ਅੱਜਕੱਲ੍ਹ ਦੇ ਰਿਸ਼ਤੇ

 

 

ਅੱਜਕੱਲ੍ਹ ਰਿਸ਼ਤੇ ਕੱਚੀਆਂ ਤੰਦਾਂ ਜਿਹੇ

ਘਰ ਵਿੱਚ ਉਸਰੀਆਂ ਕੰਧਾਂ ਜਿਹੇ

ਬੜਾ ਜੋੜ ਘਟਾਓ ਕਰਨ ਲੱਗੇ

ਕੁਝ ਰਿਸ਼ਤੇ ਮੁੱਲ ਦੇ ਸਾਕ ਅੰਗਾਂ ਜਿਹੇ

 

ਅੱਜਕੱਲ੍ਹ ਦੇ ਰਿਸ਼ਤੇ ਕੱਚੀਆਂ ਤੰਦਾਂ ਜਿਹੇ

ਕੁਝ ਰਿਸ਼ਤੇ ਮਾਘ ਦੀ ਧੁੱਪ ਜਿਹੇ

 

ਕਿਸੇ ਡੂੰਘੀ ਧਾਰੀ ਚੁੱਪ ਜਿਹੇ

ਛਣਕਾ ਕੇ ਚੁੱਪਾਂ ਤੋੜ ਦਿੰਦੀ

 

ਕੁਝ ਰਿਸ਼ਤੇ ਉਹਦੀਆਂ ਵੰਗਾਂ ਜਿਹੇ

ਅੱਜਕੱਲ੍ਹ ਦੇ ਰਿਸ਼ਤੇ ਕੱਚੀਆਂ ਤੰਦਾਂ ਜਿਹੇ

ਕੁਝ ਰਿਸ਼ਤੇ ਭੈਣ ਭਰਾਵਾਂ ਦੇ

ਗਲ ਨੂੰ ਆਈਆਂ ਭੱਜੀਆਂ ਬਾਹਾਂ ਦੇ

 

ਖ਼ੂਨ ਦੇ ਜ਼ਰੀਏ ਸਭ ਸੁਖ ਦੁੱਖ ਦੱਸ ਦਿੰਦੇ

ਦਿਲ ਨਾਲ ਜੁੜੀਆਂ ਤਰੰਗਾਂ ਜਿਹੇ

 

ਅੱਜਕੱਲ੍ਹ ਦੇ ਰਿਸ਼ਤੇ ਕੱਚੀਆਂ ਤੰਦਾਂ ਜਿਹੇ

ਕੁਝ ਰਿਸ਼ਤੇ ਸੁੱਚੇ ਮੋਤੀਆਂ ਜਿਹੇ

ਅੰਦਰੋਂ ਬਾਹਰੋਂ ਰੂਹਾਂ ਧੋਤੀਆਂ ਜਿਹੇ

ਬਾਪੂ ਦੀ ਪਗੜੀ ਵੀਰੇ ਦੀ ਰੱਖੜੀ ਦੀ ਲੱਜ ਰੱਖ ਲੈਂਦੇ

 

ਕੁਝ ਰਿਸ਼ਤੇ ਕੁੜੀਆਂ ਚਿੜੀਆਂ ਦੀਆਂ ਸੰਗਾਂ ਜਿਹੇ

ਅੱਜਕੱਲ੍ਹ ਦੇ ਰਿਸ਼ਤੇ ਕੱਚੀਆਂ ਤੰਦਾਂ ਜਿਹੇ

 

ਕੁਝ ਰਿਸ਼ਤੇ ਠੰਢੀਆਂ ਛਾਵਾਂ ਜਿਹੇ

ਰੱਬ ਦਾ ਰੂਪ ਮਾਵਾਂ ਜਿਹੇ

ਹਰ ਵੇਲੇ ਰਹਿਣ ਅਸੀਸਾਂ ਦਿੰਦੀਆਂ

ਢਿੱਡ ਵਿੱਚ ਗ਼ਮ ਦੀਆਂ ਗੰਢਾਂ ਲਏ

 

ਅੱਜਕੱਲ੍ਹ ਦੇ ਰਿਸ਼ਤੇ ਕੱਚੀਆਂ ਤੰਦਾਂ ਜਿਹੇ

ਕੁਝ ਰਿਸ਼ਤੇ ਅਣਹੋਇਆਂ ਵਰਗੇ ਨੇ

 

ਬੱਸ ਜਿਉਂਦੇ ਮੋਇਆਂ ਵਰਗੇ ਨੇ

ਦਿਲ ‘ਤੇ ਬੜਾ ਹੀ ਬੋਝ ਪਾਉਂਦੇ ਨੇ

ਕੁਝ ਰਿਸ਼ਤੇ ਭਾਰੀਆਂ ਪੰਡਾਂ ਜਿਹੇ

ਅੱਜਕੱਲ ਦੇ ਰਿਸ਼ਤੇ ਕੱਚੀਆਂ ਤੰਦਾਂ ਜਿਹੇ।

ਲੇਖਕ : ਸਤਨਾਮ ਸਮਾਲਸਰੀਆ,

ਸੰਪਰਕ: 99142-98580

Related Articles

Latest Articles

Exit mobile version