Saturday, May 18, 2024

ਔਰਤਾਂ ਨੂੰ ਮਿਲੇ ਬਰਾਬਰੀ ਦਾ ਹੱਕ

 

ਲੇਖਕ : ਡਾ. ਰਣਜੀਤ ਸਿੰਘ
ਮੋਬਾਈਲ : 94170-87328
ਜੇਕਰ ਭਾਰਤ ਦੇ ਇਤਿਹਾਸ ਵੱਲ ਝਾਤੀ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਸਮਾਜ ਵਿਚ ਔਰਤ ਨੂੰ ਕਦੇ ਵੀ ਮਰਦ ਦੀ ਬਰਾਬਰੀ ਦਾ ਹੱਕ ਪ੍ਰਾਪਤ ਨਹੀਂ ਹੋਇਆ। ਉਸ ਲਈ ਪਤੀ ਹਮੇਸ਼ਾ ਪਰਮੇਸ਼ਰ ਜਾਂ ਮਾਲਕ ਹੀ ਰਿਹਾ ਹੈ। ਔਰਤ ਦਾ ਮੁੱਖ ਕਾਰਜ ਘਰ ਦੀ ਚਾਰਦੀਵਾਰੀ ਤੱਕ ਸੀਮਤ ਰੱਖਿਆ ਗਿਆ ਹੈ। ਆਪਣੇ ਪਤੀ ਦੀ ਸਰੀਰਕ ਭੁੱਖ ਪੂਰੀ ਕਰਨ ਤੇ ਸਾਰੇ ਪਰਿਵਾਰ ਦੀ ਸੇਵਾ ਕਰਨਾ ਹੀ ਉਸ ਦਾ ਧਰਮ ਮੰਨਿਆ ਗਿਆ ਹੈ।
ਇੱਥੋਂ ਤੱਕ ਕਿ ਲੋੜ ਪੈਣ ਉੱਤੇ ਪਤਨੀ ਨੂੰ ਆਪਣੇ ਪਤੀ ਦੀ ਹੀ ਨਹੀਂ ਸਗੋਂ ਉਸ ਦੇ ਭਰਾਵਾਂ ਦੀ ਵੀ ਨਾਰ ਬਣ ਕੇ ਰਹਿਣਾ ਪਿਆ ਹੈ। ਪਤਨੀ ਦੇ ਮਰਨ ਪਿੱਛੋਂ ਪਤੀ ਦੂਜਾ ਵਿਆਹ ਕਰਵਾਉਣ ਦਾ ਹੱਕਦਾਰ ਸੀ, ਇਕ ਪਤਨੀ ਦੇ ਹੁੰਦਿਆਂ ਦੂਜੀ ਪਤਨੀ ਵੀ ਲਿਆ ਸਕਦਾ ਸੀ ਪਰ ਵਿਧਵਾ ਹੋਈ ਔਰਤ ਕੋਲੋਂ ਜਿਊਣ ਦੇ ਸਾਰੇ ਹੱਕ ਖੋਹ ਲਏ ਜਾਂਦੇ ਸਨ। ਜੇਕਰ ਕੋਈ ਮਰਦ ਪਰਾਈ ਇਸਰਤੀ ਕੋਲ ਚਲਾ ਜਾਵੇ ਤਾਂ ਉਹ ਅਮੀਰਾਂ ਦੇ ਚੋਚਲੇ, ਜੇਕਰ ਕੋਈ ਔਰਤ ਅਜਿਹਾ ਕਰ ਬੈਠੇ ਤਾਂ ਉਹ ਬਦਨਾਮ ਬਣ ਜਾਂਦੀ ਸੀ ਤੇ ਹੁਣ ਵੀ ਅਜਿਹਾ ਹੀ ਹੈ। ਮਰਦ ਹਮੇਸ਼ਾ ਮਤਲਬੀ ਰਿਹਾ ਹੈ। ਆਪਣੀ ਬਰਾਬਰੀ ਉਸ ਤੋਂ ਸਹਿਣ ਨਹੀਂ ਹੁੰਦੀ।
ਸਭ ਤੋਂ ਪਹਿਲਾਂ ਅੱਜ ਤੋਂ ਕੋਈ ਪੰਜ ਸੌ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਇਸ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਈ ਸੀ। ਉਨ੍ਹਾਂ ਨੇ ਲੋਕਾਂ ਨੂੰ ਔਰਤ ਦਾ ਸਤਿਕਾਰ ਕਰਨ ਅਤੇ ਮੰਦਾ ਨਾ ਆਖਣ ਦਾ ਉਪਦੇਸ਼ ਦਿੱਤਾ। ਤੀਜੇ ਗੁਰੂ ਅਮਰ ਦਾਸ ਜੀ ਨੇ ਸਤੀ ਪ੍ਰਥਾ ਵਿਰੁੱਧ ਆਵਾਜ਼ ਬੁਲੰਦ ਕੀਤੀ। ਇਸ ਰਿਵਾਜ ਅਨੁਸਾਰ ਆਪਣੇ ਪਤੀ ਦੀ ਚਿਤਾ ਵਿਚ ਜਿਊਂਦੀ ਸੜਨ ਲਈ ਪਤਨੀ ਨੂੰ ਮਜਬੂਰ ਕੀਤਾ ਜਾਂਦਾ ਸੀ।
ਗੁਰੂਘਰ ਵਿਚ ਔਰਤ ਦਾ ਪੂਰਾ ਸਤਿਕਾਰ ਕੀਤਾ ਗਿਆ। ਦਸਮੇਸ਼ ਪਿਤਾ ਨੇ ਔਰਤਾਂ ਨੂੰ ਵੀ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਸਮਾਜ ਵਿਚ ਬਰਾਬਰੀ ਦੀ ਲਹਿਰ ਚਲਾਈ। ਉਨ੍ਹਾਂ ਨੇ ਆਪਣੇ ਸਿੰਘਾਂ ਨੂੰ ਹੁਕਮ ਕੀਤਾ ਕਿ ਜੰਮਦਿਆਂ ਹੀ ਕੁੜੀਆਂ ਨੂੰ ਮਾਰਨਾ ਮਹਾ-ਪਾਪ ਹੈ। ਇਹ ਘੋਰ ਅਪਰਾਧ ਨਾ ਕੀਤਾ ਜਾਵੇ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨਾਲ ਕੋਈ ਵੀ ਸਮਾਜਿਕ ਸਬੰਧ ਨਾ ਰੱਖਿਆ ਜਾਵੇ। ਇਸ ਕਰਕੇ ਹੀ ਸਿੰਘਣੀਆਂ ਨੇ ਵੀ ਸਿੰਘਾਂ ਦੇ ਬਰਾਬਰ ਲੋਕ ਹੱਕਾਂ ਦੀ ਰਾਖੀ ਲਈ ਕੁਰਬਾਨੀਆਂ ਦਿੱਤੀਆਂ। ਗੁਰੂ ਦੇ ਸਿੰਘਾਂ ਨੇ ਔਰਤ ਦਾ ਪੂਰਾ ਸਤਿਕਾਰ ਕੀਤਾ ਅਤੇ ਪਰਾਈ ਔਰਤ ਵੱਲ ਕਦੇ ਅੱਖ ਚੁੱਕ ਕੇ ਨਹੀਂ ਵੇਖਿਆ ਸਗੋਂ ਧਾੜਵੀਆਂ ਹੱਥੋਂ ਚੁੱਕੀਆਂ ਔਰਤਾਂ ਨੂੰ ਛੁਡਵਾਇਆ।
ਆਜ਼ਾਦੀ ਪਿੱਛੋਂ ਸਾਡੇ ਸੰਵਿਧਾਨ ਵਿਚ ਔਰਤਾਂ ਨੂੰ ਬਰਾਬਰੀ ਦੇ ਹੱਕ ਦਿੱਤੇ ਗਏ ਹਨ। ਪਰ ਸਮਾਜਿਕ ਤੌਰ ‘ਤੇ ਅਜੇ ਵੀ ਮਰਦ ਉਸ ਦੀ ਬਰਾਬਰੀ ਕਬੂਲਣ ਲਈ ਤਿਆਰ ਨਹੀਂ ਹੈ। ਔਰਤ ਭਾਵੇਂ ਕਿੰਨੇ ਵੱਡੇ ਅਹੁਦੇ ਉੱਤੇ ਕੰਮ ਕਰਦੀ ਹੋਵੇ, ਫਿਰ ਵੀ ਘਰ ਵਿਚ ਬੈਠਾ ਨਿਖੱਟੂ ਮਰਦ ਇਹੋ ਉਮੀਦ ਕਰੇਗਾ ਕਿ ਪਤਨੀ ਹੀ ਕੰਮ ਤੋਂ ਵਾਪਸ ਆ ਕੇ ਰੋਟੀ ਦਾ ਕੰਮ ਕਰੇ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਦੇਸ਼ ਦੀ ਰਾਸ਼ਟਰਪਤੀ ਇਕ ਔਰਤ ਹੈ। ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਵੀ ਔਰਤ ਬੈਠ ਚੁੱਕੀ ਹੈ। ਮੁੱਖ ਮੰਤਰੀ ਤੇ ਹੋਰ ਅਹੁਦਿਆਂ ਉੱਤੇ ਵੀ ਔਰਤਾਂ ਪੁੱਜੀਆਂ ਹਨ। ਪੜ੍ਹਾਈ ਤੇ ਹੋਰ ਹਰ ਖੇਤਰ ਵਿਚ ਮਰਦਾਂ ਤੋਂ ਅੱਗੇ ਹੋਣ ਦੇ ਬਾਵਜੂਦ ਔਰਤ ਨੂੰ ਬਰਾਬਰੀ ਪ੍ਰਾਪਤ ਨਹੀਂ ਹੋਈ ਹੈ।
ਜੇ ਕਿਸੇ ਮਰਦ ਨੂੰ ਬੇਟਾ ਜਾਂ ਬੇਟੀ ਦੀ ਲੋੜ ਬਾਰੇ ਪੁੱਛਿਆ ਜਾਵੇ ਤਾਂ ਲਗਪਗ ਸਾਰੇ ਪਤੀ ਹੀ ਪਹਿਲੀ ਔਲਾਦ ਬੇਟਾ ਹੀ ਪਸੰਦ ਕਰਨਗੇ। ਜਦਕਿ ਵੇਖਣ ‘ਚ ਆਇਆ ਹੈ ਕਿ ਲੋੜ ਵੇਲੇ ਮਾਪਿਆਂ ਦੀ ਸੇਵਾ ਆਮ ਕਰਕੇ ਕੁੜੀਆਂ ਹੀ ਕਰਦੀਆਂ ਹਨ। ਪੰਚਾਇਤਾਂ ਵਿਚ ਪੰਚਾਂ ਤੇ ਸਰਪੰਚਾਂ ਦੀਆਂ ਕੁਝ ਸੀਟਾਂ ਔਰਤਾਂ ਲਈ ਰਾਖਵੀਆਂ ਕੀਤੀਆਂ ਗਈਆਂ ਹਨ। ਪਰ ਬਹੁਤੇ ਥਾਵੀਂ ਔਰਤਾਂ ਦੇ ਨਾਂ ਕਾਗਜ਼ਾਂ ਤੱਕ ਹੀ ਸੀਮਤ ਹਨ। ਅਸਲ ਕੰਮ ਤਾਂ ਉਨ੍ਹਾਂ ਦੇ ਪਤੀ ਹੀ ਕਰਦੇ ਹਨ।
ਹੁਣ ਜਦੋਂ ਆਪਣੀ ਮਿਹਨਤ ਸਦਕਾ ਔਰਤਾਂ ਹਰ ਖੇਤਰ ਵਿਚ ਮਰਦਾਂ ਦੀ ਬਰਾਬਰੀ ਹੀ ਨਹੀਂ ਕਰ ਰਹੀਆਂ ਸਗੋਂ ਅੱਗੇ ਲੰਘ ਰਹੀਆਂ ਹਨ ਤਾਂ ਮਰਦਾਂ ਦੇ ਢਿੱਡ ਪੀੜ ਸ਼ੁਰੂ ਹੋ ਗਈ ਹੈ। ਉਹ ਧਾਰਮਿਕ ਕੱਟੜਵਾਦ ਜਾਂ ਸੰਸਕ੍ਰਿਤੀ ਦੇ ਨਾਂ ‘ਤੇ ਔਰਤਾਂ ਉੱਤੇ ਜ਼ਬਰਦਸਤੀ ਰੋਕ ਲਗਾਉਣ ਲੱਗ ਪਏ ਹਨ। ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ ਅਤੇ ਨਾ-ਬਰਾਬਰੀ ਵਧ ਰਹੀ ਹੈ। ਜੇਕਰ ਕੋਈ ਕੁੜੀ ਕਿਸੇ ਮੁੰਡੇ ਨਾਲ ਹੱਸ ਕੇ ਗੱਲ ਕਰ ਲੈਂਦੀ ਹੈ ਤਾਂ ਆਫ਼ਤ ਆ ਜਾਂਦੀ ਹੈ। ਆਪਣੇ-ਆਪ ਸਮਾਜ ਦੇ ਠੇਕੇਦਾਰ ਬਣੇ ਕੁਝ ਵਿਹਲੜ ਲੋਕ ਪੱਛਮੀ ਸੱਭਿਆਚਾਰ ਨੂੰ ਫੈਲਣ ਤੋਂ ਰੋਕਣ ਦੇ ਨਾਂ ਹੇਠ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦਾ ਯਤਨ ਕਰਦੇ ਹਨ।
ਉਹ ਔਰਤਾਂ ਲਈ ਪਹਿਨਣ, ਖਾਣ ਤੇ ਘੁੰਮਣ ਲਈ ਨਿਯਮ-ਕਾਇਦੇ ਨਿਸ਼ਚਤ ਕਰ ਰਹੇ ਹਨ ਅਤੇ ਆਪ ਸਭ ਤੋਂ ਵੱਧ ਕੁਕਰਮ ਕਰਦੇ ਹਨ। ਔਰਤਾਂ ਦਾ ਇਕੱਲੇ ਸਫ਼ਰ ਕਰਨਾ ਔਖਾ ਹੈ। ਦਫ਼ਤਰਾਂ ਵਿਚ ਸ਼ੋਸ਼ਣ ਹੁੰਦਾ ਹੈ, ਘਰੋਗੀ ਕਲੇਸ਼ ਝੱਲਣਾ ਪੈਂਦਾ ਹੈ। ਇੱਥੋਂ ਤੱਕ ਕਿ ਮਾਦਾ ਭਰੂਣ ਹੱਤਿਆ ਕੀਤੀ ਜਾਂਦੀ ਹੈ। ਕਿਰਤ ਦਾ ਸਤਿਕਾਰ, ਇਮਾਨਦਾਰੀ, ਮਿਹਨਤ ਅਤੇ ਮਨੁੱਖੀ ਬਰਾਬਰੀ ਪੱਛਮੀ ਸੱਭਿਆਚਾਰ ਦੇ ਅਟੁੱਟ ਅੰਗ ਹਨ।
ਸਾਡੇ ਨੌਜਵਾਨ ਇਨ੍ਹਾਂ ਪ੍ਰਭਾਵਾਂ ਨੂੰ ਕਬੂਲਣ ਦੀ ਥਾਂ ਮੀਡੀਆ ਦੇ ਪ੍ਰਭਾਵ ਨੂੰ ਕਬੂਲ ਰਹੇ ਹਨ। ਬਹੁਤੇ ਸੀਰੀਅਲ ਨੌਜਵਾਨਾਂ ਨੂੰ ਗਿਆਨ-ਵਿਗਿਆਨ ਨਾਲ ਜੋੜਨ ਦੀ ਥਾਂ ਆਪਸੀ ਸਬੰਧਾਂ ਦੀਆਂ ਹੇਰਾਫੇਰੀਆਂ, ਬੇਈਮਾਨੀ ਤੇ ਨੰਗੇਜ਼ਵਾਦ ਦਾ ਪ੍ਰਦਰਸ਼ਨ ਕਰਦੇ ਹਨ। ਇਨ੍ਹਾਂ ਵਿਰੁੱਧ ਕਦੇ ਵੀ ਸਮਾਜ ਦੇ ਠੇਕੇਦਾਰਾਂ ਨੇ ਆਵਾਜ਼ ਬੁਲੰਦ ਨਹੀਂ ਕੀਤੀ। ਔਰਤ ਮਾਂ, ਧੀ ਅਤੇ ਪਤਨੀ ਦੇ ਰੂਪ ਵਿਚ ਹਮੇਸ਼ਾ ਮਰਦਾਂ ਦੀ ਸੇਵਾ ਕਰਦੀ ਹੈ।
ਅਸੀਂ ਇੰਨੇ ਅਕ੍ਰਿਤਘਣ ਹਾਂ ਕਿ ਔਰਤ ਦਾ ਸਤਿਕਾਰ ਕਰਨ ਦੀ ਥਾਂ ਉਸ ਉੱਤੇ ਪਾਬੰਦੀਆਂ ਲਾਉਂਦੇ ਹਾਂ। ਸਰੀਰਕ ਭੁੱਖ ਪੂਰੀ ਕਰਨ ਲਈ ਉਨ੍ਹਾਂ ਨਾਲ ਜ਼ਬਰਦਸਤੀ ਕਰ ਕੇ ਉਨ੍ਹਾਂ ਦਾ ਜੀਵਨ ਤਬਾਹ ਕਰ ਰਹੇ ਹਾਂ। ਜੇਕਰ ਸਮਾਜਿਕ ਕਦਰਾਂ-ਕੀਮਤਾਂ ਦੀ ਇੰਨੀ ਹੀ ਫ਼ਿਕਰ ਹੈ ਤਾਂ ਜਬਰ-ਜਨਾਹ ਕਰਨ ਵਾਲਿਆਂ ਵਿਰੁੱਧ ਮੁਹਿੰਮ ਚਲਾਈਏ, ਰਿਸ਼ਵਤਖੋਰਾਂ ਨੂੰ ਨਕੇਲ ਪਾਈਏ, ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ਤੋਂ ਬਚਾਈਏ ਅਤੇ ਨਾ-ਬਰਾਬਰੀ ਦਾ ਖ਼ਾਤਮਾ ਕਰੀਏ। ਉਦੋਂ ਹੀ ਸਮਾਜਿਕ ਕਦਰਾਂ-ਕੀਮਤਾਂ ਦੀ ਰਾਖੀ ਹੋ ਸਕੇਗੀ।
ਔਰਤਾਂ ਦੇ ਹੱਕਾਂ ‘ਤੇ ਡਾਕਾ ਤੇ ਉਨ੍ਹਾਂ ਦਾ ਸ਼ੋਸ਼ਣ ਕੇਵਲ ਭਾਰਤ ਵਿਚ ਹੀ ਨਹੀਂ ਸਗੋਂ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿਚ ਹੁੰਦਾ ਹੈ। ਜੇਕਰ ਸੱਚੁਮੱਚ ਅਸੀਂ ਸਮਾਜ ਨੂੰ ਸੁੰਦਰ, ਖੁਸ਼ਗਵਾਰ ਅਤੇ ਪਰਿਵਾਰ ਨੂੰ ਸਵਰਗ ਬਣਾਉਣਾ ਚਾਹੁੰਦੇ ਹਾਂ ਤਾਂ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਔਰਤਾਂ ਦਾ ਸਤਿਕਾਰ ਕਰੀਏ। ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਬਚਨਬੱਧ ਹੋਈਏ ਅਤੇ ਬਰਾਬਰੀ ਦਾ ਸਥਾਨ ਦੇਣ ਦਾ ਪ੍ਰਣ ਕਰੀਏ। ਔਰਤ ਤੋਂ ਬਿਨਾਂ ਪਰਿਵਾਰ ਅਤੇ ਸਮਾਜ ਸੰਭਵ ਹੀ ਨਹੀਂ ਹੈ। ਔਰਤਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਪ੍ਰਤੀ ਚੇਤੰਨ ਹੋਣਾ ਚਾਹੀਦਾ ਹੈ।
ਕਿੱਟੀ ਪਾਰਟੀਆਂ ਜਾਂ ਬਿਊਟੀ ਪਾਰਲਰਾਂ ਵਿਚ ਜ਼ਰੂਰ ਜਾਓ ਪਰ ਆਪਣੇ ਬੱਚਿਆਂ ਲਈ ਵੀ ਕੁਝ ਸਮਾਂ ਕੱਢੋ। ਸਕੂਲੋਂ ਆਉਣ ‘ਤੇ ਉਨ੍ਹਾਂ ਦਾ ਆਪ ਸਵਾਗਤ ਕਰੋ। ਤਾਜ਼ੀ ਰੋਟੀ ਖਾਣ ਨੂੰ ਦੇਵੋ। ਉਨ੍ਹਾਂ ਨਾਲ ਗੱਲਾਂ ਕਰੋ ਅਤੇ ਚੰਗੇ ਸੰਸਕਾਰ ਦੇਵੋ ਤਾਂ ਜੋ ਉਨ੍ਹਾਂ ਵਿਚ ਚੰਗੀਆਂ ਆਦਤਾਂ ਪੈਣ ਅਤੇ ਉਹ ਨਿਰਾਸ਼ਾ ਤੋਂ ਦੂਰ ਰਹਿਣ। ਟੀਵੀ ਸੀਰੀਅਲਾਂ ਦੇ ਪਿੱਛੇ ਲੱਗ ਭੈੜੀਆਂ ਆਦਤਾਂ ਤੋਂ ਬਚਿਆ ਜਾਵੇ। ਸਰੀਰਕ ਸੁੰਦਰਤਾ ਵੱਲ ਧਿਆਨ ਜ਼ਰੂਰ ਦੇਵੋ ਪਰ ਇਸ ਦੀ ਨੁਮਾਇਸ਼ ਨਾ ਕੀਤੀ ਜਾਵੇ। ਚਰਿੱਤਰ ਉਸਾਰੀ ਤੇ ਅਨੁਸ਼ਾਸਨ ਵੱਲ ਆਪ ਵੀ ਧਿਆਨ ਦੇਵੋ ਤੇ ਬੱਚਿਆਂ ਨੂੰ ਵੀ ਇਹੋ ਸਬਕ ਸਿਖਾਇਆ ਜਾਵੇ। ਉਨ੍ਹਾਂ ਦੇ ਹੱਥਾਂ ‘ਚ ਸੁਰਤ ਸੰਭਾਲਦਿਆਂ ਹੀ ਸਮਾਰਟਫੋਨ ਨਾ ਫੜਾਇਆ ਜਾਵੇ। ਹੁਣ ਜਦੋਂ ਔਰਤਾਂ ਬਰਾਬਰ ਜਾਂ ਮਰਦ ਤੋਂ ਵੀ ਵੱਧ ਕਮਾਈ ਕਰਦੀਆਂ ਹਨ ਤਾਂ ਇਸ ਵਖਰੇਵੇਂ ਨੂੰ ਵੀ ਦੂਰ ਕੀਤਾ ਜਾਵੇ।