ਲੇਖਕ : ਜਗਪਿੰਦਰ ਪਾਲ ਸਿੰਘ
ਰਣਸਿੰਘਾ ਸਾਜ਼ ਦਾ ਪੂਰਵਜ਼ ਪੁਰਾਤਨ ਤੇ ਪ੍ਰਾਚੀਨ ਸਿੰਗੀ ਸਾਜ਼ ਨੂੰ ਮੰਨਿਆ ਗਿਆ ਹੈ। ਸਿੰਗੀ ਸਾਜ਼ ਹੀ ਵਿਕਸਿਤ ਹੁੰਦਾ-ਹੁੰਦਾ ਰਣਸਿੰਘਾ ਬਣਿਆ। ਕੁਝ ਵਿਦਵਾਨਾਂ ਅਨੁਸਾਰ ਨਰਸਿੰਗਾ ਦਾ ਸ਼ਾਬਦਿਕ ਅਰਥ ਮੱਝ ਦੇ ਸਿੰਗ ਤੋਂ ਹੈ। ਮੱਝ ਦਾ ਸਿੰਗ ਲੰਬਾ ਤੇ ਸ਼ੰਕੂ ਵਰਗਾ ਹੁੰਦਾ ਹੈ। ਸੰਸਕ੍ਰਿਤ ਭਾਸ਼ਾ ‘ਚ ਮੱਝ ਦੇ ਸਿੰਗ ਨੂੰ ਸ਼੍ਰਿੰਗਾ ਜਾਂ ਸਰੰਗਾ ਕਿਹਾ ਜਾਂਦਾ ਹੈ। ਬਾਅਦ ‘ਚ ਸ਼੍ਰਿੰਗਾ ਸ਼ਬਦ ਦੀ ਵਰਤੋਂ ਕਿਸੇ ਤੁਰ੍ਹੀ (ਟ੍ਰਮਪੈਟ) ਸਾਜ਼ ਨੂੰ ਦਰਸਾਉਣ ਲਈ ਕੀਤੀ ਜਾਣ ਲੱਗੀ। ਸਮਾਂ ਦੇ ਬਦਲਣ ਨਾਲ ਤਾਂਬੇ ਦੇ ਕਾਰੀਗਰਾਂ ਨੇ ਇਸ ਕੁਦਰਤੀ ਸਿੰਗ ਵਰਗਾ ਤਾਂਬੇ ਅਤੇ ਪਿੱਤਲ ਧਾਤੂ ਤੋਂ ਤੁਰ੍ਹੀ ਸਾਜ਼ ਬਣਾਏ।
ਭਾਰਤ ਦੇ ਵੱਖ-ਵੱਖ ਪ੍ਰਾਂਤਾਂ ‘ਚ ਇਸ ਦੇ ਵੱਖੋ-ਵੱਖਰੇ ਨਾਂਅ ਹਨ, ਜਿਵੇਂ ਉੱਤਰ ਪ੍ਰਦੇਸ਼ ‘ਚ ਤੁਰ੍ਹੀ, ਰਾਜਸਥਾਨ ‘ਚ ਬਾਂਕੀਆ ਅਤੇ ਬਰਗੂ, ਕਰਨਾਟਕਾ ‘ਚ ਬਾਂਕੇ, ਮੱਧ ਪ੍ਰਦੇਸ਼ ‘ਚ ਰਣਸਿੰਗਾ, ਹਿਮਾਚਲ ਪ੍ਰਦੇਸ਼ ‘ਚ ਨਰਸਿੰਗਾ ਆਦਿਕ। ਸਿੱਖ ਧਰਮ ‘ਚ ਰਣਸਿੰਘਾ ਸਾਜ਼ ਦਾ ਵਿਲੱਖਣ ਅਤੇ ਮਹੱਤਵਪੂਰਨ ਸਥਾਨ ਹੈ। ਜਿੱਥੇ ਨਗਾਰੇ ਦੀਆਂ ਚੋਟਾਂ ਲਗਾ ਕੇ ਦੁਸ਼ਮਣ ਉੱਤੇ ਚੜ੍ਹਾਈ ਕੀਤੀ ਜਾਂਦੀ ਸੀ, ਉੱਥੇ ਹੀ ਰਣਸਿੰਘਾ ਸਾਜ਼ ਦੀ ਗਰਜਵੀਂ ਆਵਾਜ਼ ਯੁੱਧ ਦੇ ਮੈਦਾਨ ‘ਚ ਵਿਲੱਖਣ ਮਾਹੌਲ ਦੀ ਸਿਰਜਣਾ ਕਰਦੀ ਸੀ। ਗੁਰੂ ਕਾਲ ਤੋਂ ਹੀ ਰਣਸਿੰਘਾ ਸਾਜ਼ ਸਿੱਖ ਮਰਿਆਦਾ ‘ਚ ਵਿਸ਼ੇਸ਼ ਭੂਮਿਕਾ ‘ਚ ਰਿਹਾ ਹੈ। ਅੱਜ ਵੀ ਸ੍ਰੀ ਹਰਿਮੰਦਰ ਸਾਹਿਬ ਅਤੇ ਅਨੇਕਾਂ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ‘ਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਕਰਨ ਲਈ ਲਿਆਇਆ ਜਾਂਦਾ ਹੈ ਤਾਂ ਰਣਸਿੰਘਾ ਸਾਜ਼ਾਂ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਵਜਾ ਕੇ ਇਕ ਵਿਲੱਖਣ ਮਾਹੌਲ ਦੀ ਸਿਰਜਣਾ ਕੀਤੀ ਜਾਂਦੀ ਹੈ। ਖ਼ਾਲਸੇ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਨਰਸਿੰਘਾ ਸਾਜ਼ ਨੂੰ ਵਜਾ ਕੇ ਚੜ੍ਹਦੀ ਕਲਾ ਦਾ ਸੁਨੇਹਾ ਦਿੱਤਾ ਜਾਂਦਾ ਹੈ। ਹਿਮਾਚਲ ਪ੍ਰਦੇਸ਼ ‘ਚ ਰਣਸਿੰਗਾ ਸਾਜ਼ ਨੂੰ ਵਿਆਹ, ਧਾਰਮਿਕ ਜਲੂਸਾਂ ਅਤੇ ਸ਼ੁੱਭ ਮੌਕਿਆਂ ‘ਤੇ ਵਜਾਇਆ ਜਾਂਦਾ ਹੈ। ਨਿਪਾਲ ‘ਚ ਜਦੋਂ ਬਰਾਤ ਲੜਕੀ ਵਾਲਿਆਂ ਦੇ ਘਰ ਵੱਲ ਤੁਰਦੀ ਹੈ ਤਾਂ ਇਹ ਸਾਜ਼ ਉਦੋਂ ਵਿਸ਼ੇਸ਼ ਰੂਪ ‘ਚ ਵਜਾਇਆ ਜਾਂਦਾ ਹੈ। ਰਣਸਿੰਗਾ ਸਾਜ਼ ਧਾਰਮਿਕ ਆਸਥਾ ਦਾ ਵੀ ਪ੍ਰਤੀਕ ਹੈ। ਇਸ ਦਾ ਵਾਦਨ ਧਾਰਮਿਕ ਜਲੂਸਾਂ ‘ਚ ਵਿਸ਼ੇਸ਼ ਤੌਰ ‘ਤੇ ਕੀਤਾ ਜਾਂਦਾ ਹੈ। ਇਕ ਧਾਰਮਿਕ ਆਸਥਾ ਅਨੁਸਾਰ ਇਸ ‘ਚੋਂ ਨਿਕਲੀ ਆਵਾਜ਼ ਦੁਸ਼ਟ ਆਤਮਾਵਾਂ ਨੂੰ ਭਜਾ ਦਿੰਦੀ ਹੈ ਅਤੇ ਪਵਿੱਤਰ ਆਤਮਾਵਾਂ ਨੂੰ ਰਾਹ ਦਿੰਦੀ ਹੈ।
ਅਜੋਕੇ ਸਮੇਂ ਇਹ ਸਾਜ਼ ਤਾਂਬੇ ਅਤੇ ਪਿੱਤਲ ਧਾਤੂ ਤੋਂ ਬਣਾਇਆ ਜਾਂਦਾ ਹੈ। ਰਣਸਿੰਘਾ ਸਾਜ਼ ਦੇ ਦੋ ਭਾਗ ਹੁੰਦੇ ਹਨ। ਇਸ ਦਾ ਉੱਪਰਲਾ ਭਾਗ ਖੁੱਲ੍ਹਾ ਅਤੇ ਹੇਠਲਾ ਭਾਗ ਤੰਗ ਹੁੰਦਾ ਹੈ। ਇਨ੍ਹਾਂ ਦੋਵਾਂ ਭਾਗਾਂ ਦਾ ਆਕਾਰ ਅੰਗਰੇਜ਼ੀ ਵਰਣਮਾਲਾ ਦੇ 3 (ਸੀ) ਵਰਗਾ ਹੁੰਦਾ ਹੈ। ਬਾਅਦ ‘ਚ ਦੋਵਾਂ ਭਾਗਾਂ ਨੂੰ ਇਸ ਢੰਗ ਨਾਲ ਜੋੜਿਆ ਜਾਂਦਾ ਹੈ ਕਿ ਇਸ ਦਾ ਆਕਾਰ ਅੰਗਰੇਜ਼ੀ ਵਰਣਮਾਲਾ ਦੇ ਐੱਸ ਵਰਗਾ ਹੋ ਜਾਂਦਾ ਹੈ। ਰਣਸਿੰਘਾ ਵਾਦਕ ਪਤਲੇ ਸਿਰੇ ਉੱਤੇ ਜ਼ੋਰ ਨਾਲ ਫ਼ੂਕ ਮਾਰਦਾ ਹੈ, ਜਿਸ ਨਾਲ ਆਵਾਜ਼ ਉਤਪੰਨ ਹੁੰਦੀ ਹੈ। ਇਸ ਸਾਜ਼ ਨੂੰ ਵਜਾਉਣ ਲਈ ਵਿਸ਼ੇਸ਼ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ।