ਸਰੀ, (ਸਿਮਰਨਜੀਤ ਸਿੰਘ): ਵਿਦੇਸ਼ ਵਿੱਚ ਪੜ੍ਹ ਰਹੇ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪਿਛਲੇ ਪੰਜ ਸਾਲਾਂ ਦੌਰਾਨ 41 ਦੇਸ਼ਾਂ ਵਿੱਚ ਘੱਟੋ-ਘੱਟ 633 ਵਿਦਿਆਰਥੀਆਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ 172 ਮੌਤਾਂ ਕੈਨੇਡਾ ਵਿੱਚ ਹੋਈਆਂ ਹਨ। ਜਿਨ੍ਹਾਂ ਵਿੱਚ ਹਿੰਸਕ ਹਮਲਿਆਂ ਨਾਲ ਸਬੰਧਤ 19 ਵਿਦਿਆਰਥੀਆਂ ਦੀ ਜਾਨ ਜਾ ਚੁੱਕੀ ਹੈ।
ਕੈਨੇਡਾ ਵਿੱਚ ਸਭ ਤੋਂ ਵੱਧ 172 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ। ਉਸ ਤੋਂ ਬਾਅਦ ਅਮਰੀਕਾ ਵਿੱਚ 108 ਵਿਦਿਆਰਥੀਆਂ ਦੀ ਮੌਤ ਹੋ ਗਈ। ਬ੍ਰਿਟੇਨ ਵਿਚ 58, ਆਸਟ੍ਰੇਲੀਆ ਵਿਚ 57, ਰੂਸ ਵਿਚ 37 ਅਤੇ ਜਰਮਨੀ ਵਿਚ 24 ਵਿਦਿਆਰਥੀਆਂ ਦੀ ਮੌਤ ਪਿਛਲੇ 5 ਸਾਲਾਂ ਦੌਰਾਨ ਹੋਈ ਹੈ।
ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਵੀ ਇੱਕ ਵਿਦਿਆਰਥੀ ਦੀ ਮੌਤ ਹੋਣ ਦੀ ਖ਼ਬਰ ਨਹੀਂ ਮਿਲੀ ਹੈ।
ਜ਼ਿਕਰਯੋਗ ਹੈ ਕਿ ਵਿਦੇਸ਼ਾਂ ਵਿੱਚ ਹਿੰਸਕ ਹਮਲਿਆਂ ਵਿੱਚ ਵੀ 19 ਵਿਦਿਆਰਥੀ ਆਪਣੀ ਜਾਨ ਗੁਆ ਚੁੱਕੇ ਹਨ। ਅੰਕੜਿਆਂ ਅਨੁਸਾਰ ਹਿੰਸਕ ਹਮਲਿਆਂ ਦੌਰਾਨ ਕੈਨੇਡਾ ਵਿੱਚ ਸਭ ਤੋਂ ਵੱਧ 9 ਵਿਦਿਆਰਥੀਆਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਅਮਰੀਕਾ ਵਿਚ 6 ਵਿਦਿਆਰਥੀ ਅਤੇ ਆਸਟ੍ਰੇਲੀਆ, ਬ੍ਰਿਟੇਨ, ਚੀਨ ਅਤੇ ਕਿਰਗਿਸਤਾਨ ਵਿਚ ਇਕ-ਇਕ ਵਿਦਿਆਰਥੀ ਦੀ ਜਾਨ ਜਾ ਚੁੱਕੀ ਹੈ।
