10.4 C
Vancouver
Saturday, November 23, 2024

ਬੀ.ਸੀ. ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ ਪਹਿਲੇ 6 ਮਹੀਨਿਆਂ ਦੌਰਾਨ ਹੋਈਆਂ 1158 ਮੌਤਾਂ

ਵੈਨਕੂਵਰ : ਬ੍ਰਿਟਿਸ਼ ਕੋਲੰਬੀਆ ਵਿੱਚ ਨਸ਼ਿਆਂ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਤਾਜ਼ਾ ਜਾਰੀ ਹੋਈ ਰਿਪੋਰਟ ਅਨੁਸਾਰ ਮਈ ਮਹੀਨੇ 181 ਲੋਕਾਂ ਦੀ ਮੌਤ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਈ ਸੀ ਅਤੇ ਹੁਣ ਜੂਨ ਮਹੀਨੇ 185 ਲੋਕਾਂ ਦੀ ਜਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਗਈ ਹੈ।

ਬੀ.ਸੀ. ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ ਰੋਜ਼ਾਨਾ 6 ਮੌਤਾਂ ਹੋ ਰਹੀਆਂ ਹਨ ਅਤੇ ਸਾਲ 2024 ਦੇ ਪਹਿਲੇ 6 ਮਹੀਨਿਆਂ ਵਿੱਚ ਹੀ 1,158 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਤਾਜ਼ਾ ਰਿਪੋਰਟ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਬੀ.ਸੀ. ਵਿੱਚ ਵੱਧ ਰਿਹਾ ਨਸ਼ਿਆਂ ਦਾ ਪ੍ਰਕੋਪ ਹੁਣ ਔਰਤਾਂ ਨੂੰ ਵੀ ਆਪਣੀ ਲਿਪੇਟ ‘ਚ ਲੈਣ ਲੱਗਾ ਹੈ ਯਾਨੀ ਕਿ ਨਸ਼ਿਆਂ ਨਾਲ ਮਰ ਵਾਲਿਆਂ ‘ਚ ਔਤਰਾਂ ਦੀ ਗਿਣਤੀ ਵੀ ਵੱਧ ਰਹੀ ਹੈ।

ਬੀ.ਸੀ. ਵਿਚ ਕਤਲ ਦੀਆਂ ਵਾਰਦਾਤਾਂ, ਖੁਦਕੁਸ਼ੀਆਂ, ਸੜਕ ਹਾਦਸਿਆਂ ਅਤੇ ਕੁਦਰਤੀ ਬਿਮਾਰੀਆਂ ਕਾਰਨ ਐਨੇ ਲੋਕਾਂ ਦੀ ਮੌਤ ਨਹੀਂ ਹੁੰਦੀ ਜਿੰਨੀ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਹੀ ਹੈ। ਔਰਤਾਂ ਦੀ ਮੌਤ ਦਾ ਅੰਕੜਾ ਸਾਲ 2020 ਮਗਰੋਂ ਤਕਰੀਬਨ ਦੁੱਗਣਾ ਹੋ ਗਿਆ ਹੈ। ਚਾਰ ਸਾਲ ਪਹਿਲਾਂ ਇਕ ਲੱਖ ਦੀ ਵਸੋਂ ਪਿੱਛੇ 13 ਔਰਤਾਂ ਦੀ ਮੌਤ ਹੋ ਰਹੀ ਸੀ ਜਦਕਿ ਇਸ ਵੇਲੇ ਇਕ ਲੱਖ ਪਿੱਛੇ 23 ਔਰਤਾਂ ਦੀ ਜਾਨ ਜਾ ਰਹੀ ਹੈ। ਬੀ.ਸੀ. ਦੀ ਮੈਂਟਲ ਹੈਲਥ ਅਤੇ ਐਡਿਕਸ਼ਨਜ਼ ਮਾਮਲਿਆਂ ਬਾਰੇ ਮੰਤਰੀ ਜੈਨੀਫਰ ਵਾਈਟਸਾਈਡ ਵੱਲੋਂ ਤਾਜ਼ਾ ਅੰਕੜਿਆਂ ਨੂੰ ਖ਼ਤਰਨਾਕ ਕਰਾਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਤੋਂ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਸੰਪਰਕ ਦੇ ਵਧੇਰੇ ਤਰੀਕਿਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ ਤਾਂਕਿ ਜ਼ਰੂਰਤ ਮਹਿਸੂਸ ਹੋਣ ‘ਤੇ ਲੋਕਾਂ ਦੀ ਸੰਭਾਲ ਕੀਤੀ ਜਾ ਸਕੀ।

