸ ਸੰਬੰਧੀ ਜਾਣਕਾਰੀਆਂ ਨੂੰ ਸਾਂਝਾ ਕਰਨ ਦਾ ਕੰਮ ਕਰਦੀ ਹੈ, ਤਾਂ ਜੋ ਸਥਾਨਕ ਅਤੇ ਸੂਬਾਈ ਪੁਲਿਸ ਏਜੰਸੀਆਂ ਨੂੰ ਇਹਨਾਂ ਜਾਂਚਾਂ ਵਿੱਚ ਨਵੀਨਤਮ ਵਿਕਾਸ ਅਤੇ ਸੰਭਾਵੀ ਸਬੰਧਾਂ ਦੀ ਜਾਣਕਾਰੀ ਮਿਲ ਸਕੇ। ਹਾਲਾਂਕਿ ਇਹ ਇੱਕ ਸਕਾਰਾਤਮਕ ਕਦਮ ਹੈ, ਪਰ ਈਬੀ ਨੇ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਅਪਰਾਧਾਂ ਵਿੱਚ ਸ਼ਾਮਲ ਜਾਂ ਸਹਾਇਤਾ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਲਈ ਕ੍ਰਿਮੀਨਲ ਕੋਡ ਵਿੱਚ ਮਹੱਤਵਪੂਰਨ ਸੋਧਾਂ ਦੀ ਲੋੜ ਹੈ, ਖਾਸ ਤੌਰ ‘ਤੇ ਜਦੋਂ ਇਹ ਸਮੂਹ ਵਿਦੇਸ਼ੀ ਅਪਰਾਧਕ ਸੰਸਥਾਵਾਂ ਦੇ ਨਿਰਦੇਸ਼ ਜਾਂ ਸਮਰਥਨ ਨਾਲ ਕੰਮ ਕਰਦੇ ਹਨ।
15 ਫਰਵਰੀ, 2025 ਨੂੰ, ਕੈਨੇਡਾ ਸਰਕਾਰ ਨੇ ਸੱਤ ਅੰਤਰਰਾਸ਼ਟਰੀ ਅਪਰਾਧਕ ਸਮੂਹਾਂ ਨੂੰ ਕ੍ਰਿਮੀਨਲ ਕੋਡ ਅਧੀਨ ਅੱਤਵਾਦੀ ਸੰਗਠਨਾਂ ਵਜੋਂ ਸੂਚੀਬੱਧ ਕੀਤਾ ਸੀ। ਪ੍ਰੀਮੀਅਰ ਈਬੀ ਨੇ ਮੰਗ ਕੀਤੀ ਹੈ ਕਿ ਇਸ ਕਾਨੂੰਨੀ ਸਾਧਨ ਨੂੰ ਲਾਰੈਂਸ ਬਿਸ਼ਨੋਈ ਗੈਂਗ ਵਰਗੇ ਸਮੂਹਾਂ ‘ਤੇ ਲਾਗੂ ਕੀਤਾ ਜਾਵੇ, ਜੋ ਕਈ ਸੂਬਿਆਂ ਵਿੱਚ ਐਕਸਟਾਰਸ਼ਨ ਅਤੇ ਹਿੰਸਕ ਅਪਰਾਧਾਂ ਵਿੱਚ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਗੁੰਝਲਦਾਰ ਅਤੇ ਰਾਸ਼ਟਰੀ ਪ੍ਰਭਾਵ ਵਾਲਾ ਅਪਰਾਧਕ ਮੁੱਦਾ ਹੈ, ਜਿਸ ਨੂੰ ਰਾਸ਼ਟਰੀ ਅਪਰਾਧਿਕ ਕਾਨੂੰਨੀ ਜਵਾਬ ਦੀ ਲੋੜ ਹੈ। ਈਬੀ ਨੇ ਫੈਡਰਲ ਕਾਨੂੰਨ ਲਾਗੂ ਕਰਨ ਵਾਲੀਆਂ ਅਤੇ ਸੁਰੱਖਿਆ ਏਜੰਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖੁਫੀਆ ਅਤੇ ਜਾਂਚ ਸੰਬੰਧੀ ਸਰੋਤਾਂ ਦੀ ਜਾਂਚ ਕਰਕੇ ਇਹਨਾਂ ਮੁੱਖ ਸਮੂਹਾਂ ਨੂੰ ਅੱਤਵਾਦੀ ਸੰਗਠਨਾਂ ਵਜੋਂ ਨਾਮਜ਼ਦ ਕਰਨ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਸਮੁਦਾਇਆਂ ਨੂੰ ਸੁਰੱਖਿਅਤ ਰੱਖਣ ਲਈ ਇਹਨਾਂ ਯਤਨਾਂ ਵਿੱਚ ਪੂਰਨ ਸਹਿਯੋਗ ਅਤੇ ਸਹਿਭਾਗੀ ਹੋਣ ਲਈ ਤਿਆਰ ਹੈ।
ਅਟਾਰਨੀ ਜਨਰਲ ਦੇ ਤੌਰ ‘ਤੇ, ਈਬੀ ਨੇ ਪਹਿਲਾਂ ਸਾਬਕਾ ਮੰਤਰੀ ਬਿਲ ਬਲੇਅਰ ਨੂੰ ਪੱਤਰ ਲਿਖ ਕੇ ਕੈਨੇਡਾ ਵਿੱਚ ਰੈਕੇਟੀਅਰ ਇਨਫਲੂਐਂਸਡ ਐਂਡ ਕਰੱਪਟ ਆਰਗੇਨਾਈਜ਼ੇਸ਼ਨ ਐਕਟ ਜਾਂ ਸਮਕਕ ਅਪਰਾਧਿਕ ਸੰਗਠਨ ਸਟੈਚੂਟ ਸਥਾਪਤ ਕਰਨ ਦੀ ਮੰਗ ਕੀਤੀ ਸੀ। ਇਹ ਮੰਗ ਸੰਗਠਿਤ ਅਪਰਾਧ ਨਾਲ ਨਜਿੱਠਣ ਲਈ ਮਜ਼ਬੂਤ ਕਾਨੂੰਨੀ ਢਾਂਚੇ ਦੀ ਜ਼ਰੂਰਤ ਨੂੰ ਦਰਸਾਉਂਦੀ ਹੈ। ਇਹ ਕਦਮ ਸਮੁਦਾਇਆਂ ਨੂੰ ਸੁਰੱਖਿਅਤ ਰੱਖਣ ਅਤੇ ਸੰਗਠਿਤ ਅਪਰਾਧ ਨੂੰ ਰੋਕਣ ਦੇ ਯਤਨਾਂ ਵਿੱਚ ਮਹੱਤਵਪੂਰਨ ਹੈ। ਫੈਡਰਲ ਸਰਕਾਰ ਦੇ ਸਕਾਰਾਤਮਕ ਜਵਾਬ ਦੀ ਉਮੀਦ ਕੀਤੀ ਜਾ ਰਹੀ ਹੈ। This report was written by Amarpal Singh as part of the Local Journalism Initiative.