Saturday, May 18, 2024

ਭਾਰਤ ਦੇ ਵਿੱਚ ਕੁੱਲ ਬੇਰੁਜ਼ਗਾਰਾਂ ’ਚੋਂ 83 ਫੀਸਦੀ ਨੌਜਵਾਨ

 

ਲੇਖਕ :  ਤਜਿੰਦਰ

ਫੋਨ: 94171-11015

‘ਕੌਮਾਂਤਰੀ ਕਿਰਤ ਜਥੇਬੰਦੀ’ ਨੇ ‘ਮਨੁੱਖੀ ਵਿਕਾਸ ਸੰਸਥਾ’ ਦੇ ਸਹਿਯੋਗ ਨਾਲ਼ ‘ਭਾਰਤ ਰੁਜ਼ਗਾਰ ਰਿਪੋਰਟ-2024’ ਜਾਰੀ ਕੀਤੀ ਹੈ। ਇਸ ਰਿਪੋਰਟ ਵਿਚ ਬੇਰੁਜ਼ਗਾਰੀ ਸਬੰਧੀ ਤੇ ਖਾਸ ਤੌਰ ’ਤੇ ਨੌਜਵਾਨਾਂ ’ਚ ਬੇਰੁਜ਼ਗਾਰੀ ਸਬੰਧੀ ਜੋ ਤੱਥ ਨਸ਼ਰ ਕੀਤੇ ਗਏ ਹਨ ਉਹ ਇੱਕ ਵਾਰ ਫਿਰ ਮੋਦੀ ਹਕੂਮਤ ਦੁਆਰਾ 2 ਕਰੋੜ ਰੁਜ਼ਗਾਰ ਹਰ ਸਾਲ ਪੈਦਾ ਕਰਨ ਦੇ ਵਾਅਦਿਆਂ ਦਾ ਜਲੂਸ ਕੱਢ ਰਹੇ ਹਨ।

ਭਾਰਤ ਵਿਚ ਬੇਰੁਜ਼ਗਾਰੀ ਇਸ ਵੇਲ਼ੇ 45 ਸਾਲਾਂ ’ਚ ਸਭ ਤੋਂ ਵੱਧ ਹੈ। ਉਪਰੋਕਤ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦੇ ਕੁੱਲ ਬੇਰੁਜ਼ਗਾਰਾਂ ’ਚ 83 ਫੀਸਦੀ ਹਿੱਸਾ ਨੌਜਵਾਨਾਂ ਦਾ ਹੈ। ਹਰ ਸਾਲ ਭਾਰਤ ਦੀ ਕਿਰਤ ਮੰਡੀ ਵਿਚ 70-80 ਲੱਖ ਨੌਜਵਾਨ ਸ਼ਾਮਲ ਹੁੰਦੇ ਹਨ। ਜੇ ਬੇਰੁਜ਼ਗਾਰੀ ਦਰ ਦੀ ਗੱਲ ਕਰੀਏ ਤਾਂ ਸਾਲ 2000 ਵਿਚ ਨੌਜਵਾਨਾਂ ਵਿਚ ਬੇਰੁਜ਼ਗਾਰੀ ਦਰ 5.7 ਫੀਸਦੀ ਸੀ ਜੋ 2022 ਵਿਚ 12.1 ਫੀਸਦੀ ਹੋ ਗਈ ਤੇ ਇਸਨੇ 2019 ਵਿਚ 17.5 ਫੀਸਦੀ ਦੀ ਸਿਖਰ ਨੂੰ ਵੀ ਛੋਹਿਆ। ਜੇ ਪੜ੍ਹੇ-ਲਿਖੇ ਨੌਜਵਾਨਾਂ ਦੀ ਗੱਲ ਕਰਨੀ ਹੋਵੇ ਤਾਂ ਬਾਰ੍ਹਵੀਂ ਜਾਂ ਇਸ ਤੋਂ ਉੱਪਰ ਦੀ ਸਿੱਖਿਆ ਪ੍ਰਾਪਤ ਨੌਜਵਾਨਾਂ ’ਚ ਬੇਰੁਜ਼ਗਾਰੀ ਦਰ ਸਭ ਤੋਂ ਵੱਧ ਹੈ। ਸਾਲ 2000 ਵਿਚ ਪੜ੍ਹੇਲਿਖੇ (12ਵੀਂ ਤੋਂ ਉੱਪਰ) ਨੌਜਵਾਨਾਂ ’ਚ ਬੇਰੁਜ਼ਗਾਰੀ ਦਰ 35.7 ਫੀਸਦੀ ਸੀ ਜੋ 2022 ਵਿਚ ਵਧ ਕੇ 65.7 ਫੀਸਦੀ ਹੋ ਗਈ। ਨਾ ਸਿਰਫ ਉਪਰੋਕਤ ਰਿਪੋਰਟ ਸਗੋਂ ਸਮੇਂ-ਸਮੇਂ ’ਤੇ ਸੂਬਾ ਤੇ ਯੂਨੀਅਨ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ਲਈ ਕੱਢੀਆਂ ਜਾਂਦੀਆਂ ਅਸਾਮੀਆਂ ਲਈ ਭਰੇ ਜਾਂਦੇ ਫਾਰਮਾਂ ਦੀ ਗਿਣਤੀ ਤੋਂ ਹੀ ਭਾਰਤ ਵਿਚ ਨੌਜਵਾਨਾਂ ਤੇ ਖਾਸ ਕਰਕੇ ਪੜ੍ਹੇ-ਲਿਖੇ ਨੌਜਵਾਨਾਂ ’ਚ ਬੇਰੁਜ਼ਗਾਰੀ ਦੀ ਭਿਅੰਕਰ ਹਾਲਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਕੁੱਝ ਹਜ਼ਾਰ ਅਸਾਮੀਆਂ ਲਈ ਲੱਖਾਂ ਨੌਜਵਾਨਾਂ ਦੁਆਰਾ ਫਾਰਮ ਭਰੇ ਜਾਂਦੇ ਹਨ। ਅਕਸਰ ਨੌਜਵਾਨਾਂ ਦੀ ਯੋਗਤਾ ਇਨ੍ਹਾਂ ਅਸਾਮੀਆਂ ਲਈ ਲੋੜੀਂਦੀ ਯੋਗਤਾ ਤੋਂ ਕਿਤੇ ਵੱਧ ਹੁੰਦੀ ਹੈ। ਉਦਾਹਰਣ ਵਜੋਂ ਇਸੇ ਸਾਲ ਜਨਵਰੀ ਮਹੀਨੇ ਉੱਤਰ ਪ੍ਰਦੇਸ਼ ’ਚ ਚਪੜਾਸੀ ਦੀਆਂ 60 ਅਸਾਮੀਆਂ ਲਈ 93,000 ਨੌਜਵਾਨਾਂ ਨੇ ਫਾਰਮ ਭਰੇ ਜਿਨ੍ਹਾਂ ਵਿਚ 3700 ਪੀਐਚਡੀ, 5000 ਗ੍ਰੈਜੂਏਟ, 28,000 ਪੋਸਟ ਗ੍ਰੈਜੂਏਟ ਨੇ ਫਾਰਮ ਭਰੇ ਸਨ। ਮੋਦੀ ਦੇ ਗੁਜਰਾਤ ਮਾਡਲ ਦੀ ਗੱਲ ਕਰੀਏ ਤਾਂ ਜੂਨ 2022 ਵਿਚ ਸਿਰਫ 3400 ਅਸਾਮੀਆਂ ਲਈ 17 ਲੱਖ ਪੜ੍ਹੇ-ਲਿਖੇ ਡਿਗਰੀਆਂ ਪ੍ਰਾਪਤ ਨੌਜਵਾਨਾਂ ਨੇ ਫਾਰਮ ਭਰੇ ਜਿਸ ਲਈ ਸਿਰਫ 10ਵੀਂ ਪਾਸ ਦੀ ਯੋਗਤਾ ਲੋੜੀਂਦੀ ਸੀ। ਯੂਨੀਅਨ ਸਰਕਾਰ ਦੇ ਅਦਾਰਿਆਂ ’ਚ ਲਗਭਗ 24% ਅਸਾਮੀਆਂ ਖਾਲ਼ੀ ਪਈਆਂ ਹਨ। ਇਹ ਉਹ ਅਸਾਮੀਆਂ ਹਨ ਜੋ ਯੂਨੀਅਨ ਸਰਕਾਰ ਦੁਆਰਾ ਪਹਿਲਾਂ ਹੀ ਮਨਜੂ਼ਰ ਕੀਤੀਆਂ ਜਾ ਚੁੱਕੀਆਂ ਹਨ ਪਰ ਹਾਲੇ ਤੱਕ ਭਰੀਆਂ ਨਹੀਂ ਗਈਆਂ। ਸਗੋਂ 2014 ਤੋਂ ਇਹ ਖਾਲੀ ਅਸਾਮੀਆਂ ਲਗਾਤਾਰ ਵਧ ਰਹੀਆਂ ਹਨ। 2014 ਵਿਚ ਇਨ੍ਹਾਂ ਖਾਲੀ ਪਈਆਂ ਅਸਾਮੀਆਂ ਦੀ ਗਿਣਤੀ 4,21,658 (ਕੁੱਲ ਦਾ 11.57%) ਸੀ ਜੋ 2018 ਵਿਚ 6,83,823 (ਕੁੱਲ ਦਾ 17.98%) ਹੋ ਗਈਆਂ ਤੇ 2022 ਵਿਚ 9,83,028। ਇਸ ਤੋਂ ਇਲਾਵਾ ਜੇ ਸੂਬਾ ਸਰਕਾਰ ਦੇ ਵੱਖ-ਵੱਖ ਅਦਾਰਿਆਂ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਜੋੜ ਲਿਆ ਜਾਵੇ ਤਾਂ ਸਰਕਾਰੀ ਖੇਤਰ ਵਿਚ ਖਾਲੀ ਪਈਆਂ ਅਸਾਮੀਆਂ ਦੀ ਗਿਣਤੀ 60 ਲੱਖ ਤੋਂ ਉੱਪਰ ਪਹੁੰਚ ਜਾਵੇਗੀ। ਜਨਤਕ ਖੇਤਰ ਨੂੰ ਸੁਚਾਰੂ ਰੂਪ ’ਚ ਚਲਾਉਣ ਲਈ ਨਵੀਆਂ ਅਸਾਮੀਆਂ ਜਾਰੀ ਕਰਨੀਆਂ ਤਾਂ ਦੂਰ ਦੀ ਗੱਲ ਸਗੋਂ ਉਲਟਾ ਯੂਨੀਅਨ ਤੇ ਸੂਬਾ ਸਰਕਾਰਾਂ ਪਹਿਲਾਂ ਹੀ ਖਾਲੀ ਪਈਆਂ ਅਸਾਮੀਆਂ ਨੂੰ ਵੀ ਨਹੀਂ ਭਰ ਰਹੀਆਂ। ਮੋਦੀ ਸਰਕਾਰ ਦੇ ਪਿਛਲੇ 10 ਸਾਲਾਂ ਦੌਰਾਨ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਨੂੰ ਧੜੱਲੇ ਨਾਲ਼ ਲਾਗੂ ਕੀਤਾ ਜਾ ਰਿਹਾ ਹੈ, ਲਗਾਤਾਰ ਜਨਤਕ ਅਦਾਰਿਆਂ ਦਾ ਭੋਗ ਪਾਇਆ ਜਾ ਰਿਹਾ ਹੈ ਤੇ ਇਨ੍ਹਾਂ ਨੂੰ ਕੌਡੀਆਂ ਦੇ ਭਾਅ ਸਰਮਾਏਦਾਰਾਂ ਹਵਾਲੇ ਕੀਤਾ ਜਾ ਰਿਹਾ ਹੈ। ਭਾਰਤ ਦੀ 141 ਕਰੋੜ ਅਬਾਦੀ ਵਿਚੋਂ ਲਗਭਗ ਅੱਧੀ ਅਬਾਦੀ ਦੀ ਉਮਰ 25 ਸਾਲ ਤੋਂ ਘੱਟ ਹੈ ਅਤੇ ਲਗਭਗ ਦੋ-ਤਿਹਾਈ ਦੀ ਉਮਰ 35 ਸਾਲ ਤੋਂ ਘੱਟ ਹੈ। ਭਾਰਤ ਦੀ ਅਬਾਦੀ ਦੇ ਏਨੇ ਵੱਡੇ ਹਿੱਸੇ ਦਾ ਨੌਜਵਾਨ ਹੋਣ ਦਾ ਅਰਥ ਹੈ ਕਿ ਭਾਰਤ ਨੌਜਵਾਨਾਂ ਦਾ ਦੇਸ਼ ਹੈ।

ਨੌਜਵਾਨੀ ਜਿਸਨੂੰ ਊਰਜਾ ਦਾ ਅਥਾਹ ਸੋਮਾ ਸਮਝਿਆ ਜਾਂਦਾ ਹੈ। ਜਿਵੇਂ ਕਿ ਹਿੰਦੀ ਦੇ ਪ੍ਰਸਿੱਧ ਕਵੀ ਮੁਕਤੀ ਬੋਧ ਨੇ ਆਪਣੇ ਲੇਖ ‘ਨੌਜਵਾਨ ਦਾ ਰਾਹ’ ਵਿਚ ਲਿਿਖਆ ਹੈ ਕਿ, “ਜੇ ਨੌਜਵਾਨੀ ਦੀ ਤਾਕਤ ਨੂੰ, ਗਿਆਨ ਅਤੇ ਬੁੱਧੀ ਤੇ ਕਰਮ ਨਿਸ਼ਚਤਾ ਦੀ ਬਿਜਲੀ ਵਿਚ ਬਦਲਦੇ ਹੋਏ ਦੇਸ਼ ਉਸਾਰੀ ਮਤਲਬ ਕਿ ਮਨੁੱਖੀ ਉਸਾਰੀ ਦੀ ਉੱਚੀ ਤੋਂ ਉੱਚੀ ਮੰਜ਼ਿਲ ਤੱਕ ਪਹੁੰਚਾਇਆ ਜਾ ਸਕਦਾ ਹੈ ਤਾਂ ਬੰਜਰ ਜ਼ਿੰਦਗੀ ਵਿਚ ਇਸ਼ਕ ਅਤੇ ਇਨਕਲਾਬ ਦੀ ਰੂਹਾਨੀਅਤ ਦੀ ਫਸਲ ਖੜ੍ਹੀ ਕੀਤੀ ਜਾ ਸਕਦੀ ਹੈ।” ਪਰ ਭਾਰਤ ਦੀ ਹਕੀਕਤ ਇਹ ਹੈ ਕਿ ਐਥੇ ਨੌਜਵਾਨੀ ਰੁਜ਼ਗਾਰ ਲਈ ਦਰ-ਦਰ ਦੇ ਧੱਕੇ ਖਾ ਰਹੀ ਹੈ। ਜੇ ਮੁਕਤੀਬੋਧ ਦੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਮੌਜੂਦਾ ਸਰਮਾਏਦਾਰਾ ਆਰਥਿਕ ਢਾਂਚੇ ਕੋਲ਼ ਉਹ ਬਿਜਲੀਘਰ ਹੀ ਨਹੀਂ ਹੈ ਜਿਸ ਰਾਹੀਂ ਨੌਜਵਾਨੀ ਦੀ ਇਸ ਊਰਜਾ ਨੂੰ ਮਨੁੱਖੀ ਉਸਾਰੀ ਵਿਚ ਲਾਇਆ ਜਾ ਸਕੇ। ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲ਼ੀ ਮੋਦੀ ਸਰਕਾਰ ਹੁਣ ਪੂਰੀ ਬੇਸ਼ਰਮੀ ਨਾਲ਼ ਕਹਿ ਰਹੀ ਹੈ ਕਿ ਬੇਰੁਜ਼ਗਾਰੀ ਦਾ ਹੱਲ ਸਰਕਾਰ ਨਹੀਂ ਕਰ ਸਕਦੀ। ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਵੀ. ਅਨੰਥਾ ਨਾਗੇਸ਼ਵਰਨ ਨੇ ਬੇਰੁਜ਼ਗਾਰੀ ਸਬੰਧੀ ਉਪਰੋਕਤ ਰਿਪੋਰਟ ਦੇ ਜਵਾਬ ਵਿਚ ਕਿਹਾ ਕਿ, “ਸਰਕਾਰ ਇਹ ਗੱਲ ਕਰ ਸਕਦੀ ਹੈ ਕਿ ਬੇਰੁਜ਼ਗਾਰੀ ਦੀ ਸਮੱਸਿਆ ਹੈ, ਪਰ ਇਸਦਾ ਹੱਲ ਨਹੀਂ ਕਰ ਸਕਦੀ। ਇਸਦੇ ਹੱਲ ਲਈ ਨਿੱਜੀ ਖੇਤਰ ਨੂੰ ਹੋਰ ਰੁਜ਼ਗਾਰ ਮੁਹੱਈਆ ਕਰਵਾਉਣਾ ਚਾਹੀਦਾ ਹੈ।” ਮਤਲਬ ਮੋਦੀ ਸਰਕਾਰ ਦਾ ਸਾਫ ਕਹਿਣਾ ਹੈ ਕਿ ਅਸੀਂ ਨਾਗਰਿਕਾਂ ਨੂੰ ਨਾ ਤਾਂ ਸਿਹਤ ਤੇ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਦੇ ਸਕਦੇ ਹਾਂ ਅਤੇ ਨਾ ਹੀ ਯੋਗਤਾ ਅਨੁਸਾਰ ਪੱਕਾ ਰੁਜ਼ਗਾਰ। ਸਰਕਾਰ ਜੋ ਕਰ ਸਕਦੀ ਹੈ ਤੇ ਕਰ ਰਹੀ ਹੈ ਉਹ ਇਹ ਹੈ ਕਿ ਦੇਸੀ-ਵਿਦੇਸ਼ੀ ਸਰਮਾਏਦਾਰਾਂ ਨੂੰ ਬੇਰੁਜ਼ਗਾਰਾਂ ਦੀ ਅਥਾਹ ਫੌਜ ਦੀ ਨਿਗੂਣੀਆਂ ਉਜਰਤਾਂ ’ਤੇ ਭਿਅੰਕਰ ਲੁੱਟ ਕਰਨ, ਇਸ ਨੌਜਵਾਨੀ ਨੂੰ ਮੁਨਾਫੇ ਲਈ ਨਿਚੋੜਨ ਤੇ ਫਿਰ ਦੁੱਧ ’ਚੋਂ ਮੱਖੀ ਵਾਂਗ ਬਾਹਰ ਸੁੱਟ ਦੇਣ ਲਈ ਖੁੱਲ੍ਹੇ ਹੱਥ ਦੇਣਾ। ਪਰ ਜਿਵੇਂ ਕਿ ਮੁਕਤੀਬੋਧ ਨੇ ਕਿਹਾ ਸੀ, “ਜਿਹੜਾ ਸਮਾਜ ਅਤੇ ਜਿਹੜਾ ਰਾਜ ਨੌਜਵਾਨਾਂ ਨੂੰ ਲਗਾਤਾਰ ਤਰੱਕੀਸ਼ੀਲ ਕਿੱਤਾ ਨਹੀਂ ਦੇ ਸਕਦਾ, ਉਹ ਰਾਜ ਅਤੇ ਉਹ ਸਮਾਜ ਟਿਕ ਨਹੀਂ ਸਕਦਾ। ਇਤਿਹਾਸ ਦੇ ਵਿਸ਼ਾਲ ਹੱਥ ਇਸ ਵੇਲ਼ੇ ਉਸਦੀ ਕਬਰ ਪੁੱਟਣ ਲਈ ਬਹੁਤ ਵੱਡਾ ਟੋਆ ਤਿਆਰ ਕਰ ਰਹੇ ਹਨ।”