ਮੰਜ਼ਿਲ ਅਕਸਰ ਮਿਲਦੀ ਹੁੰਦੀ ਜਾ ਔਕੜ ਤੋਂ ਪਾਰ ਹੀ।
ਜਿੱਤ ਦਾ ਸਿਹਰਾ ਪਰ ਬੰਨ੍ਹਦੀ ਹੈ ਬੰਦੇ ਦੀ ਰਫ਼ਤਾਰ ਹੀ।
ਹਮਾਤੜ ਲੋਕ ਸਿਆਣੇ ਹੁੰਦੇ ਇਸ ਗੱਲ ਦਾ ਇਹ ਉੱਤਰ ਹੈ,
ਸਦਾ ਸਿਆਣੇ ਕਰਦੀ ਵੇਖੀ ਇਹ ਸਮਿਆਂ ਦੀ ਮਾਰ ਹੀ।
ਕਦੇ ਮੁਸਾਫ਼ਿਰ ਉਹ ਨਹੀਂ ਵੇਖੇ ਜਾ ਟੀਸੀ ’ਤੇ ਪੁੱਜਦੇ ਮੈਂ,
ਚੱਲਦੇ ਜਿਹੜੇ ਅਰਦਲੀਆਂ ਨੂੰ ਆਪਣਾ ਦੇ ਕੇ ਭਾਰ ਹੀ।
ਬੰਦਾ ਵੱਡਾ ਉਹ ਨਹੀਂ ਹੁੰਦਾ ਜਿਸ ਕੋਲ ਵੱਡੀ ਦੌਲਤ ਏ,
ਬੰਦੇ ਨੂੰ ਹੈ ਵੱਡਾ ਕਰਦਾ ਇੱਕ ਉਸ ਦਾ ਕਿਰਦਾਰ ਹੀ।
ਹੱਕ-ਸੱਚ ਦੀ ਰਾਹ ’ਤੇ ਚੱਲੀਂ ਛੱਡਦੇ ਫ਼ਿਕਰ ਜ਼ਮਾਨੇ ਦਾ,
ਮਤਲਬਖੋਰ ਹਜ਼ਾਰਾਂ ਨਾਲੋਂ ਸੱਚੇ ਬਿਹਤਰ ਚਾਰ ਹੀ।
ਰਹਬਿਰ, ਮੁਰਸ਼ਿਦ ਹੋ ਨਹੀਂ ਸਕਦਾ ਜੋ ਦੂਜੇ ਤੋਂ ਸੜਦਾ ਏ,
ਰੱਬ ਦੇ ਬੰਦੇ ਤਾਂ ਵੇਂਹਦੇ ਨੇ ਸਭ ਦੁਨੀਆਂ ਇਕਸਾਰ ਹੀ।
ਆਪਣਾ-ਆਪ ਛੁਪਾ ਲੈਂਦਾ ਹੈ ਬੇਸ਼ੱਕ ਬੰਦਾ ਪਰਦੇ ’ਨਾ,
ਬੰਦੇ ਬਾਰੇ ਦੱਸ ਦਿੰਦਾ ਹੈ ਪਰ ਉਸ ਦਾ ਵਿਵਹਾਰ ਹੀ।
ਐਰਾ-ਗੈਰਾ ਟਿਕ ਨਹੀਂ ਸਕਦਾ ਸੌ ਦਾਅਵਾ ਉਹ ਕਰਦਾ ਏ,
‘ਪਾਰਸ’ ਖੜ੍ਹਨ ਤੂਫ਼ਾਨਾਂ ਅੱਗੇ ਬੰਦੇ ਜੋ ਦਮਦਾਰ ਹੀ।
ਪ੍ਰਤਾਪ ‘ਪਾਰਸ’ ਗੁਰਦਾਸਪੁਰੀ, ਸੰਪਰਕ: 99888-11681