ਅਧੂਰੀ ਖ਼ਾਹਿਸ਼

ਲੇਖਕ : ਹਰਪ੍ਰੀਤ ਕੌਰ ਪਬਰੀ

ਸੰਪਰਕ : ਹੳਰਪਰੲੲਟਪੳਬਰ9ਿ4੍ਗਮੳਲਿ.ਚੋਮ

ਵਿਆਹ ਨੂੰ ਤਿੰਨ ਸਾਲ ਹੋ ਗਏ ਹਨ। ਇਸ ਸਮੇਂ ਦੌਰਾਨ ਮੰਮੀ (ਸੱਸ) ਤੋਂ ਅਕਸਰ ਨਾਨੀ ਜੀ ਬਾਰੇ ਕਈ ਗੱਲਾਂ ਪਤਾ ਲੱਗੀਆਂ। ਉਹ ਜਦ ਵੀ ਨਾਨੀ ਜੀ ਦੀ ਗੱਲ ਕਰਦੇ ਤਾਂ ਉਨ੍ਹਾਂ ਦੀ ਸਿਲਾਈ-ਬੁਣਾਈ, ਖਾਣਾ ਪਕਾਉਣ ਦੇ ਅੰਦਾਜ਼ ਬਾਰੇ ਤੇ ਹੋਰ ਕਿੰਨੀਆਂ ਹੀ ਗੱਲਾਂ ਕਰਦੇ ਰਹਿੰਦੇ। ਮੰਮੀ ਦੱਸਦੇ ਕਿ ਨਾਨੀ ਜੀ ਨੂੰ ਸਾਰੀ ਗੁਰਬਾਣੀ ਮੂੰਹ ਜ਼ਬਾਨੀ ਯਾਦ ਹੈ ਤੇ ਉਹ ਹਮੇਸ਼ਾ ਗੁਰਬਾਣੀ ਦਾ ਪਾਠ ਕਰਦੇ ਰਹਿੰਦੇ। ਨਾਨੀ ਜੀ ਤਕਰੀਬਨ 80 ਸਾਲਾਂ ਦੇ ਹੋਣ ਵਾਲੇ ਸਨ। ਇਸ ਸਮੇਂ ਦੌਰਾਨ ਉਨ੍ਹਾਂ ਨੇ ਕਦੇ ‘ਆਤਮ-ਮਾਰਗ’ ਮੈਗਜ਼ੀਨ ਪੜ੍ਹਨਾ ਨਹੀਂ ਛੱਡਿਆ ਸੀ। ਇੱਕ ਦਿਨ ਪਤਾ ਲੱਗਾ ਕਿ ਉਨ੍ਹਾਂ ਨੂੰ ਅਧਰੰਗ ਦਾ ਦੌਰਾ ਪੈ ਗਿਆ ਹੈ ਤੇ ਉਹ ਚੰਡੀਗੜ੍ਹ 32 ਸੈਕਟਰ ਵਾਲੇ ਹਸਪਤਾਲ ਦਾਖ਼ਲ ਹਨ। ਮੰਮੀ ਉਨ੍ਹਾਂ ਦੀ ਖ਼ਬਰ ਲੈਣ ਹਸਪਤਾਲ ਗਏ ਤਾਂ ਉਹ ਮੰਮੀ ਨੂੰ ਮਿਲ ਕੇ ਬਹੁਤ ਖ਼ੁਸ਼ ਹੋਏ ਤੇ ਘਰ ਸਭ ਬਾਰੇ ਪੁੱਛਿਆ।

ਘਰ ਆ ਕੇ ਮੰਮੀ ਫਿਰ ਨਾਨੀ ਜੀ ਦੀਆਂ ਗੱਲਾਂ ਦੱਸਣ ਲੱਗੇ। ਉਹ ਦੱਸ ਰਹੇ ਸੀ ਕਿ ਨਾਨੀ ਜੀ ਨੂੰ ਰਾਤ ਨੂੰ ਪਾਠ ਕਰਦਿਆਂ ਜੇ ਨੀਂਦ ਆ ਜਾਂਦੀ ਤਾਂ ਸਵੇਰੇ ਉੱਠ ਕੇ ਉੱਥੋਂ ਹੀ ਫਿਰ ਤੋਂ ਸ਼ੁਰੂ ਕਰ ਲੈਂਦੇ। ਜਿਵੇਂ-ਜਿਵੇਂ ਮੰਮੀ ਨਾਨੀ ਜੀ ਦੀਆਂ ਗੱਲਾਂ ਦੱਸਦੇ, ਓਨੀ ਹੀ ਨਾਨੀ ਜੀ ਨੂੰ ਮਿਲਣ ਦੀ ਤਾਂਘ ਵਧਦੀ ਜਾਂਦੀ। ਕੁਝ ਕੁ ਦਿਨਾਂ ਮਗਰੋਂ ਮੈਂ ਮੰਮੀ ਨੂੰ ਨਾਨੀ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਪਾਂ ਛੇਤੀ ਹੀ ਉਨ੍ਹਾਂ ਨੂੰ ਮਿਲਣ ਜਾਵਾਂਗੇ। ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਹੋ ਗਈ ਪਰ ਸਾਡੇ ਕੋਲੋਂ ਆਪਣੇ ਨਵੇਂ ਸ਼ੁਰੂ ਕੀਤੇ ਕਾਰੋਬਾਰ ਕਾਰਨ ਜਾ ਨਾ ਹੋਇਆ। ਇੱਕ-ਦੋ ਵਾਰ ਨਾਨੀ ਜੀ ਨਾਲ ਫੋਨ ’ਤੇ ਗੱਲ ਹੋ ਗਈ ਸੀ ਤੇ ਉਹ ਗੱਲ ਕਰ ਕੇ ਖ਼ੁਸ਼ ਵੀ ਬਹੁਤ ਹੁੰਦੇ। ਸਾਰੀਆਂ ਮਾਸੀਆਂ ਨਾਨਕੇ ਪਿੰਡ ਦੇ ਨੇੜੇ ਹੋਣ ਕਰ ਕੇ ਨਾਨੀ ਜੀ ਨੂੰ ਮਿਲ ਆਉਂਦੀਆਂ ਤੇ ਮੰਮੀ ਨੂੰ ਵੀ ਉਨ੍ਹਾਂ ਦਾ ਹਾਲ-ਚਾਲ ਦੱਸ ਦਿੰਦੀਆਂ।

ਇੱਕ ਦਿਨ ਮਾਮੀ ਜੀ ਦਾ ਫੋਨ ਆਇਆ ਕਿ ਨਾਨੀ ਜੀ ਫਿਰ ਬਿਮਾਰ ਹੋ ਗਏ ਹਨ। ਅਸੀਂ ਸਲਾਹ ਬਣਾਈ ਕਿ ਹੁਣ ਜੋ ਮਰਜ਼ੀ ਹੋ ਜਾਏ, ਉਨ੍ਹਾਂ ਨੂੰ ਮਿਲਣ ਜਾਣਾ ਹੀ ਜਾਣਾ। ਅਸੀਂ ਐਤਵਾਰੀਂ ਜਾਣ ਦੀ ਸਲਾਹ ਬਣਾਈ ਪਰ ਉਸ ਦਿਨ ਕੁਝ ਰਿਸ਼ਤੇਦਾਰਾਂ ਨੇ ਸਾਡੇ ਘਰ ਆਉਣ ਲਈ ਕਹਿ ਦਿੱਤਾ। ਖ਼ੈਰ! ਅਸੀਂ ਮੰਗਲਵਾਰ ਦਾ ਦਿਨ ਤੈਅ ਕੀਤਾ ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਮਨਜ਼ੂਰ ਸੀ।

ਐਤਵਾਰ ਦੀ ਸਵੇਰ 10 ਕੁ ਵਜੇ ਨਾਨਕੇ ਪਿੰਡੋਂ ਫੋਨ ਆਇਆ ਕਿ ਨਾਨੀ ਜੀ ਦਾ ਦੇਹਾਂਤ ਹੋ ਗਿਆ ਹੈ। ਇਸ ਗੱਲ ਨੇ ਸਾਨੂੰ ਸਭ ਨੂੰ ਹਿਲਾ ਕੇ ਰੱਖ ਦਿੱਤਾ। ਮੰਮੀ ਤੋਂ ਤਾਂ ਆਪਣਾ ਆਪ ਵੀ ਨਹੀਂ ਸੀ ਸੰਭਲ ਰਿਹਾ। ਉਨ੍ਹਾਂ ਨੂੰ ਨਾਨੀ ਜੀ ਨੂੰ ਜਿਊਂਦੇ ਜੀਅ ਨਾ ਮਿਲਣ ਦਾ ਅਫ਼ਸੋਸ ਵੱਢ-ਵੱਢ ਖਾ ਰਿਹਾ ਸੀ। ਜਦੋਂ ਸਸਕਾਰ ’ਤੇ ਗਏ ਤਾਂ ਜਿਸ ਮੰਜੇ ’ਤੇ ਨਾਨੀ ਜੀ ਆਖ਼ਿਰੀ ਸਮੇਂ ਸੁੱਤੇ ਪਏ ਸਨ, ‘ਆਤਮ-ਮਾਰਗ’ ਵੀ ਉਨ੍ਹਾਂ ਦੇ ਸਿਰਹਾਣੇ ਸੀ। ਛੋਟੇ ਮਾਸੀ ਜੀ ਦੱਸ ਰਹੇ ਸਨ ਕਿ ਬੀਬੀ ਨਾਲ ਉਨ੍ਹਾਂ ਦੀ ਗੱਲ ਹੋਈ ਸੀ। ਮਾਸੀ ਕਹਿੰਦੇ, ਜਦੋਂ ਤੁਹਾਡੇ ਆਉਣ ਬਾਰੇ ਦੱਸਿਆ ਤਾਂ ਬਹੁਤ ਖ਼ੁਸ਼ ਹੋਏ ਸਨ।

ਮਾਸੀ ਜੀ ਦੀ ਗੱਲ ਸੁਣ ਕੇ ਮੈਨੂੰ ਲੱਗ ਰਿਹਾ ਸੀ ਕਿ ਮੈਂ ਨਾਨੀ ਜੀ ਨੂੰ ਮਿਲਣ ਦਾ ਮੌਕਾ ਗੁਆ ਦਿੱਤਾ ਸੀ ਤੇ ਆਪਣੇ ਆਪ ’ਤੇ ਗੁੱਸਾ ਆ ਰਿਹਾ ਸੀ ਕਿ ਪਿਛਲੇ ਤਿੰਨ ਸਾਲਾਂ ਵਿੱਚ ਮੈਂ ਉਨ੍ਹਾਂ ਨੂੰ ਕਿਉਂ ਨਾ ਮਿਲੀ। ਸਭ ਤੋਂ ਵੱਧ ਅਫ਼ਸੋਸ ਇਸ ਗੱਲ ਦਾ ਸੀ ਕਿ ਜੇ ਮੈਂ ਉਨ੍ਹਾਂ ਨੂੰ ਮਿਲ ਲੈਂਦੀ ਤਾਂ ਮੈਨੂੰ ਪਤਾ ਨਹੀਂ ਕਿੰਨਾ ਕੁਝ ਸਿੱਖਣ ਨੂੰ ਮਿਲਦਾ, ਖ਼ਾਸ ਕਰ ਗੁਰਬਾਣੀ ਬਾਰੇ। ਮਾਸੀ ਜੀ ਦੀਆਂ ਗੱਲਾਂ ਸੁਣ ਕੇ ਲੱਗ ਰਿਹਾ ਸੀ ਕਿ ਸ਼ਾਇਦ ਮੇਰੇ ਨਾਲ-ਨਾਲ ਨਾਨੀ ਜੀ ਦੀ ਵੀ ਸਾਨੂੰ ਮਿਲਣ ਦੀ ਖ਼ਾਹਿਸ਼ ਅਧੂਰੀ ਰਹਿ ਗਈ ਸੀ।

Related Articles

Latest Articles

Exit mobile version