Sunday, May 19, 2024

ਜੀ-20 ਸੰਮੇਲਨ ਦੌਰਾਨ ਮਨੁੱਖੀ ਅਧਿਕਾਰਾਂ ਅਤੇ ਮੀਡੀਆ ਦੀ ਅਜ਼ਾਦੀ ਸਬੰਧੀ ਵੀ ਗੱਲਬਾਤ ਕੀਤੀ : ਜੋਅ ਬਾਇਡਨ

ਨਵੀਂ ਦਿੱਲੀ : ਜੀ-20 ਸੰਮੇਲਨ ਦੌਰਾਨ ਭਾਰਤੀ ਮੀਡੀਆ ਸਮੇਤ ਕੌਮਾਂਤਰੀ ਮੀਡੀਆ ਨਾਲ ਪ੍ਰੈੱਸ ਕਾਨਫਰੰਸ ਦੀ ਭਾਰਤ ਵਲੋਂ ਇਜਾਜ਼ਤ ਨਾ ਦੇਣ ਦੀ ਆਲੋਚਨਾ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਆਪਣੀ ਵੀਅਤਨਾਮ ਫੇਰੀ ਦੌਰਾਨ ਮੀਡੀਆ ਨਾਲ ਖੁੱਲ੍ਹ ਕੇ ਗੱਲ ਕੀਤੀ ਅਤੇ ਕਿਹਾ ਕਿ ‘ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਨੇ ਵਿਸ਼ੇਸ਼ ਗੱਲਬਾਤ ਕੀਤੀ ਸੀ। ਇਹਨਾਂ ਵਿੱਚ ਮਨੁੱਖੀ ਅਧਿਕਾਰ ਅਤੇ ਮੀਡੀਆ ਦੀ ਆਜ਼ਾਦੀ ਸ਼ਾਮਲ ਸੀ।
ਜੀ-20 ਸਿਖਰ ਸੰਮੇਲਨ ਬੀਤੇ ਐਤਵਾਰ ਨੂੰ ਭਾਰਤ ਵਿੱਚ ਸਮਾਪਤ ਹੋਇਆ ਸੀ। ਮੀਟਿੰਗ ਵਿੱਚ ਕਈ ਦੇਸ਼ਾਂ ਦੇ ਪ੍ਰਮੁੱਖ ਨੇਤਾਵਾਂ ਨੇ ਹਿੱਸਾ ਲਿਆ ਸੀ। ਵੱਖ-ਵੱਖ ਮੁੱਦਿਆਂ ‘ਤੇ ਸਹਿਮਤੀ ਬਣਾਉਣ ਲਈ ਨੇਤਾਵਾਂ ਵਿਚਕਾਰ ਦੁਵੱਲੀ ਗੱਲਬਾਤ ਵੀ ਕੀਤੀ ਗਈ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਵਿਚਾਲੇ ਵੀ ਦੁਵੱਲੀ ਗੱਲਬਾਤ ਹੋਈ ਸੀ। ਆਪਣੀ ਪਹਿਲੀ ਭਾਰਤ ਫੇਰੀ ਦੌਰਾਨ, ਜੋ ਬਿਡੇਨ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਆਯੋਜਿਤ ਰਾਤ ਦੇ ਖਾਣੇ ਵਿੱਚ ਵੀ ਸ਼ਿਰਕਤ ਕੀਤੀ ਸੀ।
ਰਾਜਧਾਨੀ ਦਿੱਲੀ ਵਿੱਚ ਹੋਏ ਜੀ-20 ਸੰਮੇਲਨ ਦੌਰਾਨ ਕਿਆਸ ਲਗਾਏ ਜਾ ਰਹੇ ਸਨ ਕਿ ਅਮਰੀਕਾ ਵਾਂਗ ਇੱਥੇ ਵੀ ਪੀਐਮ ਮੋਦੀ ਅਤੇ ਜੋ ਬਿਡੇਨ ਪ੍ਰੈਸ ਨਾਲ ਸਾਂਝੀ ਗੱਲਬਾਤ ਕਰਨਗੇ ਪਰ ਅਜਿਹਾ ਨਹੀਂ ਹੋਇਆ। ਪਰ ਜੋ ਬਿਡੇਨ ਨੇ ਆਪਣੀ ਵਿਅਤਨਾਮ ਫੇਰੀ ਦੌਰਾਨ ਕਈ ਮੁੱਦਿਆਂ ‘ਤੇ ਮੀਡੀਆ ਨਾਲ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ‘ਮੈਂ ਮੋਦੀ ਨਾਲ ਮਨੁੱਖੀ ਅਧਿਕਾਰਾਂ ਦੇ ਸਨਮਾਨ ਦੀ ਮਹੱਤਤਾ ਅਤੇ ਇੱਕ ਮਜ਼ਬੂਤ ਅਤੇ ਖੁਸ਼ਹਾਲ ਦੇਸ਼ ਦੇ ਨਿਰਮਾਣ ਵਿੱਚ ਸਿਵਲ ਸੁਸਾਇਟੀ ਅਤੇ ਆਜ਼ਾਦ ਪ੍ਰੈਸ ਦੀ ਅਹਿਮ ਭੂਮਿਕਾ ਬਾਰੇ ਗੱਲ ਕੀਤੀ ਸੀ।’
