Sunday, May 19, 2024

ਜੋਸ਼ ਜਵਾਨੀ ਦਾ

ਕੀ ਤੂਫ਼ਾਨ ਉਠਾਵੇ
ਜੋਸ਼ ਜਵਾਨੀ ਦਾ ।
ਝੱਗ ਵਾਂਗੂੰ ਬਹਿ ਜਾਵੇ
ਜੋਸ਼ ਜਵਾਨੀ ਦਾ ।

ਤੁਹਮਤ ਤਾਅਨੇ,
ਮਿਹਣੇ ਤੇ ਬਦਨਾਮੀ ਜਿਹੇ,
ਕੀ ਕੀ ਚੰਨ ਚੜ੍ਹਾਵੇ
ਜੋਸ਼ ਜਵਾਨੀ ਦਾ ।

ਪੁਚ-ਪੁਚ ਕਰਕੇ ਮਸਾਂ
ਦਿਲਾਈ ਦਿਲੜੀ ਨੂੰ,
ਪੈਂਦਾ ਕਰ ਕਰ ਧਾਵੇ
ਜੋਸ਼ ਜਵਾਨੀ ਦਾ ।

ਸੁੱਕਿਆਂ ਜਾਣ ਨਈਂ ਦਿੰਦਾ
ਵੱਡੇ ਵੱਡਿਆਂ ਨੂੰ,
ਸਾਥੋਂ ਕਿਵੇਂ ਵਿਲਾਵੇ
ਜੋਸ਼ ਜਵਾਨੀ ਦਾ ।

ਜੀਹਨੇ ਡੁਬਣੋਂ ਬਚਣੈਂ
ਅੱਗਿਉਂ ਹਟ ਜਾਵੇ,
ਹੜ੍ਹ ਵਾਂਗੂੰ ਪਿਆ ਆਵੇ
ਜੋਸ਼ ਜਵਾਨੀ ਦਾ ।

ਮੁਰਸ਼ਦ ਹੋਰਾਂ ਪੈਂਖੜ
ਪਾਏ ਹੋਏ ਨੇ,
ਕੀਕਣ ‘ਪਾਲ’ ਵਿਖਾਵੇ
ਜੋਸ਼ ਜਵਾਨੀ ਦਾ ।
ਲੇਖਕ : ਅਸ਼ਰਫ਼ ਪਾਲ