ਮੇਰੀ ਇਹ ਲੜਾਈ

 

ਮੇਰੀ ਇਹ ਲੜਾਈ ਹਕੂਕ ਲਈ
ਮੇਰੀ ਚੇਤਨਾ ਹੈ ਗਰੂਰ ਨਹੀਂ ।
ਨਹੀਂ ਝਾਂਜਰਾਂ ਤੋਂ ਪਰਹੇਜ਼ ਪਰ
ਮੈਨੂੰ ਬੇੜੀਆਂ ਮਨਜ਼ੂਰ ਨਹੀਂ ।

ਮੇਰੀ ਸੋਚ ਤੇ ਤੂੰ ਸ਼ੁਬ੍ਹਾ ਕਰੇਂ
ਤੇ ਪਾਕੀਜ਼ਗੀ ਨੂੰ ਜਿਬ੍ਹਾ ਕਰੇਂ ,
ਤੂੰ ਜੀਹਨਾਂ ਨੂੰ ਪੁਣਦੈਂ ਛਾਣਦੈਂ
ਇਹਨਾਂ ਪਾਣੀਆਂ ਤੇ ਬੂਰ ਨਹੀਂ ।

ਮੇਰੀ ਕਲਮ ਮੇਰੀ ਕਮਾਨ ਹੈ ,
ਸੂਹੇ ਜਜ਼ਬਿਆਂ ਦੀ ਉਡਾਨ ਹੈ ;
ਮੇਰੇ ਰਾਹ ਅਲਹਿਦਾ ਜ਼ਰੂਰ ਨੇ ,
ਮੇਰੀ ਟੋਰ ਬੇ- ਸ਼ਾਊਰ ਨਹੀਂ ।

ਐ ਜ਼ਮਾਨੇ ਇਓ ਨਾ ਤਿਲਮਿਲਾ ,
ਮੇਰੇ ਸ਼ੌਕ ਤੇ ਫ਼ਤਵੇ ਨਾ ਲਾ ;
ਇਹ ਹੈ ਗੈਰਤਾਂ ਦੀ ਸੰਜੀਦਗੀ ,
ਇਹਨੇ ਝੁਕਣਾ ਤੇਰੇ ਹਜ਼ੂਰ ਨਹੀਂ ।

ਸੱਚ ਹੈ ਅਗਰ ਤੂੰ ਪੁਚਾ ਸਕੇਂ
ਨਿਰਾ ਛਲ ਹੈ ਤੇਰੇ ਵਜੂਦ ਵਿੱਚ ;
ਉਹਨੂੰ ਚਾਨਣਾ ਕੀ ਕਬੂਲਣਾ ,
ਜੀਹਦੀ ਸੋਚ ਅੰਦਰ ਨੂਰ ਨਹੀਂ ।

ਇਹ ਵਰਜਣਾਵਾਂ ਦਾ ਸ਼ਹਿਰ ਹੈ
ਬੰਧਸ਼ਾਂ ਦੀ ਸਿਖਰ ਦੁਪਹਿਰ ਹੈ
ਦੇਣੀ ਸੁਪਨਿਆਂ ਨੂੰ ਪਨਾਂਹ ਕਦੇ ,
ਇਸ ਸ਼ਹਿਰ ਦਾ ਦਸਤੂਰ ਨਹੀਂ ।

ਰਾਹ ਔਝੜੇ ਤਨਹਾ ਡਗਰ
ਤੰਗ ਹੈ ਜ਼ਮਾਨੇ ਦੀ ਨਜ਼ਰ
ਮੁਸ਼ਕਲ ਸਫ਼ਰ ਫਿਰ ਵੀ ਮਗਰ ,
ਮੇਰੇ ਹੌਸਲੇ ਮਜਬੂਰ ਨਹੀਂ ।
ਲੇਖਕ : ਗੁਰਮੀਤ ਕੌਰ ਸੰਧਾ

Related Articles

Latest Articles

Exit mobile version