ਸੜਕਾਂ ‘ਤੇ ਪਏ ਲਾਵਾਰਸ ਮਰੀਜ਼ਾਂ ਦੀ ਸੇਵਾ-ਸੰਭਾਲ ਕਰਨ ਵਾਲੇ ਡਾ. ਨੌਰੰਗ ਸਿੰਘ ਮਾਂਗਟ ਪਹੁੰਚ ਰਹੇ ਨੇ ਸਰੀ

 

 

ਸਰੀ, : ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ (ਰਜਿ. ਚੈਰੀਟੇਬਲ) ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ ਸੰਗਤਾਂ ਨਾਲ ਆਸ਼ਰਮ ਬਾਰੇ ਵਿਚਾਰ ਸਾਂਝੇ ਕਰਨ ਲਈ 13 ਤੋਂ 16 ਸਤੰਬਰ ਤੱਕ ਸਰੀ ਵਿਖੇ ਪਹੁੰਚ ਰਹੇ ਹਨ। ਇਸ ਦੌਰਾਨ ਉਹਨਾਂ ਨੂੰ ਸਰੀ ‘ਚ 132 ਸਟਰੀਟ ‘ਤੇ ਬਣੇ ਸਿੰਘ ਸਭਾ ਗੁਰਦੁਵਾਰਾ ਸਾਹਿਬ ਵਿਖੇ ਮਿਲਿਆ ਜਾ ਸਕਦਾ ਹੈ।

ਸਾਬਕਾ ਪ੍ਰੋਫ਼ੈਸਰ ਤੇ ਸਾਇੰਸਦਾਨ ਡਾ. ਨੌਰੰਗ ਸਿੰਘ ਮਾਂਗਟ ਨੇ ਪਹਿਲੇ ਚਾਰ ਸਾਲ ਸਾਇਕਲ ‘ਤੇ ਫਿਰਕੇ ਲੁਧਿਆਣਾ ਸ਼ਹਿਰ ‘ਚ ਸੜਕਾਂ ਕੰਢੇ ਅਤੇ ਗਰੀਬ ਮਜ਼ਦੂਰ ਕਲੋਨੀਆਂ ‘ਚ ਪਏ ਬਿਮਾਰੀਆਂ ਨਾਲ ਪੀੜਤ ਸੈਂਕੜੇ ਹੀ ਲਾਵਾਰਸਾਂ, ਅਪਾਹਜਾਂ ਤੇ ਗ਼ਰੀਬਾਂ ਦਾ ਮੁਫ਼ਤ ਇਲਾਜ ਕਰਵਾਇਆ। ਫਿਰ ਅਜਿਹੇ ਬੇਸਹਾਰਿਆਂ ਦੇ ਰਹਿਣ ਅਤੇ ਸੇਵਾ-ਸੰਭਾਲ ਵਾਸਤੇ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਦੀ ਬਿਲਡਿੰਗ ਤਿਆਰ ਕਰਵਾਈ।

ਡਾ. ਨੌਰੰਗ ਸਿੰਘ ਮਾਂਗਟ ਨੇ ਦੱਸਿਆ ਕਿ ਹੁਣ ਇਸ ਆਸ਼ਰਮ ਵਿੱਚ ਦੋ ਸੌ (200) ਦੇ ਕਰੀਬ ਲਾਵਾਰਸ, ਬੇਘਰ, ਬੇਸਹਾਰਾ, ਅਪਾਹਜ, ਨੇਤਰਹੀਣ, ਬਿਮਾਰੀਆਂ ਨਾਲ ਪੀੜਤ ਅਤੇ ਦਿਮਾਗੀ ਸੰਤੁਲਨ ਗੁਆ ਚੁੱਕੇ ਮਰੀਜ਼ ਰਹਿੰਦੇ ਹਨ। ਸਵਾ ਸੌ ਦੇ ਕਰੀਬ ਮਰੀਜ਼ ਅਜਿਹੇ ਹਨ ਜਿਹਨਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ। ਇਹਨਾਂ ‘ਚੋਂ ਜ਼ਿਆਦਾਤਰ ਮਰੀਜ਼ ਆਪਣਾ ਨਾਉਂ ਅਤੇ ਪਰਿਵਾਰ ਵਾਰੇ ਦੱਸਣ ਤੋਂ ਵੀ ਅਸਮਰੱਥ ਹਨ। ਅੱਸੀ ਦੇ ਕਰੀਬ ਅਜਿਹੇ ਮਰੀਜ਼ ਹਨ ਜਿਹੜੇ ਆਪਣੀ ਕਿਰਿਆ ਆਪ ਨਹੀਂ ਸੋਧ ਸਕਦੇ ਅਤੇ ਮਲ-ਮੂਤਰ ਵੀ ਕੱਪੜਿਆਂ ‘ਚ ਹੀ ਕਰਦੇ ਹਨ। ਇਹਨਾਂ ਸਾਰੇ ਲੋੜਵੰਦਾਂ ਨੂੰ ਮੰਜਾ-ਬਿਸਤਰਾ, ਮੈਡੀਕਲ ਸਹਾਇਤਾ, ਗੁਰੂ ਦਾ ਲੰਗਰ, ਕੱਪੜੇ ਆਦਿ ਹਰ ਵਸਤੂ ਮੁਫ਼ਤ ਮਿਲਦੀ ਹੈ। ਕੋਈ ਵੀ ਫ਼ੀਸ ਜਾਂ ਖ਼ਰਚਾ ਨਹੀਂ ਲਿਆ ਜਾਂਦਾ। ਆਸ਼ਰਮ ਦਾ ਪ੍ਰਬੰਧ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦਾ ਹੈ। ਡਾ. ਮਾਂਗਟ ਦਾ ਸੰਪਰਕ: ਕੈਨੇਡਾ:403-401-8787; ਇੰਡੀਆ:95018-42506 ।

Exit mobile version