Sunday, May 19, 2024

ਸ਼ਹੀਦ ਭਾਈ ਤਾਰਾ ਸਿੰਘ ‘ਵਾਂ’ | ਜਿਸ ਦੀ ਸ਼ਹਾਦਤ ਨੇ ਸਿੱਖ ਪੰਥ ਨੂੰ ਦੁਬਾਰਾ ਸੰਗਠਿਤ ਕੀਤਾ

 

 

 

ਭਾਈ ਤਾਰਾ ਸਿੰਘ ਪੰਥ ਦੀ ਬਹੁਤ ਮਹਾਨ ਹਸਤੀ ਸੀ। ਉਸ ਦੀ ਬਹਾਦਰੀ ਅਤੇ ਸ਼ਹੀਦੀ ਦੀ ਖ਼ਬਰ ਸੁਣ ਕੇ ਸਿੱਖ ਹਜ਼ਾਰਾਂ ਦੀ ਗਿਣਤੀ ਵਿਚ ਅੰਮ੍ਰਿਤਸਰ ਆਣ ਇਕੱਠੇ ਹੋਏ। ਗੁਰਮਤਾ ਕੀਤਾ ਗਿਆ ਕਿ ਜਥੇ ਬਣਾ ਕੇ ਸਾਰੇ ਪੰਜਾਬ ਵਿਚ ਜ਼ਾਲਮ ਹਕੂਮਤ ਦਾ ਸਾਹ ਤੰਗ ਕਰ ਦਿਤਾ ਜਾਵੇ। ਭਾਈ ਤਾਰਾ ਸਿੰਘ ਦੀ ਬਹਾਦਰੀ ਤੋਂ ਪ੍ਰੇਰਨਾ ਲੈ ਕੇ ਸਿੱਖਾਂ ਨੇ ਉਹ ਨਿਧੜਕ ਸੰਘਰਸ਼ ਸ਼ੁਰੂ ਕੀਤਾ ਜੋ ਸਿੱਖ ਰਾਜ ਦੀ ਪ੍ਰਾਪਤੀ ਦਾ ਸਬੱਬ ਬਣਿਆ। ਸ਼ਹੀਦ ਦੀ ਯਾਦ ਵਿਚ ਪਿੰਡ ‘ਵਾਂ’ ਵਿਖੇ ਬਹੁਤ ਸ਼ਾਨਦਾਰ ਗੁਰਦਵਾਰਾ ਬਣਿਆ ਹੋਇਆ ਹੈ। ਭਾਈ ਤਾਰਾ ਸਿੰਘ ਦੇ ਖ਼ਾਨਦਾਨ ਦੇ ਲੋਕ ਪਹਿਲਾਂ ਬੀਕਾਨੇਰ ਚਲੇ ਗਏ ਸਨ ਅਤੇ ਹੁਣ ਕਰਤਾਰਪੁਰ ਦੇ ਨਜ਼ਦੀਕ ਪਿੰਡ ਬੁਟਰਾਂ ਵਾਲੀ ‘ਵਾਂ’ ਵਿਖੇ ਵੱਸੇ ਹੋਏ ਹਨ। ਭਾਈ ਤਾਰਾ ਸਿੰਘ ਦੀ ਯਾਦ ਵਿਚ ਹਰ ਸਾਲ 22 ਫੱਗਣ ਨੂੰ ਪਿੰਡ ਵਿਚ ਵੱਡੀ ਪੱਧਰ ਤੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ।

19 ਜੂਨ 1716 ਈ. ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਈ ਸੀ। ਇਹ ਪੰਥ ਵਾਸਤੇ ਬਹੁਤ ਗੰਭੀਰ ਨੁਕਸਾਨ ਸੀ। ਇੱਕੋ ਝਟਕੇ ਨਾਲ ਪੰਜਾਬ ਭਰ ਵਿਚੋਂ ਸਿੱਖਾਂ ਦੀ ਤਾਕਤ ਖ਼ਤਮ ਕਰ ਦਿਤੀ ਗਈ। ਕੋਈ ਹੋਰ ਕੌਮ ਹੁੰਦੀ ਤਾਂ ਅਜਿਹੀ ਮਾਰੂ ਸੱਟ ਤੋਂ ਬਾਅਦ ਮੁੜ ਉਠਣ ਜੋਗੀ ਨਾ ਰਹਿੰਦੀ। ਬਾਦਸ਼ਾਹ ਫਰਖਸੀਅਰ ਨੇ ਸੂਬੇਦਾਰ ਅਬਦੁਲ ਸਮੱਦ ਖ਼ਾਨ ਨੂੰ ਸਖ਼ਤ ਹੁਕਮ ਭੇਜੇ ਕਿ ਸਿੱਖਾਂ ਦਾ ਖੁਰਾ-ਖੋਜ ਮਿਟਾ ਦਿਤਾ ਜਾਵੇ। ਨਤੀਜਤਨ ਹਜ਼ਾਰਾਂ ਸਿੱਖ ਤਲਵਾਰ ਦੀ ਧਾਰ ਲੰਘਾ ਦਿਤੇ ਗਏ। ਬਚੇ-ਖੁਚੇ ਸਿੱਖਾਂ ਨੇ ਮਾਲਵੇ ਦੇ ਜੰਗਲਾਂ ਅਤੇ ਰਾਜਸਥਾਨ ਦੇ ਰੇਤ ਦੇ ਟੀਲਿਆਂ ਵਿਚ ਜਾ ਪਨਾਹ ਲਈ। ਡੇਢ ਦੋ ਸਾਲ ਸਖ਼ਤੀ ਦਾ ਦੌਰ ਚਲਦਾ ਰਿਹਾ, ਫਿਰ ਅਬਦੁਲ ਸਮੱਦ ਖ਼ਾਨ ਹੋਰ ਝਗੜਿਆਂ ਵਿਚ ਉਲਝ ਗਿਆ। ਦੁਆਬੇ ਵਿਚ ਈਸਾ ਖਾਨ ਮੰਝ ਅਤੇ ਕਸੂਰ ਵਿਚ ਹੁਸੈਨ ਖ਼ਾਨ ਖੇਸ਼ਗੀ ਨੇ ਬਗ਼ਾਵਤ ਕਰ ਦਿਤੀ। 1726 ਵਿਚ ਦਿੱਲੀ ਦੇ ਵਜ਼ੀਰ ਕਮਰੁਦੀਨ ਨੇ ਖ਼ਰਾਬ ਪ੍ਰਬੰਧਾਂ ਦਾ ਇਲਜ਼ਾਮ ਲਾ ਕੇ ਅਬਦੁਲ ਸਮੱਦ ਖ਼ਾਨ ਨੂੰ ਮੁਲਤਾਨ ਦਾ ਅਤੇ ਉਸ ਦੇ ਪੁੱਤਰ ਜ਼ਕਰੀਆ ਖ਼ਾਨ (ਜੋ ਕਮਰੁਦੀਨ ਦਾ ਜੀਜਾ ਸੀ) ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰ ਦਿਤਾ।ਇਨ੍ਹਾਂ 8-10 ਸਾਲਾਂ ਵਿਚ ਸਿੱਖਾਂ ਨੂੰ ਕੁੱਝ ਸਾਹ ਮਿਲ ਗਿਆ। ਆਪਸੀ ਝਗੜਿਆਂ ਕਾਰਨ ਹਕੂਮਤ ਦਾ ਵੀ ਧਿਆਨ ਸਿੱਖਾਂ ਵਲੋਂ ਹਟ ਗਿਆ। ਉਹ ਵਾਪਸ ਆ ਕੇ ਪਿੰਡਾਂ ਵਿਚ ਸ਼ਾਂਤੀ ਨਾਲ ਵਾਹੀ-ਜੋਤੀ ਕਰਨ ਲੱਗ ਗਏ। ਪਰ ਬਾਬਾ ਬੰਦਾ ਬਹਾਦਰ ਅਧੀਨ ਵੇਖੀ ਅਜ਼ਾਦੀ ਉਨ੍ਹਾਂ ਨੂੰ ਭੁੱਲੀ ਨਹੀਂ ਸੀ। ਉਹ ਮੁੜ ਸੰਗਠਤ ਹੋਣ ਲੱਗ ਪਏ। ਉਨ੍ਹਾਂ ਦਿਨਾਂ ਵਿਚ ਹੀ ਭਾਈ ਤਾਰਾ ਸਿੰਘ ‘ਵਾਂ’ ਦੀ ਸ਼ਹੀਦੀ ਹੋਈ ਜਿਸ ਨੇ ਪੰਥ ਉਤੇ ਜ਼ਬਰਦਸਤ ਚਮਤਕਾਰੀ ਪ੍ਰਭਾਵ ਪਇਆ।

