Saturday, May 18, 2024

ਪ੍ਰਤੀ ਲਿਟਰ ਬੋਤਲਬੰਦ ਪਾਣੀ ਵਿੱਚ ਹੁੰਦੇ ਹਨ ਢਾਈ ਲੱਖ ਦੇ ਕਰੀਬ ਨੈਨੋਪਲਾਸਟਿਕ

 

ਨਿਊਯਾਰਕ : ਇੱਕ ਅਧਿਐਨ ‘ਚ ਖੁਲਾਸਾ ਹੋਇਆ ਹੈ ਕਿ ਬੋਤਲਬੰਦ ਪਾਣੀ ‘ਚ ਹਜ਼ਾਰਾਂ ਪਛਾਣੇ ਜਾਣ ਯੋਗ ਤੱਤਾਂ ਦੇ ਨਾਲ ਨਾਲ ਪਹਿਲਾਂ ਤੋਂ ਹੀ ਅਜਿਹੇ ਨਾ ਪਛਾਣੇ ਜਾਣ ਯੋਗ ਢਾਈ ਲੱਖ ਦੇ ਕਰੀਬ ਨੈਨੋਪਲਾਸਟਿਕ ਹੁੰਦੇ ਹਨ ਜੋ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹਨ। ਇਨ੍ਹਾਂ ਨੈਨੋਪਲਾਸਟਿਕ ਦੀ ਗਿਣਤੀ ਪਿਛਲੇ ਅਨੁਮਾਨਾਂ ਨਾਲੋਂ 10 ਤੋਂ ਸੌ ਗੁਣਾ ਵੱਧ ਹੈ। ਹਾਲ ਹੀ ਦੇ ਸਾਲਾਂ ‘ਚ ਇਸ ਗੱਲ ਨੂੰ ਲੈ ਕੇ ਚਿੰਤਾ ਵਧ ਰਹੀ ਹੈ ਕਿ ਮਾਈਕ੍ਰੋਪਲਾਸਟਿਕ ਵਜੋਂ ਜਾਣੇ ਜਾਣ ਵਾਲੇ ਛੋਟੇ ਕਣ ਮੂਲ ਰੂਪ ‘ਚ ਧਰਤੀ ‘ਤੇ ਹਰ ਥਾਂ, ਧਰੁਵੀ ਬਰਫ ਤੋਂ ਲੈ ਕੇ ਮਿੱਟੀ ਤੱਕ, ਪੀਣ ਵਾਲੇ ਪਾਣੀ ਅਤੇ ਭੋਜਨ ਵਿੱਚ ਦਿਖਾਈ ਦੇ ਰਹੇ ਹਨ। ਜਨਰਲ ਪ੍ਰੋਸੀਡਿੰਗਜ਼ ਆਫ ਦਿ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼ ‘ਚ ਪ੍ਰਕਾਸ਼ਿਤ ਅਧਿਐਨ ‘ਚ ਖੋਜਕਾਰਾਂ ਨੇ ਨੈਨੋਪਲਾਸਟਿਕ ‘ਤੇ ਧਿਆਨ ਕੇਂਦਰਿਤ ਕੀਤਾ। ਮਾਈਕ੍ਰੋਪਲਾਸਟਿਕ ਦੇ ਕਣ ਹੋਰ ਵੀ ਜ਼ਿਆਦਾ ਟੁੱਟ ਗਏ ਹਨ। ਪਹਿਲੀ ਵਾਰ ਅਮਰੀਕਾ ‘ਚ ਕੋਲੰਬੀਆ ਯੂਨੀਵਰਸਿਟੀ ਦੀ ਟੀਮ ਨੇ ਨਵੀਂ ਸੋਧੀ ਹੋਈ ਤਕਨੀਕ ਦੀ ਵਰਤੋਂ ਕਰਕੇ ਬੋਤਲਬੰਦ ਪਾਣੀ ‘ਚ ਇਨ੍ਹਾਂ ਸੂਖਮ ਕਣਾਂ ਨੂੰ ਗਿਣਿਆ ਤੇ ਪਛਾਣ ਕੀਤੀ ਹੈ। ਉਨ੍ਹਾਂ ਪਾਇਆ ਕਿ ਔਸਤਨ ਇੱਕ ਲਿਟਰ ਪਾਣੀ ‘ਚ ਤਕਰੀਬਨ 2.40 ਲੱਖ ਪਤਾ ਲਾਉਣ ਯੋਗ ਪਲਾਸਟਿਕ ਦੇ ਟੁੱਕੜੇ ਹੁੰਦੇ ਹਨ ਜੋ ਪਿਛਲੇ ਅਨੁਮਾਨਾਂ ਤੋਂ 10 ਤੋਂ 100 ਗੁਣਾ ਵੱਧ ਹਨ ਤੇ ਇਹ ਮੁੱਖ ਤੌਰ ‘ਤੇ ਵੱਡੇ ਆਕਾਰ ‘ਤੇ ਆਧਾਰਿਤ ਸਨ। ਮਾਈਕ੍ਰੋਪਲਾਸਟਿਕ ਦੇ ਉਲਟ ਨੈਨੋਪਲਾਸਟਿਕਸ ਇੰਨੇ ਛੋਟੇ ਹੁੰਦੇ ਹਨ ਕਿ ਉਹ ਅੰਤੜੀਆਂ ਤੇ ਫੇਫੜਿਆਂ ‘ਚੋਂ ਸਿੱਧੇ ਖੂਨ ਵਿਚ ਰਲ ਸਕਦੇ ਹਨ ਤੇ ਉੱਥੋਂ ਦਿਲ ਤੇ ਦਿਮਾਗ ਸਮੇਤ ਹੋਰ ਅੰਗਾਂ ਤੱਕ ਜਾ ਸਕਦੇ ਹਨ। ਉਹ ਸਰੀਰ ਦੇ ਇਕੱਲੇ-ਇਕੱਲੇ ਸੈੱਲ ‘ਤੇ ਹਮਲਾ ਕਰ ਸਕਦੇ ਹਨ ਅਤੇ ਨਾੜਾਂ ਰਾਹੀਂ ਹੋ ਕੇ ਅਣਜਨਮੇ ਬੱਚੇ ਦੇ ਸਰੀਰ ‘ਚ ਵੀ ਦਾਖਲ ਹੋ ਸਕਦੇ ਹਨ। ਪਰ ਕੀ ਇਹ ਸਿਹਤ ਲਈ ਨੁਕਸਾਨਦੇਹ ਹਨ? ਅਧਿਐਨ ਦੀ ਪ੍ਰਸ਼ੰਸਾ ਕਰਨ ਵਾਲੇ ਬਾਹਰੀ ਮਾਹਰ ਇਸ ਗੱਲ ‘ਤੇ ਸਹਿਮਤ ਹਨ ਕਿ ਪਲਾਸਟਿਕ ਦੇ ਵਧੇ ਸੂਖਮ ਕਣਾਂ ਦੇ ਖ਼ਤਰਿਆਂ ਬਾਰੇ ਇੱਕ ਬੇਚੈਨੀ ਜ਼ਰੂਰ ਹੈ, ਪਰ ਇਸ ਬਾਰੇ ਯਕੀਨੀ ਤੌਰ ‘ਤੇ ਕਹਿਣਾ ਜਲਦਬਾਜ਼ੀ ਹੋਵੇਗੀ। ਡਿਊਕ ਯੂਨੀਵਰਸਿਟੀ ਦੇ ਮੈਡੀਸਨ ਦੇ ਪ੍ਰੋਫੈਸਰ ਅਤੇ ਤੁਲਨਾਤਮਕ ਓਨਕੋਲੋਜੀ ਗਰੁੱਪ ਦੇ ਡਾਇਰੈਕਟਰ ਜੇਸਨ ਸੋਮਰੈਲੀ, ਜੋ ਖੋਜ ਦਾ ਹਿੱਸਾ ਨਹੀਂ ਸਨ, ਨੇ ਕਿਹਾ, ਪਲਾਸਟਿਕ ਤੋਂ ਖ਼ਤਰਾ ਅਜੇ ਆਪਣੇ ਆਪ ਵਿਚ ਇੱਕ ਉਹ ਸਵਾਲ ਹੈ ਜਿਸਦਾ ਜਵਾਬ ਨਹੀਂ ਮਿਲਿਆ ਹੈ। ਮੇਰੇ ਲਈ, ਐਡਿਟਿਵ ਸਭ ਤੋਂ ਵੱਧ ਚਿੰਤਾਜਨਕ ਹਨ। ਅਸੀਂ ਅਤੇ ਹੋਰਾਂ ਨੇ ਦਿਖਾਇਆ ਹੈ ਕਿ ਇਹ ਨੈਨੋਪਲਾਸਟਿਕਸ ਸੈੱਲਾਂ ਵਿੱਚ ਦਾਖ਼ਲ ਹੋ ਸਕਦੇ ਹਨ ਅਤੇ ਅਸੀਂ ਜਾਣਦੇ ਹਾਂ ਕਿ ਨੈਨੋਪਲਾਸਟਿਕਸ ਵਿੱਚ ਹਰ ਕਿਸਮ ਦੇ ਰਸਾਇਣਕ ਐਡਿਟਿਵ ਹੁੰਦੇ ਹਨ ਜੋ ਸੈੱਲਾਂ ਚ ਤਣਾਅ ਕਰ ਸਕਦੇ ਹਨ, ਡੀਐਨਏ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਮੈਟਾਬੋਲਿਜ਼ਮ ਜਾਂ ਸੈੱਲ ਫੰਕਸ਼ਨ ਨੂੰ ਬਦਲ ਸਕਦੇ ਹਨ। ਸੋਮਰੈਲੀ ਨੇ ਕਿਹਾ ਕਿ ਉਹਨਾਂ ਦੀ ਆਪਣੀ, ਅਜੇ ਪ੍ਰਕਾਸ਼ਿਤ ਹੋਣ ਵਾਲੀ, ਖੋਜ ਨੇ ਇਹਨਾਂ ਪਲਾਸਟਿਕਾਂ ਵਿੱਚ 100 ਤੋਂ ਵੱਧ ਕੈਂਸਰ ਪੈਦਾ ਕਰਨ ਵਾਲੇ ਰਸਾਇਣ ਲੱਭੇ ਹਨ। ਟਰਾਂਟੋ ਯੂਨੀਵਰਸਿਟੀ ਦੀ ਜੀਵ-ਵਿਗਿਆਨੀ ਜ਼ੋਈ ਡਾਇਨਾ ਨੇ ਕਿਹਾ ਕਿ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਛੋਟੇ ਕਣ ਵੱਖ-ਵੱਖ ਅੰਗਾਂ ਵਿੱਚ ਦਿਖਾਈ ਦੇ ਸਕਦੇ ਹਨ ਅਤੇ ਖੂਨ-ਦਿਮਾਗ ਦਰਮਿਆਨ ਅਜਿਹੀ ਝਿੱਲੀ ਨੂੰ ਪਾਰ ਕਰ ਸਕਦੇ ਹਨ ਜਿਸਦੇ ਪਾਰ ਉਹ ਨਹੀਂ ਜਾਣੇ ਚਾਹੀਦੇ।