0.8 C
Vancouver
Sunday, January 19, 2025

ਗ਼ਜ਼ਲ

ਧਨ ਦੌਲਤ ਦੀ ਸ਼ਕਤੀ ਦਾ ਪ੍ਰਦਰਸ਼ਨ ਭੈਣ ਭਰਾਵਾਂ ਵਿਚ ।

ਮੁੱਕ ਗਿਆ ਹੈ ਰਿਸ਼ਤੇ ਦਾ ਆਕਰਸ਼ਣ ਭੈਣ ਭਰਾਵਾਂ ਵਿਚ ।

ਹਰ ਇਕ ਰਿਸ਼ਤਾ ਟੁਕੜੇ-ਟੁਕੜੇ ਹੋ ਕੇ ਨਜ਼ਰੀਂ ਆਉਂਦਾ ਹੈ ,

ਨਫ਼ਰਤ ਨੇ ਹੀ ਵੰਡ ਦਿੱਤਾ ਹੈ ਦਰਪਣ ਭੈਣ ਭਰਾਵਾਂ ਵਿਚ ।

ਜਦ ਤਕ ਮਾਪਿਆਂ ਦੀ ਦੌਲਤ ਸੀ ਖ਼ੁਸ਼ੀਆਂ ਸ਼ੌਂਕ ਬਹਾਰਾਂ ਸੀ,

ਮੰਦਿਰ ਵਾਂਗੂੰ ਹੋਵੇ ਪੂਜਾ ਅਰਚਨ ਭੈਣ ਭਰਾਵਾਂ ਵਿਚ ।

ਜਦ ਤਕ ਨਿੱਸ ਸਵਾਰਥ ਹੋ ਕੇ ਇਕੱਠੇ ਮਿਲਦੇ ਬਹਿੰਦਾ ਆ,

ਤਦ ਤਕ ਰਹਿੰਦਾ ਘੁਮੰਡ ਰਹਿਤ ਸਮਰਪਣ ਭੈਣ ਭਰਾਵਾਂ ਵਿਚ ।

ਹੁਣ ਨਈੰ ਹੁੰਦੇ ਨਿੱਸ ਸਵਾਰਥ ਖ਼ੁਸ਼ੀਆਂ ਖੇੜੇ, ਰਹਿਮਤ ਦੇ,

ਆਯੋਜਨ, ਪ੍ਰਯੋਜਨ ਤੇ ਸ਼ੁਭਕਰਮਨ ਭੈਣ ਭਰਾਵਾਂ ਵਿਚ ।

ਇਕ ਦੂਜੇ ਦੇ ਦੁਖ-ਸੁਖ ਵਿਚ ਮਹਿਸੂਸ ਅਤੇ ਅਹਿਸਾਨ ਬਣਨ,

ਖੂਨ ‘ਚ ਹੁੰਦੀ ਸੀ ਇਕ ਸਾਂਝੀ ਧੜਕਨ ਭੈਣ ਭਰਾਵਾਂ ਵਿਚ ।

ਮੋਹ ਮਮਤਾ ਦਾ ਸਾਰਾ ਦਰਿਆ ਸੁੱਕ ਗਿਆ ਹੈ, ਮੁੱਕ ਗਿਆ ਹੈ,

ਲੈ ਬੈਠੀ ਏ ਇਕ ਦੂਜੇ ਦੀ ਅਕੜਨ ਭੈਣ ਭਰਾਵਾਂ ਵਿਚ ।

ਝੂਠੀ ਸ਼ਿਸ਼ਟਾਚਾਰ ਨਿਭਾਂਦੇ, ਝੂਠੀ ਹੀ ਉਪਚਾਰਿਕਤਾ,

ਅਰਥੀ ਤੇ ਵੀ ਹੋਣ ਨਾ ਹੰਝੂ ਸਿਰਜਨ ਭੈਣ ਭਰਾਵਾਂ ਵਿਚ ।

ਸ਼ਗਨ- ਲਿਫਾਫੇ ਦੇ ਵਿਚ ਹੋਈ ਸੀਮਤ ਸਾਰੀ ਮਰਿਆਦਾ,

ਭੰਗੜੇ ਦੀ ਮੰਤਰ ਮੁਗਧ ਜਿਹੀ ਥਿਰਕਨ ਭੈਣ ਭਰਾਵਾਂ ਵਿਚ ।

‘ਬਾਲਮ’ ਦੁਸ਼ਮਣ ਬਣ ਜਾਵੇਗਾ ਪੀੜੀ ਦਰ ਪੀੜੀ ਵੇਖੀਂ ,

ਜੇੇਰਰ ਸ਼ੁਧਤਾ ਨਾਲ ਨਾ ਹੋਇਆ ਅਰਪਨ ਭੈਣ ਭਰਾਵਾਂ ਵਿਚ ।

ਲੇਖਕ :  ਬਲਵਿੰਦਰ ਬਾਲਮ ਗੁਰਦਾਸਪੁਰ, ਮੋ. 98156-25409

Previous article
Next article

Related Articles

Latest Articles