ਔਟਵਾ, (ਸਿਮਰਨਜੀਤ ਸਿੰਘ): ਪਾਰਲੀਮੈਂਟਰੀ ਬਜਟ ਅਫ਼ਸਰ ਦੀ ਤਾਜ਼ਾ ਰਿਪੋਰਟ ਮੁਤਾਬਕ, 2022 ਤੋਂ ਬਾਅਦ ਮਹਿੰਗਾਈ ਅਤੇ ਉੱਚ ਵਿਆਜ਼ ਦਰਾਂ ਨੇ ਕੈਨੇਡਾ ਦੇ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਖਰੀਦਣ ਦੀ ਤਾਕਤ ਨੂੰ ਨੁਕਸਾਨ ਪਹੁੰਚਾਇਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਕਿ ਉੱਚ ਆਮਦਨ ਵਾਲੇ ਪਰਿਵਾਰਾਂ ਨੇ ਆਪਣੀ ਖਰੀਦਣ ਦੀ ਤਾਕਤ ਵਿੱਚ ਵਾਧਾ ਕੀਤਾ ਹੈ, ਖਾਸ ਤੌਰ ‘ਤੇ ਆਪਣੇ ਨਿਵੇਸ਼ ਆਮਦਨ ਦੇ ਕਾਰਨ।
ਰਿਪੋਰਟ ਮੁਤਾਬਕ, 2019 ਦੇ ਅਖੀਰਲੀ ਤਿਮਾਹੀ ਤੋਂ 2024 ਦੀ ਪਹਿਲੀ ਤਿਮਾਹੀ ਤੱਕ, ਕੈਨੇਡੀਅਨ ਘਰਾਂ ਦੀ ਖਰੀਦਣ ਦੀ ਔਸਤ ਤਾਕਤ 21 ਪ੍ਰਤੀਸ਼ਤ ਵਧੀ ਹੈ। ਇਸ ਵਾਧੇ ਵਿੱਚ ਸਰਕਾਰੀ ਫੰਡਾਂ, ਤਨਖਾਹਾਂ ‘ਚ ਵਾਧਾ, ਅਤੇ ਨਿਵੇਸ਼ ਆਮਦਨ ਮੁੱਖ ਕਾਰਨ ਸਨ।
ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਕਿ ਮਹਿੰਗਾਈ ਅਤੇ ਵਿਆਜ ਦਰਾਂ ਦੇ ਵਾਧੇ ਨੇ ਘਰਾਂ ਦੀ ਖਰੀਦਣ ਦੀ ਤਾਕਤ ਨੂੰ ਪ੍ਰਭਾਵਿਤ ਕੀਤਾ ਹੈ, ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ‘ਤੇ ਇਸ ਦਾ ਜ਼ਿਆਦਾ ਅਸਰ ਪਿਆ। ਘੱਟ ਆਮਦਨ ਵਾਲੇ ਪਰਿਵਾਰਾਂ ਲਈ ਆਮਦਨ ‘ਚ ਛੋਟੇ ਵਾਧੇ ਮਹਿੰਗਾਈ ਦੇ ਅਸਰ ਨੂੰ ਘਟਾਉਣ ਲਈ ਕਾਫ਼ੀ ਨਹੀਂ ਸਨ।
2019 ਤੋਂ 2024 ਤੱਕ, ਔਸਤ ਤੌਰ ‘ਤੇ ਕੈਨੇਡੀਅਨਜ਼ 15 ਪ੍ਰਤੀਸ਼ਤ ਕੀਮਤਾਂ ਦੇ ਵਾਧੇ ਦਾ ਸਾਹਮਣਾ ਕੀਤਾ, ਜਿਸ ਵਿੱਚ ਖਾਣਾ-ਪੀਣਾ, ਰਹਿਣ ਦੀ ਥਾਂ ਅਤੇ ਆਵਾਜਾਈ ਮੁੱਖ ਸੂਤਰ ਰਹੇ। ਮਹਿੰਗਾਈ ਵੱਧ ਕੇ 2022 ਵਿੱਚ ਆਪਣੀ ਚੋਟੀ ਤੇ ਪਹੁੰਚ ਗਈ, ਜਿਸ ਨਾਲ ਆਮ ਲੋਕਾਂ ਲਈ ਖਰੀਦਣ ਦੀ ਤਾਕਤ ਘਟ ਗਈ।
ਹਾਲਾਂਕਿ, ਉੱਚ ਵਿਆਜ ਦਰਾਂ ਨੇ ਕਈਆਂ ਦੇ ਨਿਵੇਸ਼ ਆਮਦਨ ਨੂੰ ਵਧਾਇਆ, ਖਾਸ ਤੌਰ ‘ਤੇ ਸਭ ਤੋਂ ਉੱਚ ਆਮਦਨ ਵਾਲੇ 20 ਪ੍ਰਤੀਸ਼ਤ ਪਰਿਵਾਰਾਂ ਲਈ। ਇਸ ਨੇ 2023 ਵਿੱਚ ਉਨ੍ਹਾਂ ਦੀ ਖਰੀਦਣ ਦੀ ਤਾਕਤ ਕਾਫੀ ਵਧੀ, ਜਦਕਿ ਬਾਕੀ ਘਰਾਂ ਨੇ ਵੱਧ ਵਿਆਜ ਭੁਗਤਾਨਾਂ ਦਾ ਸਾਹਮਣਾ ਕੀਤਾ ਜਿਸ ਕਾਰਨ ਆਮ ਲੋਕਾਂ ਦੇ ਘਰੇਲੂ ਬਜਟ ਬੁਰੀ ਤਰ੍ਹਾਂ ਆਰਥਿਕ ਬੋਝ ਹੇਠ ਆ ਗਏ।