ਭਾਈ ਤਾਰਾ ਸਿੰਘ ਦਾ ਜਨਮ ਪਿੰਡ ‘ਵਾਂ’ ਵਿਖੇ ਸ. ਗੁਰਦਾਸ ਸਿੰਘ ਦੇ ਘਰ 1687 ਵਿਚ ਹੋਇਆ ਸੀ। ਇਹ ਪਿੰਡ ਪਹਿਲਾਂ ਜ਼ਿਲ੍ਹਾ ਲਾਹੌਰ ਅਤੇ ਹੁਣ ਥਾਣਾ ਖਾਲੜਾ ਜ਼ਿਲ੍ਹਾ ਤਰਨ ਤਾਰਨ ਵਿਚ ਪੈਂਦਾ ਹੈ। ਉਸ ਨੇ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਛਕਿਆ ਸੀ। ਉਸ ਦਾ ਜੀਵਨ ਬਹੁਤ ਹੀ ਪਵਿੱਤਰ ਅਤੇ ਉੱਚ ਕੋਟੀ ਦਾ ਸੀ। ਪੰਥ ਵਿਚ ਉਸ ਨੂੰ ਤੇਗਧਾਰੀ ਸੰਤ ਹੋਣ ਕਰ ਕੇ ਅਤਿਅੰਤ ਮਾਣ ਸਤਿਕਾਰ ਦਿਤਾ ਜਾਂਦਾ ਸੀ। ਉਹ ਸਿਮਰਨ ਦੇ ਨਾਲ ਨਾਲ ਕਿਰਤ ਕਰਦਾ ਅਤੇ ਵੰਡ ਕੇ ਛਕਦਾ ਸੀ। ਜੰਗੀ ਸਿੰਘਾਂ ਦੇ ਜਥੇ ਉਸ ਕੋਲ ਗਾਹੇ ਬਗਾਹੇ ਚੱਕਰ ਮਾਰਦੇ ਰਹਿੰਦੇ ਸਨ।ਨੌਸ਼ਹਿਰੇ ਪਿੰਡ (ਪਹਿਲਾਂ ਲਾਹੌਰ, ਹੁਣ ਜ਼ਿਲ੍ਹਾ ਤਰਨ ਤਾਰਨ) ਵਿਚ ਕੁੱਝ ਸਿੱਖ ਖੇਤੀਬਾੜੀ ਕਰਦੇ ਸਨ। ਪਿੰਡ ਦਾ ਹੰਕਾਰਿਆ ਚੌਧਰੀ ਸਾਹਿਬ ਰਾਏ ਜਾਣਬੁੱਝ ਕੇ ਉਨ੍ਹਾਂ ਦੇ ਖੇਤਾਂ ਵਿਚ ਅਪਣੀਆਂ ਘੋੜੀਆਂ ਚਰਨ ਲਈ ਛੱਡ ਦੇਂਦਾ ਸੀ। ਕਈ ਵਾਰ ਬੇਨਤੀਆਂ ਕਰਨ ਤੇ ਵੀ ਚੌਧਰੀ ਉਤੇ ਕੋਈ ਅਸਰ ਨਾ ਹੋਇਆ ਸਗੋਂ ਇਕ ਦਿਨ ਖਿਝ ਕੇ ਬੋਲਿਆ, ”ਮੈਂ ਤੁਹਾਡੇ ਸਿਰਾਂ ਦੇ ਕੇਸ ਵੱਢ ਕੇ ਰੱਸੇ ਬਣਾਵਾਂਗਾ ਤਾਂ ਘੋੜੀਆਂ ਬੱਝਣਗੀਆਂ। ਉਦੋਂ ਤਕ ਖੁਲ੍ਹੀਆਂ ਹੀ ਫਿਰਨਗੀਆਂ।” ਚੌਧਰੀ ਦੇ ਕੁਬੋਲ ਸੁਣ ਕੇ ਸਿੱਖਾਂ ਦੇ ਤਨ-ਬਦਨ ਨੂੰ ਅੱਗ ਲੱਗ ਗਈ। ਉਹ ਫ਼ਸਲ ਦਾ ਉਜਾੜਾ ਤਾਂ ਝੱਲ ਗਏ ਪਰ ਧਰਮ ਦੀ ਬੇਇੱਜ਼ਤੀ ਬਰਦਾਸ਼ਤ ਨਾ ਕਰ ਸਕੇ। ਉਨ੍ਹਾਂ ਨੇ ਪਿੰਡ ਭੁੱਸੇ ਦੇ ਅਮਰ ਸਿੰਘ ਅਤੇ ਬਘੇਲ ਸਿੰਘ ਢਿੱਲੋਂ ਨੂੰ ਕਹਿ ਕੇ ਚੌਧਰੀ ਦੀਆਂ ਘੋੜੀਆਂ ਬਾਹਰੋਂ ਚਰਦੀਆਂ ਫੜਾ ਦਿਤੀਆਂ। ਉਨ੍ਹਾਂ ਨੇ ਘੋੜੀਆਂ ਮਾਲਵੇ ਵਿਚ ਵੇਚ ਕੇ ਪੈਸੇ ਭਾਈ ਤਾਰਾ ਦੇ ਲੰਗਰ ਵਿਚ ਜਾ ਪਾਏ। ਚੌਧਰੀ ਨੇ ਘੋੜੀਆਂ ਦੀ ਸੂਹ ਕੱਢ ਲਈ। ਜਦੋਂ ਉਹ ਬੰਦੇ ਲੈ ਕੇ ਅਮਰ ਸਿੰਘ ਤੇ ਬਘੇਲ ਸਿੰਘ ਨੂੰ ਫੜਨ ਗਿਆ ਤਾਂ ਉਹ ਭੱਜ ਕੇ ਭਾਈ ਤਾਰਾ ਸਿੰਘ ਦੀ ਸ਼ਰਨ ਵਿਚ ਚਲੇ ਗਏ।ਚੌਧਰੀ ਵੀ ਮਗਰੇ ਮਗਰ ਡੇਰੇ ਪਹੁੰਚ ਗਿਆ। ਉਸ ਨੇ ਭਾਈ ਤਾਰਾ ਸਿੰਘ ਤੋਂ ਅਮਰ ਸਿੰਘ ਅਤੇ ਬਘੇਲ ਸਿੰਘ ਮੰਗੇ ਅਤੇ ਆਦਤ ਮੁਤਾਬਕ ਧਮਕਾਉਣ ਲੱਗਾ। ਭਾਈ ਸਾਹਿਬ ਨੇ ਜਵਾਬ ਦਿਤਾ ਕਿ ਇਥੇ ਕੋਈ ਚੋਰ ਨਹੀਂ ਰਹਿੰਦਾ। ਅਪਣੀ ਕਿਰਤ ਕਰ ਕੇ ਖਾਣ ਵਾਲੇ ਚੋਰ ਨਹੀਂ ਹੁੰਦੇ ਸਗੋਂ ਚੋਰ ਉਹ ਹੈ ਜੋ ਲੋਕਾਂ ਦੇ ਖੇਤ ਚਾਰਦਾ ਹੈ। ਚੌਧਰੀ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ। ਉਸ ਨੇ ਸੜ-ਬਲ ਕੇ ਕਿਹਾ ਕਿ ਜੇ ਮੇਰੇ ਦੋਸ਼ੀ ਨਹੀਂ ਦਿਉਗੇ ਤਾਂ ਮੈਂ ਜੁੱਤੀ ਨਾਲ ਲੈ ਜਾਵਾਂਗਾ। ਭਾਈ ਸਾਹਿਬ ਨੇ ਉੱਤਰ ਦਿਤਾ ਕਿ ਜੋ ਭਲੇਮਾਣਸਾਂ ਨੂੰ ਜੁੱਤੀਆਂ ਵਿਖਾਉਂਦਾ ਹੈ, ਉਹ ਆਪ ਜੁੱਤੀਆਂ ਖਾ ਕੇ ਜਾਂਦਾ ਹੈ। ਇਸ਼ਾਰਾ ਸਮਝ ਕੇ ਕੋਲ ਖੜੇ ਇਕ ਸਿੰਘ ਨੇ ਚੌਧਰੀ ਨੂੰ ਪੰਜ-ਸੱਤ ਜੁੱਤੀਆਂ ਮਾਰ ਦਿਤੀਆਂ। ਜੁੱਤੀਆਂ ਖਾ ਕੇ ਰੋਂਦਾ-ਧੋਂਦਾ ਚੌਧਰੀ ਪੱਟੀ ਦੇ ਫ਼ੌਜਦਾਰ ਜਾਫ਼ਰ ਬੇਗ ਕੋਲ ਜਾ ਪਿਟਿਆ। ਜਾਫ਼ਰ ਬੇਗ 200 ਪੈਦਲ ਤੇ 100 ਸਵਾਰ ਲੈ ਕੇ ਤੜਕੇ ਹੀ ‘ਵਾਂ’ ਪਿੰਡ ਤੇ ਚੜ੍ਹ ਆਇਆ। ਬਘੇਲ ਸਿੰਘ ਬਾਹਰ ਜੰਗਲ ਵਲ ਜਾ ਰਿਹਾ ਸੀ। ਘੋੜਿਆਂ ਦੇ ਸੁੰਮਾਂ ਦੀ ਅਵਾਜ਼ ਸੁਣ ਕੇ ਉਸ ਨੇ ਜੈਕਾਰਾ ਗਜਾਇਆ ਅਤੇ ਬਰਛਾ ਸੂਤ ਕੇ ਮੁਕਾਬਲੇ ਲਈ ਤਿਆਰ ਹੋ ਗਿਆ। ਸਾਹਿਬ ਰਾਏ ਨੇ ਅਵਾਜ਼ ਪਛਾਣ ਕੇ ਫ਼ੌਜਦਾਰ ਨੂੰ ਕਿਹਾ ਕਿ ਇਹੀ ਹੈ ਬਘੇਲ ਸਿੰਘ, ਮੇਰੀਆਂ ਘੋੜੀਆਂ ਦਾ ਚੋਰ। ਫ਼ੌਜ ਨੇ ਬਘੇਲ ਸਿੰਘ ਨੂੰ ਘੇਰ ਲਿਆ ਅਤੇ ਉਹ ਸੂਰਮਿਆਂ ਵਾਂਗ ਜੂਝ ਕੇ ਸ਼ਹੀਦ ਹੋਇਆ।

ਬੁੰਗੇ ਵਿਚ ਉਸ ਵੇਲੇ 22 ਕੁ ਸਿੰਘ ਸਨ। ਬੰਦੂਕਾਂ ਦੀ ਅਵਾਜ਼ ਸੁਣ ਕੇ ਉਹ ਸਾਰੇ ਮੈਦਾਨ ਵਿਚ ਆਣ ਡਟੇ। ਪਹਿਲੇ ਹੱਲੇ ਹੀ ਸ਼ਾਹੀ ਫ਼ੌਜ ਦਸ ਬਾਰਾਂ ਬੰਦੇ ਮਰਵਾ ਕੇ ਪਿੱਛੇ ਨੂੰ ਉੱਠ ਨੱਸੀ। ਮਰਨ ਵਾਲਿਆਂ ਵਿਚ ਫ਼ੌਜਦਾਰ ਦਾ ਭਰਾ ਅਤੇ ਭਤੀਜਾ ਵੀ ਸ਼ਾਮਲ ਸਨ। ਫ਼ੌਜਦਾਰ ਲਾਹੌਰ ਸੂਬੇਦਾਰ ਜ਼ਕਰੀਆ ਖ਼ਾਨ ਕੋਲ ਜਾ ਪਿਟਿਆ। ਸੂਬੇਦਾਰ ਤਾਂ ਅਜਿਹੇ ਮੌਕੇ ਭਾਲਦਾ ਰਹਿੰਦਾ ਸੀ। ਉਸ ਨੇ ਅਪਣੇ ਨਾਇਬ ਮੋਮਨ ਖ਼ਾਨ ਨੂੰ ਚੜ੍ਹਾਈ ਕਰਨ ਦਾ ਹੁਕਮ ਦੇ ਦਿਤਾ। ਮੋਮਨ ਖ਼ਾਨ 2200 ਸਵਾਰ, 5 ਹਾਥੀ ਅਤੇ 40 ਜੰਬੂਰਚੇ ਲੈ ਕੇ ਭਾਈ ਤਾਰਾ ਸਿੰਘ ਨੂੰ ਕਾਬੂ ਕਰਨ ਲਈ ਨਿਕਲ ਪਿਆ। ਲਾਹੌਰ ਦੇ ਸਿੱਖਾਂ ਨੇ ਇਕ ਸੂਹੀਏ ਹੱਥ ਸਾਰੀ ਸੂਚਨਾ ਭਾਈ ਤਾਰਾ ਸਿੰਘ ਕੋਲ ਪਹੁੰਚਾ ਦਿਤੀ ਅਤੇ ਨਾਲੇ ਕਹਿ ਭੇਜਿਆ ਕਿ ਕੁੱਝ ਦਿਨ ਲਈ ਡੇਰਾ ਛੱਡ ਕੇ ਆਸੇ-ਪਾਸੇ ਹੋ ਜਾਉ। ਭਾਈ ਤਾਰਾ ਸਿੰਘ ਨੇ ਸਿੰਘਾਂ ਨੂੰ ਚਿੱਠੀ ਪੜ੍ਹ ਕੇ ਸੁਣਾ ਦਿਤੀ ਨਾਲੇ ਕਹਿ ਦਿਤਾ ਕਿ ਜੋ ਜਾਣਾ ਚਾਹੁੰਦਾ ਹੈ ਉਹ ਖ਼ੁਸ਼ੀ ਨਾਲ ਜਾ ਸਕਦਾ ਹੈ। ਮੈਂ ਤਾਂ ਇਥੇ ਹੀ ਮੈਦਾਨ ਵਿਚ ਸ਼ਹੀਦੀ ਪ੍ਰਾਪਤ ਕਰਾਂਗਾ। ਡੇਰੇ ਵਿਚੋਂ ਕਿਸੇ ਨੇ ਤਾਂ ਕੀ ਜਾਣਾ ਸੀ ਸਗੋਂ ਸ਼ਹੀਦੀ ਗਾਨੇ ਬੰਨ੍ਹ ਕੇ 30-40 ਸਿੰਘ ਹੋਰ ਪਹੁੰਚ ਗਏ।ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੰਗਾਂ ਤੋਂ ਬਾਅਦ ਸਿੱਖਾਂ ਅਤੇ ਮੁਗਲਾਂ ਦਰਮਿਆਨ ਹੋਣ ਵਾਲੀ ਇਹ ਪਹਿਲੀ ਵੱਡੀ ਅਤੇ ਸਿੱਧੀ ਲੜਾਈ ਸੀ। ਸਾਰੇ ਸਿੰਘ ਮੋਰਚਾਬੰਦੀ ਕਰ ਕੇ ਸ਼ਾਹੀ ਫੌਜ ਦੀ ਉਡੀਕ ਕਰਨ ਲੱਗੇ। ਜਦੋਂ ਮੋਮਨ ਖ਼ਾਨ ਦੀਆਂ ਫ਼ੌਜਾਂ ਮਾਰ ਹੇਠ ਆਈਆਂ ਸਿੰਘਾਂ ਨੇ ਤੀਰ ਅਤੇ ਗੋਲੀਆਂ ਵਰਸਾਉਣੀਆਂ ਸ਼ੁਰੂ ਕਰ ਦਿਤੀਆਂ। ਇਕ ਵਾਰ ਤਾਂ ਸ਼ਾਹੀ ਫੌਜ ਡਰ ਗਈ ਕਿ ਸਿੱਖ ਫੌਜ ਦੱਸੀ ਗਈ ਗਿਣਤੀ ਤੋਂ ਵੱਧ ਲਗਦੀ ਹੈ। ਦੋਹਾਂ ਪਾਸਿਆਂ ਤੋਂ ਅੱਗ ਵਰ੍ਹਨ ਲੱਗੀ। ਗੋਲੀ-ਸਿੱਕਾ ਮੁੱਕ ਗਿਆ ਤਾਂ ਸਿੰਘ ਤਲਵਾਰਾਂ ਬਰਛੇ ਸੂਤ ਕੇ ਮੁਗਲਾਂ ਤੇ ਟੁੱਟ ਪਏ। ਸ਼ਾਹੀ ਫ਼ੌਜ ਦੇ ਇਕ ਕਮਾਂਡਰ ਤਕੀ ਬੇਗ ਤੁਰਾਨੀ ਨੇ ਭਾਈ ਤਾਰਾ ਸਿੰਘ ਨੂੰ ਸਾਹਮਣੇ ਵੇਖ ਕੇ ਹਾਥੀ ਉਸ ਵਲ ਵਧਾਇਆ। ਬਰਾਬਰ ਦਾ ਜੋੜ ਵੇਖ ਕੇ ਭਾਈ ਤਾਰਾ ਸਿੰਘ ਨੇ ਵੀ ਉਸ ਵਲ ਘੋੜਾ ਛੇੜਿਆ। ਤਕੀ ਬੇਗ ਨੇ ਤੀਰ ਮਾਰਿਆ ਜੋ ਤਾਰਾ ਸਿੰਘ ਦੀ ਦਸਤਾਰ ਦੇ ਦੁਮਾਲੇ ਵਿਚ ਲੱਗਾ। ਤਕੀ ਬੇਗ ਸੰਜੋਅ ਵਿਚ ਮੜ੍ਹਿਆ ਹੋਇਆ ਸੀ। ਹੋਰ ਕੋਈ ਜਗ੍ਹਾ ਖ਼ਾਲੀ ਨਾ ਵੇਖ ਕੇ ਭਾਈ ਤਾਰਾ ਸਿੰਘ ਨੇ ਉਸ ਦੇ ਮੂੰਹ ਵਿਚ ਬਰਛਾ ਮਾਰ ਦਿਤਾ। ਮਾਰੂ ਫੱਟ ਖਾ ਕੇ ਤਕੀ ਬੇਗ ਪਿਛੇ ਨੂੰ ਭੱਜ ਉੱਠਾ। ਖ਼ੂਨ ਵਗਦਾ ਵੇਖ ਕੇ ਮੋਮਨ ਖ਼ਾਨ ਨੇ ਠੱਠਾ ਕੀਤਾ, ”ਪਾਨ ਖਾ ਰਹੇ ਹੋ ਖ਼ਾਨ ਸਾਹਿਬ?” ਸੜੇ ਬਲੇ ਤਕੀ ਬੇਗ ਨੇ ਮੋੜਵਾਂ ਉੱਤਰ ਦਿਤਾ, ”ਤਾਰਾ ਸਿੰਘ ਬੀੜੇ ਵੰਡ ਰਿਹਾ ਹੈ। ਜ਼ਰਾ ਆਪ ਵੀ ਅੱਗੇ ਹੋ ਕੇ ਲੈ ਲਵੋ।” ਜ਼ਿਆਦਾ ਖ਼ੂਨ ਵਗਣ ਕਾਰਨ ਕੁੱਝ ਦੇਰ ਬਾਅਦ ਤਕੀ ਬੇਗ ਦੀ ਮੌਤ ਹੋ ਗਈ।ਫਿਰ ਮੋਮਨ ਖ਼ਾਨ ਦਾ ਭਤੀਜਾ ਮੁਰੀਦ ਖ਼ਾਨ ਅੱਗੇ ਵਧਿਆ। ਭੀਮ ਸਿੰਘ ਨੇ ਬਰਛੇ ਨਾਲ ਉਸ ਦਾ ਮਹਾਵਤ ਪਰੋ ਦਿਤਾ ਅਤੇ ਕੰਨੋਂ ਪਕੜ ਕੇ ਹਾਥੀ ਬਿਠਾ ਲਿਆ। ਨੇੜੇ ਹੀ ਖੜਾ ਲਖਮੀਰ ਸਿੰਘ ਛਾਲ ਮਾਰ ਕੇ ਹਾਥੀ ਉਤੇ ਚੜ੍ਹ ਗਿਆ ਅਤੇ ਮੁਰੀਦ ਖ਼ਾਨ ਦਾ ਸਿਰ ਧੜ ਤੋਂ ਅਲੱਗ ਕਰ ਦਿਤਾ। ਇਸ ਤੋਂ ਬਾਅਦ ਸ਼ਾਹੀ ਫ਼ੌਜ ਦੇ ਪੂਰਬੀਏ ਅਫ਼ਸਰ ਦਇਆ ਰਾਮ ਅਤੇ ਮਨਸਾ ਰਾਮ ਇਕ ਹਜ਼ਾਰੀ ਅੱਗੇ ਵਧੇ। ਉਹ ਬਹਾਦਰੀ ਨਾਲ ਲੜੇ ਪਰ ਅਮਰ ਸਿੰਘ ਅਤੇ ਕੇਹਰ ਸਿੰਘ ਹੇਰ੍ਹ ਹੱਥੋਂ ਮਾਰੇ ਗਏ। ਦੁਪਹਿਰ ਤਕ ਲੜਾਈ ਅੰਤ ਦੇ ਨੇੜੇ ਪਹੁੰਚ ਚੁੱਕੀ ਸੀ। ਇਕ ਵੀ ਸਿੰਘ ਨੇ ਨਾ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਜਾਨ ਬਖ਼ਸ਼ੀ ਦੀ ਭੀਖ ਮੰਗੀ। ਅੰਤ ਅਨੇਕਾਂ ਵੈਰੀਆਂ ਨੂੰ ਪ੍ਰਲੋਕ ਭੇਜ ਕੇ 22 ਫੱਗਣ (4 ਮਾਰਚ) 1726 ਈ. ਵਾਲੇ ਦਿਹਾੜੇ 39 ਸਾਲ ਦੀ ਉਮਰ ਵਿਚ ਗੁਰੂ ਕਾ ਲਾਲ ਭਾਈ ਤਾਰਾ ਸਿੰਘ ‘ਵਾਂ’ ਸਾਥੀਆਂ ਸਮੇਤ ਸਤਿਗੁਰੂ ਦੇ ਚਰਨਾਂ ਵਿਚ ਜਾ ਬਿਰਾਜਿਆ। ਸਾਰੇ 50-55 ਸਿੰਘ ਸ਼ਹੀਦੀ ਪ੍ਰਾਪਤ ਕਰ ਗਏ। ਸ਼ਾਹੀ ਫੌਜ ਦੇ ਵੀ 200-250 ਬੰਦੇ ਮਾਰੇ ਗਏ ਤੇ ਅਨੇਕਾਂ ਫੱਟੜ ਹੋਏ।ਭਾਈ ਤਾਰਾ ਸਿੰਘ ਪੰਥ ਦੀ ਬਹੁਤ ਪੂਜਨੀਕ ਹਸਤੀ ਸੀ। ਉਸ ਦੀ ਬਹਾਦਰੀ ਅਤੇ ਸ਼ਹੀਦੀ ਦੀ ਖ਼ਬਰ ਸੁਣ ਕੇ ਸਿੱਖ ਹਜ਼ਾਰਾਂ ਦੀ ਗਿਣਤੀ ਵਿਚ ਅੰਮ੍ਰਿਤਸਰ ਆਣ ਇਕੱਠੇ ਹੋਏ। ਗੁਰਮਤਾ ਕੀਤਾ ਗਿਆ ਕਿ ਜਥੇ ਬਣਾ ਕੇ ਸਾਰੇ ਪੰਜਾਬ ਵਿਚ ਜ਼ਾਲਮ ਹਕੂਮਤ ਦਾ ਸਾਹ ਤੰਗ ਕਰ ਦਿਤਾ ਜਾਵੇ। ਭਾਈ ਤਾਰਾ ਸਿੰਘ ਦੀ ਬਹਾਦਰੀ ਤੋਂ ਪ੍ਰੇਰਨਾ ਲੈ ਕੇ ਸਿੱਖਾਂ ਨੇ ਉਹ ਨਿਧੜਕ ਸੰਘਰਸ਼ ਸ਼ੁਰੂ ਕੀਤਾ ਜੋ ਸਿੱਖ ਰਾਜ ਦੀ ਪ੍ਰਾਪਤੀ ਦਾ ਸਬੱਬ ਬਣਿਆ। ਸ਼ਹੀਦ ਦੀ ਯਾਦ ਵਿਚ ਪਿੰਡ ‘ਵਾਂ’ ਵਿਖੇ ਬਹੁਤ ਸ਼ਾਨਦਾਰ ਗੁਰਦਵਾਰਾ ਬਣਿਆ ਹੋਇਆ ਹੈ। ਭਾਈ ਤਾਰਾ ਸਿੰਘ ਦੇ ਖ਼ਾਨਦਾਨ ਦੇ ਲੋਕ ਪਹਿਲਾਂ ਬੀਕਾਨੇਰ ਚਲੇ ਗਏ ਸਨ ਅਤੇ ਹੁਣ ਕਰਤਾਰਪੁਰ ਦੇ ਨਜ਼ਦੀਕ ਪਿੰਡ ਬੁਟਰਾਂ ਵਾਲੀ ‘ਵਾਂ’ ਵਿਖੇ ਵੱਸੇ ਹੋਏ ਹਨ। ਭਾਈ ਤਾਰਾ ਸਿੰਘ ਦੀ ਯਾਦ ਵਿਚ ਹਰ ਸਾਲ 22 ਫੱਗਣ ਨੂੰ ਪਿੰਡ ਵਿਚ ਵੱਡੀ ਪੱਧਰ ਤੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ।