Sunday, May 19, 2024

ਕੀ ਸੱਚ ਹੀ ਅਕਾਲੀ ਦਲ ਛੱਡ ਚੁੱਕੇ ਸਾਰੇ ਸਾਬਕਾ ਅਕਾਲੀ ਆਗੂ ਦਲ ਦੀਆਂ ਬੇੜੀਆਂ ‘ਚ ਵੱਟੇ ਪਾਉਣ ਲਈ ਪੱਬਾਂ ਭਾਰ ਨੇ?

 

ਲੋਕ ਸਭਾ ਹਲਕਾ ਬਠਿੰਡਾ ਨਾਲ ਸਬੰਧਤ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲ ਨੂੰ ਕਿਉ ਛੱਡ ਰਹੇ ਹਨ ਸਬੰਧੀ ਕਾਰਨਾਂ ਦੀ ਪੜਤਾਲ ਕੀਤੇ ਜਾਣ ਦੀ ਮੰਗ ਦੇ ਚਰਚੇ ਸੁਰੂ ਹੋ ਗਏ ਹਨ। ਕਈ ਨਾਮੀ ਆਗੂਆਂ ਦਾ ਪਿਛਲੇ ਸਮੇਂ ਤੋਂ ਅਕਾਲੀ ਦਲ ਵਿਚੋਂ ਚਲੇ ਜਾਣ ਦਾ ਸੁਰੂ ਦੌਰ ਰੁਕਣ ਦਾ ਨਾਂ ਨਹੀ ਲੈ ਰਿਹਾ ਜੋ ਅਕਾਲੀ ਦਲ ਲਈ ਸੁਭ ਸੰਕੇਤ ਨਹੀ।

ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਵਿਧਾਨ ਸਭਾ ਹਲਕਾ ਮੌੜ ਤੋਂ ਵਿਧਾਇਕ ਬਣੇ ਜਨਮੇਜਾ ਸਿੰਘ ਸੇਖੋ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਬਣੇ ਸਨ ਪ੍ਰੰਤੂ ਉਨ੍ਹਾਂ ਨੇ ਅਗਲੀ ਚੋਣ ਹਲਕਾ ਮੌੜ ਦੀ ਬਜਾਏ ਆਪਣੇ ਜੱਦੀ ਜਿਲ੍ਹੇ ਫਿਰੋਜਪੁਰ ਵਿਚੋਂ ਲੜਨ ਨੂੰ ਤਰਜੀਹ ਦਿੱਤੀ ਸੀ। ਉਨ੍ਹਾਂ ਦੀ ਥਾਂ ‘ਤੇ ਮੌੜ ਤੋਂ ਅਕਾਲੀ ਦਲ ਵੱਲੋ ਚੋਣ ਲੜਨ ਉਪਰੰਤ ਜਗਮੀਤ ਸਿੰਘ ਬਰਾੜ ਦਲ ਨੂੰ ਛੱਡ ਗਏ, ਬਾਦਲ ਪਰਿਵਾਰ ਦੇ ਪਰਿਵਾਰਕ ਮੈਂਬਰ ਅਤੇ ਅਕਾਲੀ ਸਰਕਾਰ ਵਿਚ ਕੈਬਨਿਟ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਵੀ ਕਾਫੀ ਸਮਾਂ ਪਹਿਲਾ ਦਲ ਨੂੰ ਛੱਡ ਗਏ ਸਨ। ਇਸੇ ਤਰ੍ਹਾਂ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਰਹੇ ਸਰੂਪ ਚੰਦ ਸਿੰਗਲਾ, ਭੁੱਚੋੰ ਮੰਡੀ ਤੋਂ ਸੀਨੀਅਰ ਪ੍ਰੀਤਮ ਸਿੰਘ ਕੋਟਭਾਈ ਤੇ ਡਾ. ਹਰਜਿੰਦਰ ਸਿੰਘ ਜੱਖੂ, ਸੀਨੀਅਰ ਆਗੂ ਜਗਦੀਪ ਸਿੰਘ ਨਕਈ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਅਤੇ ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਵੀ ਕੁਝ ਸਮਾਂ ਪਹਿਲਾ ਅਕਾਲੀ ਦਲ ਨੂੰ ਛੱਡ ਗਏ ਸੀ। ਤਲਵੰਡੀ ਸਾਬੋ ਤੋਂ ਵਿਧਾਇਕ ਰਹੇ ਜੀਤਮਹਿੰਦਰ ਸਿੰਘ ਸਿੱਧੂ ਵੀ ਅਕਾਲੀ ਦਲ ਨੂੰ ਛੱਡ ਕਾਂਗਰਸ ਵਿਚ ਸਾਮਲ ਹੋ ਚੁੱਕੇ ਹਨ। ਹੁਣ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਵੀ ਅਕਾਲੀ ਦਲ ਨੂੰ ਅਲਵਿਦਾ ਆਖ ਚੁੱਕੇ ਹਨ। ਭਾਜਪਾ ਨੇ ਆਪਣਾ ਸਿਆਸੀ ਪੱਤਾ ਖੇਡਦਿਆਂ ਗੁਰਪ੍ਰੀਤ ਸਿੰਘ ਮਲੂਕਾ ਦੀ ਧਰਮਪਤਨੀ ਪਰਮਪਾਲ ਕੌਰ ਸਿੱਧੂ ਸੇਵਾ ਮੁਕਤ ਆਈ ਏ ਐੱਸ ਨੂੰ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਐਲਾਨ ਕੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਸਿਆਸੀ ਰਾਹ ਰੋਕਣ ਦਾ ਯਤਨ ਕੀਤਾ ਗਿਆ ਹੈ।