ਭਾਰਤ ਸਰਕਾਰ ਦੇ ਬੁਲਾਰੇ ਅਨੁਸਾਰ ਪਿਛਲੇ ਤਿੰਨ ਸਾਲਾਂ ਦੌਰਾਨ ਵਿਦੇਸ਼ੀ ਯੂਨੀਵਰਸਿਟੀਆਂ ਅਤੇ ਹੋਰ ਉਚੇਰੀਸਿੱਖਿਆ ਸੰਸਥਾਵਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਵੇਰਵਾ ਇਸ ਪ੍ਰਕਾਰ ਹੈ: ਸਾਲ 2022 ਵਿੱਚ 0.75 ਮਿਲੀਅਨ (7.5 ਲੱਖ), ਸਾਲ 2023 ਵਿੱਚ 0.93 ਮਿਲੀਅਨ (9.3 ਲੱਖ), ਅਤੇ ਸਾਲ 2024 ਵਿੱਚ 1.33 ਮਿਲੀਅਨ (13.30 ਲੱਖ), ਪਹਿਲੀ ਜਨਵਰੀ, 2024 ਤੱਕ 101 ਦੇਸ਼ਾਂ ਵਿੱਚ 13,35,030 ਵਿਦਿਆਰਥੀ ਯੂਨੀਵਰਸਿਟੀ ਜਾਂ ਹੋਰ ਉਚੀਰੀ ਸਿੱਖਿਆ ਸੰਸਥਾਵਾਂ ਵਿੱਚ ਸਿੱਖਿਆ ਹਾਸਲ ਕਰ ਰਹੇ ਸਨ।
ਇਨ੍ਹਾਂ ਦੇਸਾਂ ਵਿੱਚੋਂ ਹੇਠ ਲਿਖੇ 10 ਦੇਸਾਂ ਵਿੱਚ ਸਭ ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਸਨ
- ਕੈਨੇਡਾ- 4,27,000
2.ਅਮਰੀਕਾ-3,37,630 - ਬ੍ਰਿਟੇਨ – 1,85,000
- ਆਸਟ੍ਰੇਲੀਆ- 1,22,202
- ਜਰਮਨੀ -42,997
- ਸੰਯੁਕਤ ਅਰਬ ਅਮੀਰਾਤ- 25,000
- ਰੂਸ -24,940
- ਕਿਰਗਿਸਤਾਨ- 16,500
- ਜੌਰਜੀਆ -16,093
- ਕਜ਼ਾਕਿਸਤਾਨ- 9,785
ਮੰਤਰਾਲੇ ਕੋਲ ਮੌਜੂਦ ਜਾਣਕਾਰੀ ਮੁਤਾਬਕ ਪਿਛਲੇ ਪੰਜ ਸਾਲਾਂ ਦੌਰਾਨ ਵਿਦੇਸ਼ਾਂ ਵਿੱਚ 633 ਭਾਰਤੀ ਵਿਦਿਆਰਥੀਆਂ ਦੀ ਜਾਨ ਗਈ ਹੈ।
ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਮੌਤ ਕਈ ਕਾਰਨਾਂ ਕਰਕੇ ਹੁੰਦੀ ਹੈ, ਜਿਸ ਵਿੱਚ ਨਸਲੀ ਹਮਲੇ, ਕੁਦਰਤੀ ਸੰਕਟ, ਸਿਹਤ ਸਮੱਸਿਆਵਾਂ ਅਤੇ ਹਿੰਸਕ ਤਣਾਅ ਵਰਗੇ ਕਾਰਨ ਸ਼ਾਮਲ ਹਨ।
ਵਿਦੇਸ਼ਾਂ ਵਿੱਚ ਸਭ ਤੋਂ ਵੱਧ ਭਾਰਤੀ ਵਿਦਿਆਰਥੀਆਂ ਦੀ ਜਾਨ ਕੈਨੇਡਾ (172) ਵਿੱਚ ਗਈ ਹੈ। ਉਸ ਤੋਂ ਬਾਅਦ ਅਮਰੀਕਾ- 108, ਬ੍ਰਿਟੇਨ- 58, ਆਸਟ੍ਰੇਲੀਆ- 57, ਅਤੇ ਰੂਸ ਵਿੱਚ 37 ਜਾਨਾਂ ਗਈਆਂ ਹਨ।
ਵਿਦੇਸ਼ਾਂ ਵਿੱਚ ਭਾਰਤੀ ਦੂਤਾਵਾਸ ਭਾਰਤੀ ਵਿਦਿਆਰਥੀਆਂ ਨਾਲ ਲਗਾਤਾਰ ਰਾਬਤੇ ਵਿੱਚ ਰਹਿੰਦੇ ਹਨ।
ਸਰਕਾਰ ਨੇ ਕਿਹਾ ਕਿ ਜਿਵੇਂ ਹੀ ਨਵੇਂ ਭਾਰਤੀ ਵਿਦਿਆਰਥੀ ਵਿਦੇਸ਼ੀ ਵਿਦਿਅਕ ਸੰਸਥਾਵਾਂ ਵਿੱਚ ਦਾਖਲੇ ਲਈ ਪਹੁੰਚਦੇ ਹਨ, ਉਨ੍ਹਾਂ ਨੂੰ ਉਸ ਦੇਸ ਵਿੱਚ ਭਾਰਤੀ ਦੂਤਾਵਾਸ ਵੱਲੋਂ ਰੱਖੇ ਸਵਾਗਤੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ।
ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਉਸ ਦੇਸ ਵਿੱਚ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ।
ਭਾਰਤੀ ਦੂਤਾਵਾਸ ਦੇ ਮੁਖੀ ਸੰਬੰਧਿਤ ਵਿਦਿਅਕ ਸੰਸਥਾਵਾਂ ਦਾ ਵੀ ਸਮੇਂ-ਸਮੇਂ ਉੱਤੇ ਦੌਰਾ ਕਰਦੇ ਹਨ ਅਤੇ ਭਾਰਤੀ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕਰਦੇ ਹਨ।
ਭਾਰਤੀ ਸਫਾਰਤਖਾਨੇ ਅਤੇ ਮਿਸ਼ਨਾਂ ਵੱਲੋਂ ਉਚੇਰੀ ਸਿੱਖਿਆ ਲਈ ਵਿਦੇਸ਼ ਜਾ ਰਹੇ ਭਾਰਤੀ ਵਿਦਿਆਰਥੀਆਂ ਨੂੰ ਐੱਮਏਡੀਏਡੀ ਪੋਰਟਲ ਉੱਤੇ ਰਜਿਸਟਰ ਕਰਵਾਉਣ ਲਈ ਵੀ ਕਿਹਾ ਜਾਂਦਾ ਹੈ ਤਾਂ ਜੋ ਮੁਸੀਬਤ ਸਮੇਂ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਸਕੇ।
ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨਾਲ ਵਾਪਰੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਸੰਬੰਧਿਤ ਅਧਿਕਾਰੀਆਂ ਕੋਲ ਚੁੱਕਿਆ ਜਾਂਦਾ ਹੈ।
ਸੇਂਟ ਜੌਨਜ਼ ਵਿਚ ਇੱਕ ਪੰਜਾਬੀ ਅੰਤਰਾਸ਼ਟਰੀ
ਵਿਦਿਆਰਥੀ ਤੇ ਹੋਇਆ ਨਸਲੀ ਹਮਲਾ
