Sunday, May 19, 2024

ਗੁਲਾਮ

ਗੋਲਾ ਬਣ ਕੇ ਚੌਧਰ ਕਰੀ ਜਾਂਦਾ,
ਫਿਰੇ ਸਾਂਭੀ ਆਲ ਦੁਆਲ ਕੋਈ।
ਚੁੱਕੀ ਉਨ੍ਹਾਂ ਦੀ ਫਿਰੇ ਝੰਡੀ,
ਵਾਹ ਵਾਸਤਾ ਨਾ ਜਿਨ੍ਹਾਂ ਨਾਲ ਕੋਈ।

ਸਾਲਾ ਬਣਿਆ ਫਿਰੇ ਬਿਗਾਨਿਆਂ ਦਾ,
ਸਕੇ ਆਪਣੇ ਛੱਡ ਕੇ ਭਾਲ਼ ਕੋਈ।
ਫਿਰੇ ਟਟੀਹਰੀ ਜਿਉਂ ਰੱਬ ਠੱਲ੍ਹੀ,
ਬੰਨ੍ਹੀ ਆਕੜਾਂ ਦੀ ਫਿਰੇ ਦਾਲ਼ ਕੋਈ।

ਅੰਦਰੋ ਅੰਦਰੀ ਘੋਲ਼ਦਾ ਵਿਹੁ ਫਿਰੇ,
ਰਹਿੰਦਾ ਗ਼ੁੱਸੇ ‘ਚ ਬੁਣਦਾ ਜਾਲ ਕੋਈ।
ਜਾਵੇ ਜਿਉਂ ਜਿਉਂ ਵਧੀ ਉਮਰ ‘ਭਗਤਾ’,
ਲੱਗਾ ਬੋਲਣ ਵਾਂਗ ਘੁੰਗਰਾਲ਼ ਕੋਈ।

ਬਿਨ ਮੰਗਿਆਂ ਪਿਆ ਸਲਾਹ ਦੇਵੇ,
ਸਮਝੇ ਆਪ ਨੂੰ ਸਲਾਹਕਾਰ ਕੋਈ।
ਭੋਰਾ ਪੁੱਛ ਨਾ ਭਾਅ ਕੌਡੀਆਂ ਦੇ,
ਵੱਡਾ ਬਣਿਆ ਫਿਰੇ ਜ਼ੈਲਦਾਰ ਕੋਈ।

ਲੇਖਕ : ਬਰਾੜ-ਭਗਤਾ ਭਾਈ ਕਾ 1-604-751-1113