ਬਠਿੰਡਾ ਦਿਹਾਤੀ ਦੇ ਸਾਬਕਾ ਵਿਧਾਇਕ ਦਰਸਨ ਸਿੰਘ ਕੋਟਫੱਤਾ ਦੀਆਂ ਸਿਆਸੀ ਸਰਗਰਮੀਆਂ ਵੀ ਬਹੁਤੀਆਂ ਨਜਰ ਨਹੀ ਆ ਰਹੀਆ, ਜੋ ਅਕਾਲੀ ਦਲ ਲਈ ਸਿਆਸੀ ਖਤਰੇ ਦੀ ਨਿਸ਼ਾਨੀ ਹੈ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਉਹ ਹਾਲੇ ਅਕਾਲੀ ਦਲ ਵਿਚ ਹੀ ਹਨ ਪਰ ਭਾਜਪਾ ਵਿਚ ਸਾਮਲ ਹੋਣ ਦੇ ਸਵਾਲ ਤੇ ਉਨ੍ਹਾਂ ਨੇ ਨੋ ਕੂਮੈਂਟ ਕਹਿ ਕਿ ਪੱਲਾ ਝਾੜ ਦਿੱਤਾ ਸੀ। ਭਾਵੇਂ ਮਲੂਕਾ ਹਰ ਸਿਆਸੀ ਕਦਮ ਸੋਚ ਸਮਝ ਕੇ ਪੁੱਟ ਰਹੇ ਹਨ ਪ੍ਰੰਤੂ ਉਨ੍ਹਾਂ ਦੇ ਹਾਲੇ ਵੀ ਭਾਜਪਾ ਵਿਚ ਸਾਮਲ ਹੋਣ ਦੇ ਚਰਚੇ ਜੋਰਾਂ ‘ਤੇ ਹਨ।

ਲੋਕ ਸਭਾ ਬਠਿੰਡਾ ਨਾਲ ਸਬੰਧਤ ਕਈ ਹੋਰ ਨਾਮਵਰ ਆਗੂ ਵੀ ਅਕਾਲੀ ਦਲ ਨੂੰ ਛੱਡ ਚੁੱਕੇ ਹਨ, ਜੋ ਸ੍ਰੋਮਣੀ ਅਕਾਲੀ ਦਲ ਦੀਆਂ ਬੇੜੀਆਂ ਵਿਚ ਵੱਟੇ ਪਾਉਣ ਲਈ ਪੱਬਾਂ ਭਾਰ ਹਨ। ਸਾਬਕਾ ਅਕਾਲੀ ਆਗੂ ਰਤਨ ਸ਼ਰਮਾ ਨੇ  ਸੁਖਬੀਰ ਬਾਦਲ ਵੱਲ ਇਸ਼ਾਰਾ ਕਰਦਿਆਂ ਕਿਹਾ ਹੈ ਕਿ ਇਕ ਸੀਨੀਅਰ ਅਕਾਲੀ ਆਗੂ ਦੇ ਅੜੀਅਲ ਵਤੀਰੇ ਕਾਰਨ ਲੋਕ ਸਭਾ ਹਲਕਾ ਬਠਿੰਡਾ ਨਾਲ ਸਬੰਧਤ ਕਈ ਸੀਨੀਅਰ ਅਕਾਲੀ ਆਗੂ ਦਲ ਨੂੰ ਛੱਡ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਆਗੂਆਂ ਵੱਲੋੰ ਅਕਾਲੀ ਦਲ ਨੂੰ ਛੱਡੇ ਜਾਣ ਦੇ ਕਾਰਨਾਂ ਸਬੰਧੀ ਬਰੀਕੀ ਨਾਲ ਪੜਤਾਲ ਤੇ ਵਿਚਾਰ ਕੀਤੀ ਜਾਣੀ ਬਣਦੀ ਹੈ। ਉਨ੍ਹਾਂ ਦਾਅਵਾ ਕਿ ਲੋਕ ਸਭਾ ਹਲਕਾ ਬਠਿੰਡਾ ਵਿਚ ਹਾਲੇ ਹੋਰ ਵੀ ਕਈ ਆਗੂ ਅਕਾਲੀ ਦਲ ਨੂੰ ਅਲਵਿਦਾ ਆਖ ਸਕਦੇ ਹਨ। ਸਿਆਸੀ ਲੋਕਾਂ ਵਿਚ ਖੂਬ ਚਰਚਾ ਹੈ ਕਿ ਅਕਾਲੀ ਦਲ ਛੱਡ ਚੁੱਕੇ ਆਗੂ ਹੀ ਇਸ ਵਾਰ ਅਕਾਲੀ ਦਲ ਦੇ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਲਈ ਸਿਰਦਰਦੀ ਬਣ ਸਕਦੇ ਹਨ। ਪਰ ਹੁਣ ਵੇਖਣਾ ਹੋਵੇਗਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਸ੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ ਨੂੰ ਛੱਡ ਚੁੱਕੇ ਸਿਆਸੀ ਆਗੂਆਂ ਦਾ ਕੀ ਭਵਿੱਖ ਤੈਅ ਕਰਦੇ ਹਨ।

ਵੀਰਪਾਲ ਭਗਤਾ

96532-00226