ਕਿਸ ਤਰ੍ਹਾਂ ਹੋਵੇਗੀ ਬਰਕਤ ਵੈਦ ਦੇ ਉਪਚਾਰ ਵਿੱਚ
ਜੀਣ ਦੀ ਇੱਛਾ ਹੈ ਜੇਕਰ ਮਰ ਗਈ ਬੀਮਾਰ ਵਿੱਚ
ਜਿੰਦਗੀ ਨੂੰ ਜੀਣ ਦਾ ਉਸਤੋਂ ਵੀ ਤਾਂ ਪੁੱਛੋ ਮਜ਼ਾ
ਸਿੱਖਿਆ ਹੈ ਜਿਸ ਨਿਉਣਾ ਹੀ ਸਦਾ ਸਤਿਕਾਰ ਵਿੱਚ
ਧੜ ਮੇਰੇ ਤੇ ਸੀਸ ਹੀ ਨਾ ਸੀ ਪਤਾ ਲੱਗਿਆ ਉਦੋਂ
ਮੰਗਿਆ ਜਦ ਸੀਸ ਸਾਹਿਬ ਨੇ ਭਰੇ ਦਰਬਾਰ ਵਿੱਚ
ਸੋਚ ਦਾ ਮੱਥੇ ਚ ਦੀਵਾ ਬਾਲ ਜੋ ਤੁਰਦਾ ਘਰੋਂ
ਉਹ ਮੁਸਾਫ਼ਿਰ ਰੌਸ਼ਨੀ ਵੰਡਦਾ ਰਹੇ ਸੰਸਾਰ ਵਿੱਚ
ਨੀਤ ਮਾਂਝੀ ਦੀ ਹੈ ਜੇਕਰ ਡਗਮਗਾ ਜਾਏ ਕਿਤੇ
ਕਿਸ਼ਤੀਆਂ ਫਿਰ ਨਾ ਕਿਵੇਂ ਭਟਕਣ ਭਲਾ ਮੰਝਧਾਰ ਵਿਚ
ਜੋ ਗੁਲਾਬਸ਼ੀ ਦੇ ਫੁੱਲਾਂ ਤੋਂ ਅਗਾਂਹ ਤਕਦੇ ਨਹੀਂ
ਉਹ ਫ਼ਰਕ ਲੱਭਣ ਕਿਵੇਂ ਗੁਲਮੋਹਰ ਤੇ ਕਚਨਾਰ ਵਿਚ
ਏਸ ਨੂੰ ਆਖਾਂ ਨਦਾਨੀ ਜਾਂ ਸੁਰਿੰਦਰ ਹੋਰ ਕੁਝ
ਸੱਚ ਤਾਂ ਇਹ ਹੈ ਕਿ ਮੈਂ ਲੁੱਟਿਆ ਗਿਆ ਇਤਬਾਰ ਵਿਚ
ਲੇਖਕ : ਸੁਰਿੰਦਰ ਸਿੰਘ ਕੋਮਲ