ਸੂਬੇ ਵਿਚ ਅੱਠ ਸਾਲ ਪਹਿਲਾਂ ਪਬਲਿਕ ਹੈਲਥ ਐਮਰਜੈਂਸੀ ਐਲਾਨੇ ਜਾਣ ਮਗਰੋਂ ਤਕਰੀਬਨ 15 ਹਜ਼ਾਰ ਜਾਨਾਂ ਜਾ ਚੁੱਕੀਆਂ ਹਨ। ਇਥੇ ਦੱਸਣਾ ਬਣਦਾ ਹੈ ਕਿ ਬ੍ਰਿਟਿਸ਼ ਕੋਲੰਬੀਆ ਕੌਰੋਨਰਜ਼ ਸਰਵਿਸ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਪ੍ਰੈਲ ਮਹੀਨੇ ਦੌਰਾਨ 182 ਜਣਿਆਂ ਦੀ ਮੌਤ ਹੋਈ ਅਤੇ ਇਹ ਅੰਕੜਾ ਅਪ੍ਰੈਲ 2023 ਦੇ ਮੁਕਾਬਲੇ 24 ਫ਼ੀਸਦੀ ਘੱਟ ਬਣਦਾ ਹੈ।

ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਕੁਝ ਲੋਕ ਓਵਰਡੋਜ਼ ਦੇ ਅਸਰ ਤੋਂ ਬਚ ਜਾਂਦੇ ਹਨ ਪਰ ਦਿਮਾਗ ਨੂੰ ਐਨਾ ਜ਼ਿਆਦਾ ਨੁਕਸਾਨ ਪੁੱਜਦਾ ਹੈ ਕਿ ਸਬੰਧਤ ਸ਼ਖਸ ਦੀ ਜ਼ਿੰਦਗੀ ਬਦਲ ਜਾਂਦੀ ਹੈ। ਪਿਛਲੇ ਸਾਲ 612 ਮਰੀਜ਼ ਅਜਿਹੇ ਰਹੇ ਜਿਨ੍ਹਾਂ ਨੂੰ 10 ਵਾਰ ਤੋਂ ਵੱਧ ਐਮਰਜੈਂਸੀ ਰੂਮ ਜਾਣਾ ਪਿਆ ਜਦਕਿ ਇਕ ਸ਼ਖਸ 180 ਵਾਰ ਐਮਰਜੈਂਸੀ ਰੂਮ ਗਿਆ।

ਮਈ ਅਤੇ ਜੂਨ ਦੌਰਾਨ ਜਾਨ ਗਵਾਉਣ ਵਾਲਿਆਂ ਵਿਚੋਂ ਅੱਧੇ 30 ਸਾਲ ਤੋਂ 49 ਸਾਲ ਉਮਰ ਵਾਲੇ ਸਨ। ਮੌਜੂਦਾ ਵਰ੍ਹੇ ਦੌਰਾਨ 72 ਫੀਸਦੀ ਪੁਰਸ਼ਾਂ ਨੇ ਜਾਨ ਗਵਾਈ ਜਦਕਿ ਔਰਤਾਂ ਦੀ ਗਿਣਤੀ 28 ਫੀਸਦੀ ਦਰਜ ਕੀਤੀ ਗਈ। ਸਭ ਤੋਂ ਜ਼ਿਆਦਾ ਜਾਨੀ ਨੁਕਸਾਨ ਫੈਂਟਾਨਿਲ ਕਰ ਕੇ ਹੋਇਆ ਅਤੇ 82 ਫੀਸਦੀ ਟੈਸਟਾਂ ਵਿਚ ਇਹ ਨਸ਼ਾ ਮਿਲਿਆ। ਹੈਰਾਨੀ ਇਸ ਗੱਲ ਦੀ ਹੈ ਕਿ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਘੱਟੋ ਘੱਟ ਉਮਰ 10 ਸਾਲ ਤੱਕ ਪੁੱਜ ਚੁੱਕੀ ਹੈ ਜਦਕਿ 59 ਸਾਲ ਦੀ ਉਮਰ ਵਾਲੇ ਵੀ ਇਸ ਖਤਰੇ ਦੇ ਘੇਰੇ ਵਿਚ ਆਉਂਦੇ ਹਨ।

Related Articles

Latest Articles