21 ਸਾਲ ਦਾ ਤਰਨਪ੍ਰੀਤ ਸਿੰਘ ਨਿਊਫ਼ੰਡਲੈਂਡ ਐਂਡ ਲੈਬਰਾਡੌਰ ਸੂਬੇ ਦੇ ਸੇਂਟ ਜੌਨਜ਼ ਵਿਚ ਰਹਿੰਦਾ ਹੈ। ਲੰਘੇ ਐਤਵਾਰ ਉਹ ਆਪਣੇ ਇੱਕ ਦੋਸਤ ਅਤੇ ਕਜ਼ਨ ਨਾਲ ਸਨਸ਼ਾਈਨ ਰੌਟਰੀ ਪਾਰਕ ਘੁੰਮਣ ਗਿਆ ਸੀ। ਪਰ ਪਾਰਕ ਵਿਚ ਆਪਣੇ ਕੁੱਤੇ ਨੂੰ ਸੈਰ ਕਰਾਉਂਦੇ ਇੱਕ ਗੋਰੇ ਨੇ ਉਨ੍ਹਾਂ ਤਿੰਨਾਂ ਮੁੰਡਿਆਂ ਵੱਲ ਨਫ਼ਰਤੀ ਅਤੇ ਨਸਲੀ ਟਿੱਪਣੀਆਂ ਕੱਸਣੀਆਂ ਸ਼ੁਰੂ ਕਰ ਦਿੱਤੀਆਂ।
ਤਿੰਨੇ ਮੁੰਡੇ ਘਬਰਾ ਗਏ ਅਤੇ ਉਨ੍ਹਾਂ ਨੇ ਪਾਰਕ ਛੱਡ ਕੇ ਜਾਣ ਲਈ ਤੁਰਨਾ ਸ਼ੁਰੂ ਕੀਤਾ, ਪਰ ਉਹ ਗੋਰਾ ਵਿਅਕਤੀ ਵਾਪਸ ਮੁੜਿਆ ਅਤੇ ਫਿਰ ਉਨ੍ਹਾਂ ਨਾਲ ਜ਼ਬਾਨੀ ਬਦਤਮੀਜ਼ੀ ਕਰਨ ਲੱਗ ਪਿਆ।
ਉਸ ਵਿਅਕਤੀ ਨੇ ਮੁੰਡਿਆਂ ਦੀ ਪੱਗ ਵੱਲ ਭੱਦੀਆਂ ਟਿਪਣੀਆਂ ਕਰਦਿਆਂ ਕਿਹਾ, ਮੈਂ ਤੁਹਾਨੂੰ ਲੋਕਾਂ ਨੂੰ ਨਫ਼ਰਤ ਕਰਦਾ ਹਾਂ। ਤੁਸੀਂ ਮੇਰੇ ਪੂਰੇ ਦੇਸ਼ ਨੂੰ ਕਬਜ਼ਾ ਰਹੇ ਹੋ।
ਇੱਕ ਮੁੰਡੇ ਨੇ ਇਸ ਤਕਰਾਰ ਨੂੰ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਗੋਰੇ ਨੇ ਉਨ੍ਹਾਂ ਨੂੰ ਗਾਲ਼ਾਂ ਕੱਢਦਿਆਂ ਕਿਹਾ, ਕੀ ਮੇਰੇ ਵਰਗੇ ਇਰਾਨ, ਜਾਂ ਅਫਗ਼ਾਨਿਸਤਾਨ ਜਾਂ ਪਾਕਿਸਤਾਨ ਵਿਚ ਨਜ਼ਰ ਆਉਂਦੇ ਹਨ?
ਤਰਨਪ੍ਰੀਤ ਹੋਰਾਂ ਨੇ ਕਿਹਾ ਕਿ ਉਹ ਤਿੰਨੇ ਭਾਰਤ ਤੋਂ ਹਨ। ਤਾਂ ਇਸਦੇ ਜਵਾਬ ਵਿਚ ਉਸ ਗੋਰੇ ਨੇ ਚੀਕਦੇ ਹੋਏ ਕਿਹਾ, ਤੁਸੀਂ ਕੈਨੇਡਾ ਤੋਂ ਨਹੀਂ ਹੋ। ਤੁਸੀਂ ਵੀ ਸਿਰ ‘ਤੇ ਕੱਪੜੇ ਲਪੇਟਦੇ ਹੋ। ਭਾਰਤੀਤੁਸੀਂ ਸਾਰੇ ਘਟੀਆ ਲੋਕ ਇੱਕੋ ਵਰਗੇ ਹੁੰਦੇ ਹੋ।
ਉਸ ਵਿਅਕਤੀ ਨੇ ਉਨ੍ਹਾਂ ‘ਤੇ ਕੈਨੇਡੀਅਨ ਸਰਕਾਰ ਤੋਂ ਪੈਸੇ ਲੈਣ ਦਾ ਦੋਸ਼ ਲਗਾਇਆ। ਇੱਕ ਫੋਨ ਇੰਟਰਵਿਊ ਵਿੱਚ, ਤਰਨਪ੍ਰੀਤ ਨੇ ਕਿਹਾ ਕਿ ਮੁੰਡਿਆਂ ਨੇ ਉਸ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਪੈਸੇ ਲੈਣ ਦੀ ਬਜਾਏ ਕੈਨੇਡਾ ਵਿੱਚ ਪੜ੍ਹਨ ਲਈ ਵੱਡੀ ਰਕਮ ਦਾ ਭੁਗਤਾਨ ਕੀਤਾ ਹੈ ਜੋ ਕਿ ਕਰੀਬ 40,000 ਡਾਲਰ ਤੱਕ ਬਣਦੀ ਹੈ।
