ਗਿੱਲੀਆਂ ਅੱਖਾਂ ਨਾਲ ਸ਼ਬਦਾਂ ਵਿਚੋਂ ਵੇਖਿਆ ਪੰਥ ਪ੍ਰਸਤ ਦਾ ਪਰਿਵਾਰਕ ਵਿਛੋੜਾ

ਲੇਖਕ : ਰਾਮੂੰਵਾਲੀਆ ਬਲਦੀਪ ਸਿੰਘ

ਸ. ਗੁਜਿੰਦਰ ਸਿੰਘ ਹੁਣਾਂ ਦੀ ਚਾਰ ਕੁ ਮਹੀਨੇ ਪਹਿਲਾਂ ਦੀ ਇਹ ਲਿਖਤ ਪੜ੍ਹਿਓ। ਸਬਰ, ਸਿਦਕ, ਸੰਘਰਸ਼, ਤਿਆਗ, ਜਲਾਵਤਨੀ ਕੀ ਹੁੰਦੀ ਐ, ‘ਕੱਲਾ-‘ਕੱਲਾ ਸ਼ਬਦ ਮਹਿਸੂਸ ਕਰਿਓ। ………….. ਉਹ ਵੀ ਤੇਰੀ ਧੀ ਸੀ ਜੋ ਧੱਕੇ ਖਾਂਦੀ ਰਹੀ ਕੁੱਝ ਦਿਨ ਪਹਿਲਾਂ ਮੈਂ ਆਪਣੀ ਜੀਵਨ ਸਾਥਣ ਅਤੇ ਬੇਟੀ ਦੀ ਗੁਰਦਵਾਰਾ ਡੇਹਰਾ ਸਾਹਿਬ ਵਿਚਲੀ ਤਸਵੀਰ ਸਾਂਝੀ ਕੀਤੀ ਸੀ, ਤਾਂ ਕਈ ਦੋਸਤਾਂ ਨੇ ਪਰਿਵਾਰ ਬਾਰੇ ਹੋਰ ਵਧੇਰੇ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਸੀ। ਇਸੇ ਸਿਲਸਿਲੇ ਵਿਚ ਅੱਜ ਇਹ ਪੋਸਟ ਲਿਖ ਰਿਹਾ ਹਾਂ। ਲਾਹੌਰ, ਗੁਰਦਵਾਰਾ ਡੇਹਰਾ ਸਾਹਿਬ ਰਹਿੰਦੇ, ਮੇਰੀ ਜੀਵਨ ਸਾਥਣ ਨੂੰ ਦਿਲ ਦੀ ਪ੍ਰਾਬਲਮ ਹੋ ਗਈ ਸੀ। ਲਾਹੌਰ ਵਿਚ ਦਿਲ ਦੇ ਮਰੀਜ਼ਾਂ ਦਾ ਇੱਕ ਹਸਪਤਾਲ ਹੈ, ਪੰਜਾਬ ਕਾਰਡਿਆਲੋਜੀ, ਜਿਸ ਵਿਚ ਉਹ ਚੈਕ-ਅਪ ਤੇ ਇਲਾਜ ਲਈ ਜਾਂਦੀ ਰਹੀ। ਡਾਕਟਰ ਅਪਰੇਸ਼ਨ ਕਰਵਾਉਣ ਲਈ ਕਹਿ ਰਹੇ ਸਨ। ਕੁੱਝ ਹਮਸਫਰ ਜੋ ਉਸ ਵੇਲੇ ਲਾਹੌਰ ਹੀ, ਜੇਲ੍ਹ ਤੋਂ ਬਾਹਰ ਰਹਿ ਰਹੇ ਸਨ, ਉਨ੍ਹਾਂ ਮੇਰੀ ਸਿੰਘਣੀ ਨੂੰ ਸਲਾਹ ਦਿੱਤੀ ਕਿ ਤੁਸੀਂ ਇੱਥੇ ਅਪਰੇਸ਼ਨ ਨਾ ਕਰਵਾਓ, ਬਲਕਿ ਬਾਹਰ ਚਲੇ ਜਾਓ, ਤੇ ਉਥੇ ਜਾ ਕੇ ਇਲਾਜ ਕਰਵਾ ਲੈਣਾ। ਕਾਫੀ ਵਿਚਾਰ ਵਟਾਂਦਰੇ ਤੋਂ ਬਾਅਦ ਅਖੀਰ ਫੈਸਲਾ ਹੋਇਆ ਕਿ ਉਨ੍ਹਾਂ ਨੂੰ ਅਮਰੀਕਾ ਭੇਜ ਦਿੱਤਾ ਜਾਵੇ। ਅਖੀਰ ਭਾਈ ਦਲਜੀਤ ਸਿੰਘ ਬਿੱਟੂ ਹੁਰਾਂ ਨੇ ਆਪਣੀ ਜਥੇਬੰਦੀ ਦੇ ਸਿੰਘਾਂ ਨੂੰ ਕਹਿ ਕੇ ਉਨ੍ਹਾਂ ਨੂੰ ਅਮਰੀਕਾ ਭੇਜਣ ਦਾ ਇੰਤਜ਼ਾਮ ਕਰਵਾ ਦਿੱਤਾ। ਇਸ ਫੈਸਲੇ ਤੋਂ ਅਮਲ ਤੱਕ ਬਹੁਤ ਸਾਰੀਆਂ ਪਰੇਸ਼ਾਨੀਆਂ ਪੇਸ਼ ਆਈਆਂ, ਜਿਨ੍ਹਾਂ ਦਾ ਮੈਂ ਇੱਥੇ ਜ਼ਿਕਰ ਨਹੀਂ ਕਰਾਂਗਾ। ਬਸ ਇੰਨਾ ਹੀ ਜ਼ਿਕਰ ਕਰਾਂਗਾ, ਕਿ ਇੱਕ ਦਿਨ ਜੇਲ੍ਹ ਮੁਲਾਕਾਤ ਆਈ ਨੇ ਦਸਿਆ ਕਿ ਕੱਲ ਮੇਰੀ ਫਲਾਈਟ ਹੈ।…ਇਸ ਤੋਂ ਕਾਫੀ ਦੇਰ ਬਾਅਦ ਇੱਕ ਚਿੱਠੀ ਰਾਹੀਂ ਪਤਾ ਲੱਗਾ ਕਿ ਮਾਂ-ਧੀ ਅਮਰੀਕਾ ਪਹੁੰਚ ਗਈਆਂ ਹਨ ਅਮਰੀਕਾ ਪਹੁੰਚਣ ਬਾਅਦ ਸਾਡੇ ਇੱਕ ਪੁਰਾਣੇ ਸਾਥੀ ਪ੍ਰਿਤਪਾਲ ਸਿੰਘ ਖਾਲਸਾ, ਗੁਰਦਾਸਪੁਰ ਵਾਲਿਆਂ ਨੇ, ਜੋ ਨਿਊ ਜਰਸੀ ਰਹਿੰਦੇ ਸਨ, ਨੇ ਕੁੱਝ ਹੋਰ ਸਿੰਘਾਂ ਦੇ ਸਹਿਯੋਗ ਨਾਲ ਰਹਿਣ-ਸਹਿਣ ਦਾ ਕੁੱਝ ਇੰਤਜ਼ਾਮ ਕੀਤਾ। ਪੰਜ-ਛੇ ਮਹੀਨੇ ਅਮਰੀਕਾ ਰਹਿਣ ਬਾਅਦ ਜਦੋਂ ਇਹ ਪਤਾ ਲੱਗਾ ਕਿ ਅਮਰੀਕਾ ਇਲਾਜ ਬਹੁਤ ਮਹਿੰਗਾ ਹੈ, ਤੇ ਕੈਨੇਡਾ ਮੈਡੀਕਲ ਫਰੀ ਹੈ, ਕੁੱਝ ਦੋਸਤਾਂ ਦੇ ਮਸ਼ਵਰੇ ਨਾਲ, ਉਹ ਇੱਕ ਦੋਸਤ ਦੇ ਟਰੱਕ ਵਿਚ ਬੈਠ ਕੇ ਹੀ ਕਨੇਡਾ ਪਹੁੰਚ ਗਈਆਂ। ਕਨੇਡਾ ਪਹੁੰਚ ਕੇ ਪਨਾਹ ਦਾ ਕੇਸ ਕੀਤਾ, ਬੱਚੀ ਦੀ ਪੜ੍ਹਾਈ, ਤੇ ਆਪਣਾ ਇਲਾਜ ਸ਼ੁਰੂ ਕਰਵਾਇਆ। ਕਨੇਡਾ ਵਿਚ ਪਨਾਹ ਦੀ ਦਰਖਾਸਤ ਦੇਣ ਬਾਅਦ ਸਰਕਾਰ ਲੋੜੀਂਦਾ ਖਰਚਾ ਵੀ ਦਿੰਦੀ ਸੀ। ਉਹ ਸ਼ੁਰੂ ਤੋਂ ਹੀ ਕਿਸੇ ਉਤੇ ਬੋਝ ਬਣਨੋਂ ਬਚਣਾ ਚਾਹੁੰਦੀ ਸੀ, ਸੋ ਕਨੇਡਾ ਪਹੁੰਚ ਕੇ ਉਸ ਦੀ ਇਹ ਇੱਛਾ ਪੂਰੀ ਹੋ ਗਈ। ਮੈਨੂੰ ਇਹ ਸਾਰਾ ਕੁੱਝ ਜੇਲ੍ਹ ਪਹੁੰਚੀਆਂ ਚਿੱਠੀਆਂ ਰਾਹੀਂ ਕਾਫੀ ਸਮੇਂ ਬਾਅਦ ਪਤਾ ਲੱਗਾ ਸੀ। ਕਨੇਡਾ ਵਿਚ ਪਨਾਹ ਦਾ ਕੇਸ ਤਿੰਨ ਕੁ ਸਾਲ ਚੱਲਣ ਬਾਅਦ ਆਖਰ ਉਸ ਨੂੰ ਇੱਕ ‘ਵੱਡੇ ਅਤਿਵਾਦੀ ਦੀ ਮਦਦਗਾਰ ਪਤਨੀ’ ਗਰਦਾਨ ਕੇ ਡਿਪੋਰਟ ਕਰਨ ਦਾ ਫੈਸਲਾ ਹੋ ਗਿਆ। ਮੈਂ ਇਸ ਵੇਲੇ ਤੱਕ ਕੋਟ ਲਖਪੱਤ ਜੇਲ੍ਹ ਤੋਂ ਰਿਹਾਅ ਹੋ ਚੁੱਕਾ ਸਾਂ। ਇਸ ਤੋਂ ਬਾਅਦ ਹਮਦਰਦੀ ਰੱਖਣ ਵਾਲੇ ਸਿੰਘਾਂ ਨੇ ਉਨ੍ਹਾਂ ਨੂੰ ਮੁੜ ਅਮਰੀਕਾ ਭੇਜਣ, ਤੇ ਉਥੇ ਪਨਾਹ ਦਾ ਕੇਸ ਦਰਜ ਕਰਵਾਣ ਲਈ, ਅਮਰੀਕਾ ਭੇਜ ਦਿੱਤਾ। ਮਾਂ-ਧੀ ਦੇ ਅਮਰੀਕਾ ਪਹੁੰਚਣ ਦੀ ਕਹਾਣੀ ਕਾਫੀ ਲੰਮੀ ਹੈ, ਪਰ ਮੈਂ ਉਹ ਨਹੀਂ ਲਿਖਣੀ ਚਾਹਾਂਗਾ। ਇੰਨਾ ਹੀ ਕਾਫੀ ਹੈ, ਕਿ ਵਾਪਿਸ ਅਮਰੀਕਾ ਪਹੁੰਚ ਗਈਆਂ, ਤੇ ਕਈ ਮਹੀਨੇ ਦੀ ਭਟਕਣ ਬਾਅਦ ਕੈਲੀਫੋਨੀਆ ਵਿਚ ਪਨਾਹ ਦੀ ਦਰਖਾਸਤ ਦਰਜ ਕਰਵਾਈ। ਬੇਟੀ ਦੀ ਪੜ੍ਹਾਈ ਦਾ ਸਿਲਸਿਲਾ ਇੱਕ ਵਾਰ ਫਿਰ ਟੁੱਟਣ ਬਾਅਦ ਜੁੜਿਆ ਤੇ ਜ਼ਿੰਦਗੀ ਸ਼ੁਰੂ ਹੋਈ। ਇੱਥੇ ਵੀ ਕੁੱਝ ਹਮਦਰਦ ਤੇ ਪਿਆਰ ਕਰਨ ਵਾਲੇ ਸਿੰਘਾਂ ਨੇ ਉਨ੍ਹਾਂ ਦੀ ਸਾਂਭ-ਸੰਭਾਲ ਕੀਤੀ। ਚਾਰ ਪੰਜ ਸਾਲ ਬਾਅਦ ਜਦੋਂ ਬੇਟੀ ਨੇ ਸਕੂਲ ਗਰੈਜੂਏਸ਼ਨ ਹਾਈ ਗਰੇਡ ਨਾਲ ਕਰ ਲਈ, ਤੇ ਅਗਲੀ ਡਾਕਟਰੀ ਦੀ ਪੜ੍ਹਾਈ ਲਈ ਵਜ਼ੀਫਾ ਵੀ ਮਨਜ਼ੂਰ ਹੋ ਗਿਆ ਸੀ, ਤਾਂ ਮੇਰੀ ਸਿੰਘਣੀ ਨੂੰ ਕੋਰਟ ਵੱਲੋਂ ਡਿਪੋਰਟ ਕਰਨ ਦਾ ਫੈਸਲਾ ਸੁਣਾ ਦਿੱਤਾ ਗਿਆ। ਦੋਸਤਾਂ ਮਿੱਤਰਾਂ ਦੇ ਮਸ਼ਵਰੇ ਤੇ ਲੰਮੀ ਸੋਚ ਵਿਚਾਰ ਬਾਅਦ ਫੈਸਲਾ ਹੋਇਆ ਕਿ ਉਨ੍ਹਾਂ ਨੂੰ ਮੇਰੇ ਕੋਲ ਭੇਜ ਦਿੱਤਾ ਜਾਵੇ, ਤੇ ਬੇਟੀ ਨੂੰ ਪੜ੍ਹਾਈ ਦੀ ਬੁਨਿਆਦ ਉਤੇ ਅਮਰੀਕਾ ਹੀ ਰਹਿਣ ਦਿੱਤਾ ਜਾਵੇ, ਜਿਸ ਦੀ ਇਜਾਜ਼ਤ ਦੀ ਯਕੀਨ ਦਹਾਨੀ ਵਕੀਲ ਸੇਖੋਂ ਸਾਹਿਬ ਨੇ ਕਰਵਾਈ ਸੀ। ਅਖੀਰ ਇੱਕ ਦਿਨ ਉਹ ਬੇਟੀ ਬਿਕਰਮ ਨੂੰ ਅਮਰੀਕਾ ਇੱਕ ਹਮਦਰਦ ਦੋਸਤ ਜਸਜੀਤ ਸਿੰਘ ਤੇ ਉਨ੍ਹਾਂ ਦੀ ਮਿਿਸਜ਼ ਦੀ ਨਿਗਰਾਨੀ ਵਿਚ ਛੱਡ ਕੇ ਮੇਰੇ ਜਲਾਵਤਨ ਟਿਕਾਣੇ ਉਤੇ ਮੇਰੇ ਕੋਲ ਪਹੁੰਚ ਗਈ। ਬੇਟੀ ਬਿਕਰਮ ਆਪਣੀ ਮਾਂ ਦੀ ਡਿਪੋਰਟੇਸ਼ਨ ਤੋਂ ਬਾਅਦ ਆਪਣੀ ਪੜ੍ਹਾਈ ਜਾਰੀ ਨਾ ਰੱਖ ਸਕੀ, ਤੇ ਉਸ ਨੂੰ ਜ਼ਿੰਦਗੀ ਚੱਲਦੀ ਰਖਣ ਲਈ ਨੌਕਰੀ ਕਰਨੀ ਪੈ ਗਈ। ਬੇਟੀ ਨੂੰ ਅੱਛੀ ਪੜ੍ਹਾਈ ਕਰਾਉਣ ਦਾ ਮੇਰਾ ਸੁਪਨਾ ਇੰਝ ਬਿਖਰ ਕੇ ਰਹਿ ਗਿਆ। ਜੀਵਨ ਸਾਥਣ ਦਾ ਮੇਰੇ ਕੋਲ ਆਉਣਾ ਯਕੀਨਨ ਵੱਡੀ ਖੁਸ਼ੀ ਦੀ ਗੱਲ ਸੀ, ਪਰ ਮੇਰੇ ਕੋਲ ਰਹਿੰਦੇ ਵੀ ਬਿਮਾਰੀਆਂ ਨੇ ਉਸ ਦਾ ਖਹਿੜਾ ਨਾ ਛਡਿਆ। ਛੇ/ਸੱਤ ਮਹੀਨੇ ਕੱਠੇ ਰਹਿਣ ਬਾਅਦ ਜਦੋਂ ਇਹ ਮਹਿਸੂਸ ਹੋਇਆ ਕਿ ਉਸ ਦਾ ਆਪਣੀਆਂ ਬਿਮਾਰੀਆਂ ਨਾਲ ਹੋਰ ਇੱਥੇ ਰਹਿਣਾ ਲਗਾਤਾਰ ਤਕਲੀਫ-ਦੇਹ ਬਣਦਾ ਜਾ ਰਿਹਾ ਹੈ, ਤਾਂ ਜਰਮਨ ਵਾਲੇ ਕੁੱਝ ਦੋਸਤਾਂ ਨੇ ਉਨ੍ਹਾਂ ਵੱਲ ਭੇਜ ਦੇਣ ਦਾ ਮਸ਼ਵਰਾ ਦਿੱਤਾ। ਦੋਸਤਾਂ ਦੀ ਰਾਏ ਮੁਤਾਬਕ ਜਰਮਨ ਭੇਜਣ ਦਾ ਇੰਤਜ਼ਾਮ ਕੀਤਾ। ਕਾਫੀ ਰਿਸਕੀ ਸਫਰ ਤੈਅ ਕਰ ਕੇ ਉਹ ਜਰਮਨ ਪਹੁੰਚਣ ਵਿਚ ਕਾਮਯਾਬ ਹੋ ਗਈ। ਜਰਮਨ ਵਿਚ ਪਨਾਹ ਦਾ ਕੇਸ ਦਰਜ ਹੋਇਆ, ਫਿਰ ਇੱਥੇ ਵੀ ਇਨਕਾਰ ਹੋਇਆ, ਪਰ ਇਲਾਜ-ਮੁਲਾਹਜ਼ੇ ਪੱਖੋਂ ਜਰਮਨ ਬਹੁਤ ਵਧੀਆ ਮੁਲਕ ਸਾਬਤ ਹੋਇਆ। ਇਸ ਮੁਲਕ ਨੇ ਅੱਛੀ ਮੈਡੀਕਲ ਟਰੀਟਮੈਂਟ ਦਿੱਤੀ, ਤੇ ਅਖੀਰ ਡਾਕਟਰਾਂ ਦੀ ਹਮਾਇਤ ਨਾਲ ਹੀ ਉਨ੍ਹਾਂ ਨੂੰ ਉਥੇ ਮੈਡੀਕਲ ਗਰਾਊਂਡ ਉਤੇ ਰਹਿਣ ਦੀ ਇਜਾਜ਼ਤ ਮਿਲੀ ਤੇ ਇੱਕ ਟਰੈਵਲ ਡਾਕੂਮੈਂਟ ਵੀ ਮਿਿਲਆ। ਪੰਜ ਸਾਲ ਪਹਿਲਾਂ ਜਰਮਨ ਤੋਂ ਆਪਣੇ ਅਕਾਲ ਚਲਾਣੇ ਤੋਂ ਪਹਿਲਾਂ ਉਸ ਨੇ ਮੇਰੇ ਕੋਲ ਤਿੰਨ/ਚਾਰ ਚੱਕਰ ਵੀ ਲਾਏ। ਸਿੰਘਣੀ ਦੇ ਜਰਮਨ ਵਿਚ ਰਹਿੰਦੇ ਹੀ, ਬੇਟੀ ਬਿਕਰਮਜੀਤ ਕੌਰ ਦਾ ਯੂਕੇ ਦੇ ਸਰਦਾਰ ਮੰਗਲ ਸਿੰਘ ਦੇ ਬੇਟੇ ਗੁਰਪ੍ਰੀਤ ਸਿੰਘ ਨਾਲ ਰਿਸ਼ਤਾ ਤੈਅ ਹੋਇਆ, ਤੇ ਅਮਰੀਕਾ ਤੋਂ ਸਿੱਧੀ ਯੂਕੇ ਪਹੁੰਚੀ। ਨਜ਼ਦੀਕੀ ਦੋਸਤਾਂ ਸਰਦਾਰ ਕੇਸਰ ਸਿੰਘ ਮੰਡ ਅਤੇ ਮਨਮੋਹਨ ਨੇ ਰਲ-ਮਿਲ ਕੇ ਬਿਕਰਮ ਦਾ ਆਨੰਦ ਕਾਰਜ ਕਰਵਾਇਆ ਤੇ ਹੁਣ ਉਹ ਆਪਣੇ ਪਤੀ ਅਤੇ ਦੋ ਬਚਿਆਂ ਨਾਲ ਰਾਜ਼ੀ ਖੁਸ਼ੀ ਰਹਿ ਰਹੀ ਹੈ। ਉਸ ਦੇ ਆਨੰਦ ਕਾਰਜ ਉਤੇ ਨਾ ਮੈਂ ਜਾ ਸਕਿਆ ਸਾਂ, ਤੇ ਨਾ ਉਸ ਦੀ ਮਾਂ ਨੂੰ ਇਜਾਜ਼ਤ ਮਿਲੀ ਸੀ। ਜਰਮਨ ਰਹਿਣ ਦੌਰਾਨ ਉਸ ਦਾ ਖਿਆਲ, ਉਸ ਦੀ ਦੇਖਭਾਲ ਬਹੁਤਾ ਬੇਟੀ ਜਸਪਾਲ ਕੌਰ ਨੇ ਕੀਤੀ। ਮੇਰੀ ਜੀਵਨ ਸਾਥਣ ਦੁਨੀਆਂ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਨਕਲੀ ਪਾਸਪੋਰਟਾਂ ਉਤੇ ਧੱਕੇ ਖਾਂਦੀ ਰਹੀ, ਪਰ ਕਿਤੇ ਉਸ ਦੇ ਪੈਰ ਨਾ ਲੱਗੇ, ਕਿਤੇ ਉਹ ਟਿਕ ਨਾ ਸਕੀ, ਤੇ ਅਖੀਰ 23 ਜਨਵਰੀ 2019 ਨੂੰ ਆਪਣੇ ਸਾਰੇ ਦੁੱਖ ਤਕਲੀਫਾਂ ਨੂੰ ਸਮੇਟ ਕੇ ਇਸ ਦੁਨੀਆਂ ਤੋਂ ਵਿਦਾ ਹੋ ਗਈ। ਪੰਜ ਸਾਲ ਪਹਿਲਾਂ ਜਦੋਂ ਮੇਰੀ ਸਿੰਘਣੀ ਦਾ ਅਕਾਲ ਚਲਾਣਾ ਹੋਇਆ, ਮੈਂ ਆਪਣੇ ਜਲਾਵਤਨ ਟਿਕਾਣੇ ਉਤੇ ਸਾਂ, ਤੇ ਉਸ ਦੇ ਆਖਰੀ ਸਫਰ ਦੀਆਂ ਬਸ ਤਸਵੀਰਾਂ ਹੀ ਦੇਖ ਸਕਿਆ ਸਾਂ।

          -ਗਜਿੰਦਰ ਸਿੰਘ, ਦਲ ਖਾਲਸਾ। 4.3.2024

Exit mobile version