ਲਿਖਤ : ਜੀਤ ਹਰਜੀਤ,
ਸੰਪਰਕ: 98146-34446
”ਯਾਰ ਜੀਤਿਆ… ਇਹ ਮਹਾਜਨਾਂ ਨੇ ਬੜਾ ਦੁਖੀ ਕੀਤਾ ਪਿਆ। ਨਿੱਤ ਨਵੀਂ ਤੋਂ ਨਵੀਂ ਚੀਜ਼ ਲਿਆ ਦਿੰਦੇ ਨੇ ਆਪਣੇ ਜਵਾਕਾਂ ਨੂੰ। ਇਹੋ ਜਿਹੇ ਚੋਚਲੇ ਦੇ ਜਵਾਕ ਨੇ, ਅੰਦਰ ਬੈਠ ਕੇ ਖੇਡ ਲਿਆ ਕਰਨ। ਬਾਹਰ ਰੀਸਾਂ ਲਾਉਂਦੇ ਫਿਰਦੇ ਨੇ ਸਾਡੇ ਆਲਿਆਂ ਨੂੰ।” ਦੀਪੇ ਨੇ ਆਪਣੇ ਯੂਨੀਵਰਸਿਟੀ ਪੜ੍ਹਦੇ ਭਤੀਜੇ ਨਾਲ ਆਪਣਾ ਦੁੱਖ ਫਰੋਲਿਆ। ”ਓ ਚਾਚਾ… ਭੋਲਾ ਏਂ ਤੂੰ। ਇਹ ਕਾਰਪੋਰੇਟ ਜਗਤ ਦੇ ਫਾਰਮੂਲੇ ਤੈਨੂੰ ਕਿੱਥੇ ਸਮਝ ਆਉਣੇ ਨੇ? ਇਹ ਪਾਗਲ ਨਹੀਂ ਜਿਹੜਾ ਆਪਣੇ ਬੱਚਿਆਂ ਨੂੰ ਨਵੀਆਂ ਤੋਂ ਨਵੀਆਂ ਖੇਡਾਂ ਅਤੇ ਖਾਣ ਵਾਲੀਆਂ ਚੀਜ਼ਾਂ ਲਿਆ ਕੇ ਦਿੰਦੇ ਨੇ। ਨਾਲੇ ਕਦੇ ਸੁਣਿਆ ਲਾਲਾ ਕੋਈ ਘਾਟੇ ਦਾ ਸੌਦਾ ਕਰਦਾ ਹੋਵੇ। ਇਹ ਤਾਂ ਚਾਚਾ ਮੰਡੀ ਬਣਾਉਣ ਦਾ ਤਰੀਕਾ ਹੁੰਦੈ। ਦੇਸ਼ ‘ਤੇ ਰਾਜ ਕਰਨ ਵਾਲੇ ਵੱਡੇ ਘਰਾਣੇ ਐਦਾਂ ਹੀ ਤਾਂ ਕਰਦੇ ਆਏ ਨੇ।” ਦੀਪੇ ਨੂੰ ਪਹਿਲਾਂ ਤਾਂ ਜੀਤੇ ਦੀ ਕਹੀ ਗੱਲ ਸਮਝ ਨਾ ਆਈ। ਥੋੜ੍ਹਾ ਗੌਰ ਨਾਲ ਸੋਚਣ ‘ਤੇ ਉਸ ਨੂੰ ਮਹਿਸੂਸ ਹੋਇਆ ਜਿਵੇਂ ਇਨ੍ਹਾਂ ਫਾਰਮੂਲਿਆਂ ਨਾਲ ਪੂਰਾ ਦੇਸ਼ ਲੁੱਟਿਆ ਜਾ ਰਿਹਾ ਹੋਵੇ।