ਅਧੂਰੇ ਲੋਕ

ਦੂਹਰੇ ਮਿਆਰ, ਕਿਰਦਾਰ ਨਾ ਪੂਰੇ ਨੇ

ਝੂਠੜੇ ਪਿਆਰ, ਸਤਿਕਾਰ ਨਾ ਪੂਰੇ ਨੇ

ਮੂੰਹਾਂ ਤੇ ਸ਼ਹਿਦ, ਦਿਲਾਂ ’ਚ ਜ਼ਹਿਰ ਨੇ

ਕੁਝ ਲੋਕ ਪੂਰੇ ਨ੍ਹੀਂ, ਅਸਲੋਂ ਅਧੂਰੇ ਨੇ…

ਲਿਖਦੇ ਨੇ ਕੁਝ, ਪੜ੍ਹਦੇ ਨੇ ਕੁਝ

ਕਹਿੰਦੇ ਨੇ ਕੁਝ, ਕਮਾਉਂਦੇ ਨੇ ਕੁਝ

ਸੋਚਦੇ ਨੇ ਕੁਝ, ਭਾਸਰਦੇ ਨੇ ਕੁਝ

ਕੁਝ ਲੋਕ ਪੂਰੇ ਨ੍ਹੀਂ, ਅਸਲੋਂ ਅਧੂਰੇ ਨੇ…

ਝੂਠੇ ਇਹ ਹਾਸੇ ਨੇ ਤੇ ਹਉਕੇ ਵੀ ਝੂਠੇ ਨੇ

ਝੂਠੇ ਇਹ ਤਾਅਨੇ ਤੇ ਮਿਹਣੇ ਵੀ ਝੂਠੇ ਨੇ

ਝੂਠੇ ਇਹ ਬੋਲ ਨੇ ਤੇ ਰੋਲ ਵੀ ਝੂਠੇ ਨੇ

ਕੁਝ ਲੋਕ ਪੂਰੇ ਨ੍ਹੀਂ, ਅਸਲੋਂ ਅਧੂਰੇ ਨੇ…

ਝੂਠੀਆਂ ਇਹ ਆਨਾਂ ਨੇ ਤੇ ਝੂਠੀਆਂ ਈ ਸ਼ਾਨਾਂ ਨੇ

ਝੂਠੀਆਂ ਇਹ ਉਸਤਤਾਂ ਨੇ ਤੇ ਝੂਠੀਆਂ ਆਲੋਚਨਾ ਨੇ

ਕੱਦ ਦੇ ਉੱਚੇ ਤੇ ਸੋਚਾਂ ਦੇ ਬੌਣੇ ਨੇ

ਕੁਝ ਲੋਕ ਪੂਰੇ ਨ੍ਹੀਂ, ਅਸਲੋਂ ਅਧੂਰੇ ਨੇ…

ਲੋੜ ਪੈਣ ’ਤੇ ਨੇੜੇ ਇਹ ਲੱਗਦੇ ਨੇ

ਜ਼ਰੂਰਤ ਕਿਸੇ ਦੀ ਤੋਂ ਪਾਸਾ ਇਹ ਵੱਟਦੇ ਨੇ

ਕਿਸੇ ਦੇ ਵੀ ਇਹ ਸਕੇ ਨਾ ਲੱਗਦੇ ਨੇ

ਕੁਝ ਲੋਕ ਪੂਰੇ ਨ੍ਹੀਂ, ਅਸਲੋਂ ਅਧੂਰੇ ਨੇ…

ਅਹਿਸਾਨ ਕਿਸੇ ਦਾ ਜ਼ਰਾ ਨਾ ਮੰਨਦੇ ਨੇ

ਸ਼ੁਕਰਾਨਾ ਕਿਸੇ ਦਾ ਭੋਰਾ ਨਾ ਕਰਦੇ ਨੇ

ਕਿਸੇ ਦੀ ਤਰੱਕੀ ਨੂੰ ਜ਼ਰਾ ਨਾ ਜਰਦੇ ਨੇ

ਕੁਝ ਲੋਕ ਪੂਰੇ ਨ੍ਹੀਂ, ਅਸਲੋਂ ਅਧੂਰੇ ਨੇ…

ਲੇਖਕ :  ਮੁਹੰਮਦ ਅੱਬਾਸ ਧਾਲੀਵਾਲ, ਸੰਪਰਕ: 98552-59650

Exit mobile version