ਉਨ੍ਹਾਂ ਕਿਹਾ ਕਿ ‘ਮੈਂ ਇਸ ਗੱਲ ‘ਤੇ ਚਰਚਾ ਕੀਤੀ ਹੈ ਕਿ ਅਸੀਂ ਭਾਰਤ ਅਤੇ ਅਮਰੀਕਾ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ।’ ਬਿਡੇਨ ਨੇ ਕਿਹਾ ਕਿ ‘ਅਸੀਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਵੱਲ ਕਦਮ ਚੁੱਕੇ ਹਨ’।
ਪੀਐਮ ਮੋਦੀ ਅਤੇ ਜੋ ਬਿਡੇਨ ਦੀ ਦੁਵੱਲੀ ਗੱਲਬਾਤ ਤੋਂ ਬਾਅਦ ਸ਼ੁੱਕਰਵਾਰ ਨੂੰ ਜਾਰੀ ਸਾਂਝੇ ਬਿਆਨ ਦੇ ਮੁਤਾਬਕ, ਦੋਵਾਂ ਨੇਤਾਵਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਆਜ਼ਾਦੀ, ਲੋਕਤੰਤਰ, ਮਨੁੱਖੀ ਅਧਿਕਾਰ ਅਤੇ ਸਾਰੇ ਨਾਗਰਿਕਾਂ ਲਈ ਬਰਾਬਰ ਮੌਕੇ ਬੇਹੱਦ ਮਹੱਤਵਪੂਰਨ ਹਨ। ਪ੍ਰੈੱਸ ਕਾਨਫਰੰਸ ‘ਚ ਸਵਾਲਾਂ ਦੇ ਜਵਾਬ ਦਿੰਦਿਆਂ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਉਨ੍ਹਾਂ ਦਾ ਮਿਸ਼ਨ ਵੀਅਤਨਾਮ ਅਤੇ ਹੋਰ ਏਸ਼ੀਆਈ ਦੇਸ਼ਾਂ ਨਾਲ ਅਮਰੀਕਾ ਦੇ ਸਬੰਧ ਬਣਾ ਕੇ ਦੁਨੀਆ ਭਰ ਵਿਚ ਬਿਹਤਰ ਮਾਹੌਲ ਬਣਾਉਣਾ ਹੈ, ਜਿਸ ਨਾਲ ਸਥਿਰਤਾ ਅਤੇ ਵਿਕਾਸ ਦੇ ਨਵੇਂ ਰਸਤੇ ਖੁੱਲ੍ਹ ਸਕਦੇ ਹਨ।ਬਿਡੇਨ ਨੇ ਕਿਹਾ ਕਿ ਉਨ੍ਹਾਂ ਨੇ ਨਵੀਂ ਦਿੱਲੀ ਵਿੱਚ ਜੀ-20 ਸੰਮੇਲਨ ਦੌਰਾਨ ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਨਾਲ ਮੁਲਾਕਾਤ ਕੀਤੀ ਅਤੇ ਕਈ ਮੁੱਦਿਆਂ ‘ਤੇ ਚੰਗੀ ਚਰਚਾ ਕੀਤੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ‘ਅਮਰੀਕਾ ਚੀਨ ਨੂੰ ਕੰਟਰੋਲ ਨਹੀਂ ਕਰਨਾ ਚਾਹੁੰਦਾ, ਪਰ ਚੰਗੇ ਸਬੰਧਾਂ ਲਈ ਸਪੱਸ਼ਟ ਜ਼ਮੀਨੀ ਨਿਯਮ ਸਥਾਪਤ ਕਰਨਾ ਚਾਹੁੰਦਾ ਹੈ’।