Sunday, May 19, 2024

ਯੂਕਰੇਨ ਨੂੰ ਅਮਰੀਕਾ ਤੋਂ ਹੋਰ ਵਧੇਰੇ ਸਹਾਇਤਾ ਮਿਲਣ ਦੀ ਆਸ: ਜ਼ੈਲੇਂਸਕੀ

ਕੀਵ :ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਅਮਰੀਕਾ ਮੁਲਕ ਨੂੰ ਰੂਸ ਖ਼ਿਲਾਫ਼ ਜੰਗ ਜਾਰੀ ਰੱਖਣ ਲਈ ਅਰਬਾਂ ਡਾਲਰ ਦੀ ਹੋਰ ਸਹਾਇਤਾ ਦੇਣ ਦਾ ਆਪਣਾ ਵਾਅਦਾ ਨਿਭਾਏਗਾ। ਉਨ੍ਹਾਂ ਤਿੱਖੇ ਸ਼ਬਦਾਂ ‘ਚ ਕਿਹਾ ਕਿ ਯੂਕਰੇਨ ਜੰਗ ਨਹੀਂ ਹਾਰਨ ਜਾ ਰਿਹਾ ਹੈ। ਸਾਲ ਦੇ ਅਖੀਰ ‘ਚ ਹੋਣ ਵਾਲੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ੈਲੇਂਸਕੀ ਨੇ ਰੂਸ ਦੇ ਮੁੜ ਹਾਵੀ ਹੋਣ ਦੀਆਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਾਲ ਰੂਸ ਆਪਣਾ ਕੋਈ ਵੀ ਟੀਚਾ ਹਾਸਲ ਨਹੀਂ ਕਰ ਸਕਿਆ ਹੈ। ਉਂਜ ਉਨ੍ਹਾਂ ਮੰਨਿਆ ਕਿ ਯੂਕਰੇਨ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਕਾਂਗਰਸ (ਸੰਸਦ) ਦਾ ਇਜਲਾਸ ਯੂਕਰੇਨ ਨੂੰ 61 ਅਰਬ ਡਾਲਰ ਦੀ ਸਹਾਇਤਾ ਦੇਣ ‘ਤੇ ਸਹਮਿਤੀ ਪ੍ਰਗਟਾਏ ਬਿਨਾਂ ਹੀ ਖ਼ਤਮ ਹੋ ਗਿਆ। ਉਧਰ ਅਮਰੀਕੀ ਰੱਖਿਆ ਵਿਭਾਗ ਨੇ ਕਿਹਾ ਕਿ ਕੀਵ ਨੂੰ ਸਹਾਇਤਾ ਦੇਣ ਲਈ ਉਨ੍ਹਾਂ ਕੋਲ ਪੈਸਾ ਨਹੀਂ ਬਚਿਆ ਹੈ। ਯੂਰੋਪੀਅਨ ਯੂਨੀਅਨ ਨੂੰ ਵੀ ਯੂਕਰੇਨ ਨੂੰ ਸਹਾਇਤਾ ਦੇਣ ਲਈ ਕੋਈ ਨਵੀਂ ਯੋਜਨਾ ਘੜਨੀ ਪਵੇਗੀ ਕਿਉਂਕਿ 54.5 ਅਰਬ ਡਾਲਰ ਦੀ ਸਹਾਇਤਾ ਦੇਣ ਦੇ ਫ਼ੈਸਲੇ ‘ਤੇ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਾਨ ਨੇ ਵੀਟੋ ਕਰ ਦਿੱਤਾ ਸੀ। ਵੈਸੇ ਜ਼ੈਲੇਂਸਕੀ ਆਸਵੰਦ ਹੈ ਕਿ ਅਮਰੀਕਾ ਉਸ ਨੂੰ ਨੀਂਵਾ ਨਹੀਂ ਪੈਣ ਦੇਵੇਗਾ। ਉਨ੍ਹਾਂ ਕਿਹਾ ਕਿ ਯੂਕਰੇਨ ਨੂੰ ਨਾਟੋ ‘ਚ ਸ਼ਾਮਲ ਹੋਣ ਦਾ ਅਜੇ ਤੱਕ ਸੱਦਾ ਨਹੀਂ ਮਿਲਿਆ ਹੈ।