ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਚਿਲੀਵੈਕ ਸ਼ਹਿਰ ਵਿਚ ਮੰਗਲਵਾਰ 25 ਨਵੰਬਰ ਨੂੰ ਸੜਕ ਹਾਦਸੇ ਦੌਰਾਨ ਇੱਕ 63 ਸਾਲਾ ਔਰਤ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਔਰਤ ਵੇਡਰ ਰੋਡ ਉੱਤੇ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਪੁਲਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਇਹ ਘਟਨਾ ਸ਼ਾਮ ਕਰੀਬ 4 ਵਜੇ 22 ਮਿੰਟ ਦੇ ਆਸ ਪਾਸ ਵੇਡਰ ਰੋਡ ਅਤੇ ਲੱਕਾਕੱਕ ਰੋਡ ਦੇ ਚੌਰਾਹੇ ਤੋਂ ਕੁਝ ਉੱਤਰ ਵੱਲ ਵਾਪਰੀ। ਬੁਧਵਾਰ 26 ਨਵੰਬਰ ਨੂੰ Chilliwack RCMP ਵੱਲੋਂ ਹਾਦਸੇ ਸਬੰਧੀ ਅਪਡੇਟ ਜਾਰੀ ਕਰਦਿਆਂ ਦੱਸਿਆ ਗਿਆ ਕਿ 63 ਸਾਲਾ ਮਰਦ 2007 ਮਾਡਲ ਦੀ GMC Sierra ਚਲਾ ਰਿਹਾ ਸੀ ਜਦੋਂ ਉਸ ਦਾ ਵਾਹਨ ਸੜਕ ਪਾਰ ਕਰ ਰਹੀ ਮਹਿਲਾ ਨਾਲ ਟਕਰਾ ਗਿਆ। ਪੁਲਿਸ ਨੇ ਦੱਸਿਆ ਕਿ ਮਹਿਲਾ ਪਹਿਲਾਂ ਸੜਕ ਦਾ ਅੱਧਾ ਹਿੱਸਾ ਪਾਰ ਕਰ ਚੁੱਕੀ ਸੀ ਅਤੇ ਕੇਂਦਰੀ ਮੀਡਿਅਨ ਉੱਤੇ ਖੜੀ ਸੀ, ਪਰ ਅੱਗੇ ਵਧਣ ਦੀ ਬਜਾਏ ਉਹ ਅਚਾਨਕ ਮੁੜ ਦੱਖਣ ਵੱਲ ਆ ਰਹੀਆਂ ਲੇਨਾਂ ਵਿਚ ਪੈ ਗਈ।
ਪੁਲਿਸ ਮੁਤਾਬਕ ਜਿਵੇਂ ਹੀ ਟੱਕਰ ਹੋਈ, ਤੁਰੰਤ ਹੀ ਵਾਹਨ ਚਾਲਕ ਅਤੇ ਮੌਕੇ ਉੱਤੇ ਮੌਜੂਦ ਗਵਾਹ ਰੁਕ ਗਏ ਅਤੇ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ ਗਿਆ। ਕੁਝ ਮਿੰਟਾਂ ਵਿਚ ਹੀ ਪੁਲਿਸ, ਅੱਗ ਬੁਝਾਉ ਦਲ ਅਤੇ ਐਂਬੂਲੈਂਸ ਕਰਮਚਾਰੀ ਮੌਕੇ ਉੱਤੇ ਪਹੁੰਚ ਗਏ। ਗੰਭੀਰ ਜ਼ਖ਼ਮੀ ਹੋ ਚੁੱਕੀ ਮਹਿਲਾ ਨੂੰ ਮੌਕੇ ਉੱਤੇ ਹੀ ਤੁਰੰਤ ਮੈਡੀਕਲ ਸਹਾਇਤਾ ਦਿਤੀ ਗਈ, ਪਰ ਡਾਕਟਰਾਂ ਅਤੇ ਪੈਰਾਮੈਡਿਕਸ ਦੇ ਹਰ ਤਰ੍ਹਾਂ ਦੇ ਯਤਨਾਂ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ ਅਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਪੁਲਿਸ ਜਾਂਚ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਹੁਣ ਤੱਕ ਦੀ ਜਾਂਚ ਦੌਰਾਨ ਐਸਾ ਕੋਈ ਵੀ ਸਬੂਤ ਸਾਹਮਣੇ ਨਹੀਂ ਆਇਆ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਹਾਦਸੇ ਵਿਚ ਵਾਹਨ ਦੀ ਤੇਜ਼ ਰਫ਼ਤਾਰ, ਸ਼ਰਾਬ ਦੀ ਵਰਤੋਂ ਜਾਂ ਡਰਾਇਵਰ ਦੀ ਲਾਪਰਵਾਹੀ ਕੋਈ ਵੱਡਾ ਕਾਰਨ ਬਣੀ ਹੋਵੇ। ਪੁਲਿਸ ਵੱਲੋਂ ਹਾਦਸੇ ਨੂੰ ਗੰਭੀਰਤਾ ਨਾਲ ਜਾਂਚਿਆ ਜਾ ਰਿਹਾ ਹੈ ਤਾਂ ਜੋ ਸਹੀ ਕਾਰਨਾਂ ਦਾ ਪੂਰਾ ਪਤਾ ਲਗਾਇਆ ਜਾ ਸਕੇ। ਇਸ ਹਾਦਸੇ ਤੋਂ ਬਾਅਦ ਮੌਕਾ ਵੇਖ ਕੇ ਕੋਰੋਨਰ ਦੀ ਟੀਮ ਵੀ ਉੱਥੇ ਪਹੁੰਚੀ ਅਤੇ ਨਾਲ ਹੀ Integrated Collision Analysis and Reconstruction Service ਦੀ ਟੀਮ ਨੇ ਵੀ ਹਾਦਸੇ ਦੀ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਨੇ ਇਹ ਵੀ ਸਪਸ਼ਟ ਕੀਤਾ ਕਿ ਸ਼ੁਰੂਆਤੀ ਰਿਪੋਰਟਾਂ ਵਿਚ ਇਹ ਕਿਹਾ ਜਾ ਰਿਹਾ ਸੀ ਕਿ ਹਾਦਸੇ ਵਿਚ ਕੋਈ ਵੱਡਾ ਸੈਮੀ ਟਰੱਕ ਸ਼ਾਮਲ ਸੀ, ਪਰ ਬਾਅਦ ਦੀ ਜਾਂਚ ਤੋਂ ਇਹ ਗੱਲ ਗਲਤ ਸਾਬਤ ਹੋ ਗਈ। ਹਕੀਕਤ ਵਿਚ ਇਸ ਮੌਤਨਾਕ ਹਾਦਸੇ ਵਿਚ ਕੇਵਲ ਜੀਐਮਸੀ ਸਿਏਰਾ ਪਿਕਅੱਪ ਟਰੱਕ ਹੀ ਸ਼ਾਮਲ ਸੀ।
ਹਾਦਸੇ ਕਾਰਨ Vedder Road ਇੰਟਰਚੇਂਜ ਦੇ ਇੱਕ ਹਿੱਸੇ ਨੂੰ ਅਤੇ ਨਾਲ ਹੀ Highway 1 ਨਾਲ ਜੁੜੇ ਕੁਝ ਰਸਤੇ ਨੂੰ ਕਈ ਘੰਟਿਆਂ ਲਈ ਬੰਦ ਕਰਨਾ ਪਿਆ। ਖ਼ਾਸ ਤੌਰ ਉੱਤੇ ਵੇਡਰ ਰੋਡ ਤੋਂ ਪੂਰਬ ਵੱਲ ਜਾਣ ਵਾਲਾ ਐਗਜਟਿ ਐਮਰਜੈਂਸੀ ਵਾਹਨਾਂ ਅਤੇ ਜਾਂਚ ਕਾਰਵਾਈ ਕਾਰਨ ਸ਼ਾਮ ਕਰੀਬ 8 ਵਜੇ 15 ਮਿੰਟ ਤੱਕ ਬੰਦ ਰਿਹਾ। ਇਸ ਦੌਰਾਨ ਆਮ ਲੋਕਾਂ ਅਤੇ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਬਦਲਵੇਂ ਰਸਤੇ ਵਰਤਣੇ ਪਏ।
ਪੁਲਿਸ ਨੇ ਹਾਦਸੇ ਦੇ ਸਾਰੇ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਘਟਨਾ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਜਾਂ ਕਿਸੇ ਨੇ ਹਾਦਸੇ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਹੋਵੇ ਤਾਂ ਉਹ ਅੱਗੇ ਆ ਕੇ ਪੁਲਿਸ ਨਾਲ ਸਹਿਯੋਗ ਕਰਨ। ਲੋਕ Chilliwack RCMP ਨਾਲ 604 792 4611 ਦੇ ਨੰਬਰ ਉੱਤੇ ਸੰਪਰਕ ਕਰ ਸਕਦੇ ਹਨ ਅਤੇ ਫਾਈਲ ਨੰਬਰ 2025 50265 ਦਾ ਹਵਾਲਾ ਦੇ ਸਕਦੇ ਹਨ।
ਇਸ ਦਰਦਨਾਕ ਹਾਦਸੇ ਨੇ ਇੱਕ ਪਰਿਵਾਰ ਤੋਂ ਉਹਨਾਂ ਦੀ ਮਾਂ, ਪਤਨੀ ਅਤੇ ਦਾਦੀ ਵਰਗਾ ਅਮੋਲਕ ਰਿਸ਼ਤਾ ਖੋਹ ਲਿਆ ਹੈ। ਚਿਲੀਵੈਕ ਵਿਚ ਇਸ ਘਟਨਾ ਤੋਂ ਬਾਅਦ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਲੋਕਾਂ ਵਿਚ ਸੜਕ ਸੁਰੱਖਿਆ ਨੂੰ ਲੈ ਕੇ ਫਿਰ ਗੰਭੀਰ ਚਰਚਾ ਛਿੜ ਗਈ ਹੈ। ਇਹ ਮੌਤ ਇਕ ਵਾਰ ਫਿਰ ਇਹ ਯਾਦ ਦਿਵਾਉਂਦੀ ਹੈ ਕਿ ਸੜਕਾਂ ਉੱਤੇ ਪੈਦਲ ਚੱਲਣ ਵਾਲਿਆਂ ਅਤੇ ਵਾਹਨ ਚਾਲਕਾਂ ਦੋਵਾਂ ਵਲੋਂ ਪੂਰੀ ਜ਼ਿੰਮੇਵਾਰੀ ਨਾਲ ਸਾਵਧਾਨੀ ਜ਼ਰੂਰੀ ਹੈ। This report was written by Divroop Kaur as part of the Local Journalism Initiative.