ਤਰਨਪ੍ਰੀਤ ਨੇ ਕਿਹਾ ਕਿ ਉਸ ਗੋਰੇ ਵਿਅਕਤੀ ਦੇ ਦੋਸਤ ਨੇ ਜਦੋਂ ਦੇਖਿਆ ਕਿ ਇਸ ਨਸਲੀ ਘਟਨਾ ਦੀ ਵੀਡੀਓ ਬਣ ਰਹੀ ਹੈ ਤਾਂ ਉਹ ਆਪਣੇ ਮਿੱਤਰ ਨੂੰ ਪਾਸੇ ਲੈ ਗਿਆ। ਤਰਨਪ੍ਰੀਤ ਅਤੇ ਉਸਦੇ ਸਾਥੀ ਆਪਣੀ ਕਾਰ ਵਿਚ ਇੱਕ ਨੇੜਲੇ ਟਿਮ ਹਾਰਟਨ ਵਿਚ ਜਾ ਕੇ ਖ਼ਾਮੋਸ਼ੀ ਨਾਲ ਬੈਠ ਗਏ।
ਤਰਨਪ੍ਰੀਤ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਹ ਇੰਨੇ ਸਹਿਮੇ ਹੋਏ ਸਨ ਕਿ ਉਨ੍ਹਾਂ ਨੇ ਉਸ ਰਾਤ ਕੁਝ ਨਹੀਂ ਖਾਧਾ।
ਐਂਟੀ ਰੇਸਿਜ਼ਮ ਕੋਲੀਸ਼ਨ ਔਫ਼ ਨਿਊਫ਼ੰਡਲੈਂਡ ਐਂਡ ਲੈਬਰਾਡੌਰ ਦੀ ਕੋ-ਚੇਅਰ, ਸੋਬੀਆ ਸ਼ੇਖ਼ ਨੇ ਕਿਹਾ ਕਿ ਨਫ਼ਰਤੀ ਅਪਰਾਧ ਨੂੰ ਰਿਕਾਰਡ ਕਰਨਾ, ਸ਼ਾਂਤ ਰਹਿਣਾ ਅਤੇ ਪੁਲਿਸ, ਮੀਡੀਆ ਜਾਂ ਕਮਿਊਨਿਟੀ ਸੰਸਥਾ ਨੂੰ ਇਸ ਦੀ ਰਿਪੋਰਟ ਕਰਨਾ, ਇਹ ਉਹੀ ਚੀਜ਼ ਹੈ ਜਿਸ ਦੀ ਸਲਾਹ ਉਹ ਤਰਨਪ੍ਰੀਤ ਨੂੰ ਦਿੰਦੀ।
ਸੋਬੀਆ ਨੇ ਕਿਹਾ ਕਿ 2019 ਤੋਂ ਬਾਅਦ ਨਫ਼ਰਤੀ ਅਪਰਾਧ ਤਿੰਨ ਗੁਣਾ ਹੋ ਗਏ ਹਨ, ਪਰ ਜ਼ਿਆਦਾਤਰ ਮਾਮਲੇ ਰਿਪੋਰਟ ਨਹੀਂ ਕੀਤੇ ਜਾਂਦੇ।
ਉਸ ਨੇ ਕਿਹਾ ਕਿ ਪੀੜਤ ਅਕਸਰ ਨਿਆਂ ਪ੍ਰਣਾਲੀ ਤੋਂ ਡਰਦੇ ਹਨ, ਅਤੇ ਹੋਰ ਵਿਤਕਰਾ ਨਹੀਂ ਸਹਿਣਾ ਚਾਹੁੰਦੇ।
ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਨਫ਼ਰਤੀ ਘਟਨਾਵਾਂ ਨਾਲ ਨਜਿੱਠਣ ਲਈ ਪੁਲਿਸ ਅਤੇ ਨਿਆਂ ਪ੍ਰਣਾਲੀ ‘ਤੇ ਭਰੋਸਾ ਨਹੀਂ। ਸਾਨੂੰ ਉਸ ਪ੍ਰਣਾਲੀ ‘ਤੇ ਭਰੋਸਾ ਨਹੀਂ ਹੈ।
ਪਰ ਸੋਬੀਆ ਨੇ ਕਿਹਾ ਕਿ ਕਮਿਊਨਿਟੀ ਸੰਸਥਾਵਾਂ ਅਤੇ ਹਿਮਾਇਤੀਆਂ ਨੂੰ ਇਹਨਾਂ ਨਸਲਵਾਦੀ ਹਮਲਿਆਂ ਬਾਰੇ ਦੱਸਣਾ ਬੇਹੱਦ ਜ਼ਰੂਰੀ ਹੈ। ਇਹਨਾਂ ਘਟਨਾਵਾਂ ਨੂੰ ਜਨਤਕ ਕਰਨਾ ਮਹੱਤਵਪੂਰਨ ਹੈ। ਇਹ ਕੋਈ ਇੱਕ ਅੱਧੀ ਘਟਨਾ ਨਹੀਂ ਸਗੋਂ ਅਸੀਂ ਇਸ ਤਰ੍ਹਾਂ ਦੇ ਕਈ ਮਾਮਲੇ ਦੇਖੇ ਹਨ।
ਤਰਨਪ੍ਰੀਤ ਕਹਿੰਦਾ ਹੈ ਕਿ ਉਹ ਉਸ ਵੀਡੀਓ ਨੂੰ ਨਹੀਂ ਦੇਖ ਸਕਦਾ ਜੋ ਉਸਨੇ ਬਣਾਈ ਸੀ, ਕਿਉਂਕਿ ਉਹ ਬਹੁਤ ਦੁਖਦਾਈ ਵੀਡੀਓ ਹੈ। ਉਸਨੇ ਆਪਣੇ ਪਰਿਵਾਰ ਨੂੰ ਵੀ ਇਸ ਬਾਰੇ ਨਹੀਂ ਦੱਸਿਆ ਹੈ, ਅਤੇ ਉਹ ਪੁਲਿਸ ਕੋਲ ਵੀ ਇਸ ਹਮਲੇ ਦੀ ਰਿਪੋਰਟ ਨਹੀਂ ਕਰਨਾ ਚਾਹੁੰਦਾ ਅਤੇ ਨਿਆਂ ਪ੍ਰਣਾਲੀ ਵਿਚ ਵੀ ਨਹੀਂ ਵਿਚਰਨਾ ਚਾਹੁੰਦਾ।
ਪਰ ਉਸਨੇ ਨਿਊਫ਼ੰਊਂਡਲੈਂਡ ਵਿੱਚ ਨਸਲੀ ਵਿਤਕਰੇ ਦੇ ਜੋਖਮਾਂ ਬਾਰੇ ਹੋਰਾਂ ਨੂੰ ਆਗਾਹ ਕਰਨ ਦੀ ਉਮੀਦ ਵਿੱਚ ਇਸ ਵੀਡੀਓ ਨੂੰ ਕੁਝ ਸੋਸ਼ਲ ਮੀਡੀਆ ਖਾਤਿਆਂ ‘ਤੇ ਸਾਂਝਾ ਕੀਤਾ ਹੈ।
ਤਰਨਪ੍ਰੀਤ 19 ਸਾਲ ਦਾ ਕੈਨੇਡਾ ਆਇਆ ਸੀ। ਪਹਿਲਾਂ ਉਹ ਟੋਰੌਂਟੋ ਰਹਿੰਦਾ ਸੀ, ਪਰ ਤਿੰਨ ਮਹੀਨੇ ਪਹਿਲਾਂ ਕੰਮ ਅਤੇ ਪੜ੍ਹਾਈ ਲਈ ਉਹ ਸੇਂਟ ਜੌਨਜ਼ ਚਲਾ ਗਿਆ। ਉਸਨੇ ਦੱਸਿਆ ਕਿ ਉਸਨੂੰ ਸੇਂਟ ਜੌਨਜ਼ ਵਿਚ ਅਪਣੱਤ ਮਿਲਦੀ ਹੈ ਅਤੇ ਉਸਨੇ ਜ਼ਿੰਦਗੀ ਵਿਚ ਪਹਿਲੀ ਵਾਰੀ ਇੱਕ ਨਸਲੀ ਹਮਲੇ ਦਾ ਅਨੁਭਵ ਕੀਤਾ ਹੈ।
ਉਸਨੇ ਕਿਹਾ, ਮੇਰੇ ਦੋਸਤਾਂ ਨੇ ਮੈਨੂੰ ਆਗਾਹ ਕੀਤਾ ਸੀ ਕਿ ਇੱਥੇ ਅਜਿਹਾ ਕੁਝ ਵਾਪਰ ਜਾਂਦਾ ਹੈ। ਪਰ ਮੈਂ ਕਦੇ ਨਹੀਂ ਸੀ ਸੋਚਿਆ ਕਿ ਮੇਰੇ ਨਾਲ ਵੀ ਅਜਿਹਾ ਵਾਪਰੇਗਾ।
ਮੈਂ ਆਪਣੇ ਘਰ ਨੂੰ ਦੋ ਸਾਲਾਂ ਵਿਚ ਕਦੇ ਇੰਨਾ ਯਾਦ ਨਹੀਂ ਕੀਤਾ, ਜਿੰਨਾ ਉਸ ਦਿਨ ਯਾਦ ਕੀਤਾ ਸੀ।