ਸਰੀ ਦੇ ਲਕਸ਼ਮੀ ਨਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਵੱਲੋਂ ਲਿਖੀ ਚਿੱਠੀ ਲੀਕ ਹੋਣ ਮਗਰੋਂ ਮੰਗੀ ਮੁਆਫ਼ੀ

 

 

ਸਰੀ : ਸਰੀ ਦੇ ਲਕਸ਼ਮੀ ਨਰਾਇਣ ਮੰਦਰ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੂੰ ਲਿਖੀ ਗਈ ਚਿੱਠੀ ਨੇ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਪੈਦਾ ਕੀਤੀ ਹੈ। ਇਸ ਚਿੱਠੀ ‘ਤੇ ਮੰਦਰ ਦੇ ਪ੍ਰੈਜ਼ੀਡੈਂਟ ਸਤੀਸ਼ ਕੁਮਾਰ ਦੇ ਡਿਜੀਟਲ ਦਸਤਖ਼ਤ ਹਨ। ਚਿੱਠੀ ਵਿੱਚ ਪੌਲੀਐਵ ਨੂੰ ਕੈਨੇਡਾ ਵਿੱਚ ਹਿੰਦੂ ਮੰਦਰਾਂ ਦੇ ਵਿਰੁੱਧ ਵਧ ਰਹੀਆਂ ਘਟਨਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਤੋਂ ਹਿੰਦੂ ਮੰਦਰਾਂ ਦੀ ਹਿਮਾਇਤ ਕਰਨ ਦੀ ਮੰਗ ਕੀਤੀ ਗਈ ਸੀ।

ਇਹ ਚਿੱਠੀ ਜਨਮਅਸ਼ਟਮੀ ਦੇ ਮੌਕੇ ‘ਤੇ ਲਿਖੀ ਗਈ ਸੀ, ਜਿੱਥੇ ਕੰਜਰਵੇਟਿਵ ਪਾਰਟੀ ਦੇ ਟਿੰਮ ਉੱਪਲ, ਜਸਰਾਜ ਹੱਲਣ, ਹਰਜੀਤ ਗਿੱਲ ਅਤੇ ਜੈਸੀ ਸਹੋਤਾ ਸਮਾਰੋਹ ਵਿੱਚ ਸ਼ਾਮਿਲ ਹੋਏ ਸਨ। ਚਿੱਠੀ ਵਿੱਚ ਪੌਲੀਐਵ ਨੂੰ ਸਿੱਖ ਪਿਛੋਕੜ ਵਾਲੇ ਉਮੀਦਵਾਰਾਂ ਦੀ ਜਗ੍ਹਾ ਹਿੰਦੂ ਪਿਛੋਕੜ ਦੇ ਵਿਅਕਤੀਆਂ ਨੂੰ ਭੇਜਣ ਦੀ ਗੱਲ ਕੀਤੀ ਗਈ ਸੀ, ਜੋ ਹਿੰਦੂ ਭਾਈਚਾਰੇ ਦੇ ਮਸਲਿਆਂ ਨੂੰ ਬਿਹਤਰ ਸਮਝ ਸਕਣ।

ਸਤੀਸ਼ ਕੁਮਾਰ ਨੇ ਕਿਹਾ ਕਿ ਉਹਨਾਂ ਨੇ ਇਸ ਚਿੱਠੀ ਨੂੰ ਪੜ੍ਹੇ ਬਿਨਾਂ ਹੀ ਸਾਈਨ ਕਰ ਦਿੱਤਾ ਸੀ। ਉਨ੍ਹਾਂ ਦੇ ਅਨੁਸਾਰ ਚਿੱਠੀ ਲਿਖਣ ਵਾਲਾ ਵਿਅਕਤੀ ਮੰਦਰ ਦਾ ਇੱਕ ਮੈਂਬਰ ਸੀ, ਜਿਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਹਨਾਂ ਸਿੱਖ ਭਾਈਚਾਰੇ ਲਈ ਗਹਿਰੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਅਤੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਵਿੱਚ ਵੀ ਸਿੱਖ ਪਰੰਪਰਾਵਾਂ ਅਨੁਸਾਰ ਵਿਆਹ ਹੋਏ ਹਨ। ਇਹ ਪੁੱਛੇ ਜਾਣ ‘ਤੇ ਕਿ ਕੀ ਸਿੱਖ ਭਾਈਚਾਰੇ ਦੇ ਮੈਂਬਰ , ਹਿੰਦੂ ਭਾਈਚਾਰੇ ਦੇ ਮਸਲਿਆਂ ਨੂੰ ਸਮਝਣ ਵਿੱਚ ਅਸਮਰਥ ਹਨ , ਬਾਰੇ ਸਤੀਸ਼ ਕੁਮਾਰ ਦਾ ਮੰਨਣਾ ਹੈ ਕਿ ਉਹ ਅਜਿਹਾ ਨਹੀਂ ਸੋਚਦੇ। ਸਤੀਸ਼ ਕੁਮਾਰ ਨੇ ਕਿਹਾ ਕਿ ਸਿੱਖ ਭਾਈਚਾਰੇ ਦੇ ਮੈਂਬਰ ਵੀ ਭਾਰਤ ਤੋਂ ਹੀ ਆਏ ਹਨ ਅਤੇ ਉਹ ਵੀ ਅਜਿਹੀਆਂ ਸਮੱਸਿਆਵਾਂ ਨੂੰ ਸਮਝਦੇ ਹਨ।

Exit mobile version