ਕਾਲੀ ਬੋਲੀ ਰਾਤ ਹਨੇਰ੍ਹੀ, ਚਿਹਰਾ ਨੂਰੋ-ਨੂਰ ।
ਹਰ ਪਲ ਮਘਦਾ, ਸੂਹਾ ਸੁਪਨਾ, ਤਪਦਾ ਜਿਵੇਂ ਤੰਦੂਰ।
ਵੱਡੇ ਘਰ ਦਾ ਜੰਮਿਆ ਜਾਇਆ, ਨੀਵਿਆਂ ਦੇ ਸੰਗ ਯਾਰੀ।
ਵਾਹੋ ਦਾਹੀ ਤੁਰਿਆ ਜਾਵੇ, ਕਰੇ ਨਾ ਨੀਂਦ ਪਿਆਰੀ।
ਅੱਧੀ ਸਦੀ ਗੁਜ਼ਾਰੀ ਜਿਸ ਨੇ, ਦੇ ਦੇ ਇਹੀ ਹੋਕਾ।
ਗਫ਼ਲਤ ਦੀ ਜੁੱਲੀ ਦੇ ਹੇਠੋਂ, ਜਾਗ-ਜਾਗ ਵੇ ਲੋਕਾ।
ਸੁਪਨੇ ਤੋਂ ਆਦਰਸ਼ ਦਾ ਪੈਂਡਾ, ਸਾਹਾਂ ਵਿਚ ਪਰੋ ਕੇ।
ਇਨਕਲਾਬ ਦਾ ਪਾਂਧੀ ਬਣਿਆ, ਜਿਸਮ ਲਹੂ ਵਿਚ ਗੋ ਕੇ।
ਕੋਧਰਿਆਂ ਦੀ ਰੋਟੀ ਵਿਚੋਂ, ਆਪਣਾ ਖੂਨ ਪਛਾਣੇ ।
ਭਾਗੋ ਦੀ ਬਸਤੀ ਵਿਚ ਰਹਿੰਦਾ, ਫਿਰ ਵੀ ਛਾਤੀ ਤਾਣੇ।
ਕਲਮਾਂ, ਕਿਰਤ-ਕਮਾਈਆਂ ਵਾਲੇ, ਕਰਕੇ ਕੱਠੇ ਸਾਰੇ।
ਬਿਰਧ ਸਰੀਰ ਅਜੇ ਵੀ ਬੜਕੇ, ਲਾਵੇ ਚੋਟ ਨਗਾਰੇ।
ਆਦਰਸ਼ਾਂ ਨੂੰ ਸ਼ਬਦ ਬਣਾਇਆ, ਲੋਹਾ ਸ਼ਬਦ ਬਣਾਏ।
ਲੁੱਟ ਦਾ ਨੇਰ੍ਹ ਮੁਕਾਵਣ ਖ਼ਾਤਰ, ਸਾਡੇ ਰਾਹ ਰੁਸ਼ਨਾਏ।
ਆਦਮ ਜਾਮੇ ਦੇ ਵਿਚ ਵੇਖੋ, ਕਰਮਯੋਗ ਦੀ ਮੂਰਤ।
ਉਸ ਦੀ ਕਲਾ ਦ੍ਰਿਸ਼ਟੀ ਚਾਹਵੇ, ਘੜਨੀ ਐਸੀ ਸੂਰਤ।
ਜਿਸ ਵਿਚ ਬੰਦਾ ਬੰਦੇ ਨੂੰ ਨਾ, ਲੁੱਟੇ ਨਾ ਦੁਰਕਾਰੇ।
ਟੋਏ ਟਿੱਬੇ ਇਕ ਬਰਾਬਰ, ਕਰਨਾ ਚਾਹਵੇ ਸਾਰੇ ।
ਇੱਕੋ ਰੀਝ ਨਿਰੰਤਰ, ਬਣ ਜਾਂ ਇਸ ਦਾ ਮੈਂ ਪਰਛਾਵਾਂ।
ਉਸਦੇ ਸਿਰੜ ਸਮਰਪਣ ਅੱਗੇ, ਆਪਣਾ ਸੀਸ ਝੁਕਾਵਾਂ।
ਲੇਖਕ : ਗੁਰਭਜਨ ਗਿੱਲ