ਗੱਡੀ ‘ਚੋਂ 2 ਰਿਵਾਲਵਰ ਮਿਲੀਆਂ, ਫਰਜ਼ੀ ਪਾਸ ਨਾਲ ਅੰਦਰ ਘੁਸਣ ਦੀ ਕਰ ਰਿਹਾ ਸੀ ਕੋਸ਼ਿਸ਼
ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਡੋਨਲਡ ਟਰੰਪ ਦੀ ਰੈਲੀ ਦੇ ਬਾਹਰ ਇੱਕ ਹਥਿਆਰਬੰਦ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਕੈਲੀਫੋਰਨੀਆ ਦੇ ਕੋਚੇਲਾ ਵਿੱਚ ਟ੍ਰੰਪ ਦੀ ਰੈਲੀ ਦੌਰਾਨ ਵਾਪਰੀ। ਸੀਆਨਐਨ ਮੁਤਾਬਕ, ਸ਼ਖ਼ਸ ਨੇ ਫਰਜ਼ੀ ਪ੍ਰੈਸ ਅਤੇ ਵੀ.ਆਈ.ਪੀ. ਪਾਸ ਨਾਲ ਰੈਲੀ ਵਿੱਚ ਘੁਸਣ ਦੀ ਕੋਸ਼ਿਸ਼ ਕੀਤੀ।
ਰਿਵਰਸਾਈਡ ਕਾਉਂਟੀ ਦੇ ਸ਼ੈਰੀਫ਼ ਚੈਡ ਬਿਆਨਕੋ ਨੇ ਦੱਸਿਆ ਕਿ ਇਸਦੀ ਕਾਲੀ ਐਸ.ਯੂ.ਵੀ. ਕਾਰ ‘ਚੋਂ ਪੁਲਿਸ ਨੂੰ ਇੱਕ ਸ਼ਾਟਗਨ, ਇੱਕ ਲੋਡਡ ਹੈਂਡਗਨ ਅਤੇ ਇੱਕ ਹਾਈ ਕੈਪੈਸਿਟੀ ਮੈਗਜ਼ੀਨ ਮਿਲੀ ਹੈ। ਸ਼ੱਕ ਦੇ ਆਧਾਰ ‘ਤੇ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਹੋਏ ਸ਼ਖ਼ਸ ਦੀ ਪਛਾਣ 49 ਸਾਲਾਂ ਦੇ ਵੈਮ ਮਿਲਰ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਮਿਲਰ ਨੂੰ ਦੋ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ ਅਤੇ ਉਸ ਨੂੰ $5,000 ਬਾਂਡ ‘ਤੇ ਰਿਹਾ ਕਰ ਦਿੱਤਾ ਗਿਆ ਹੈ। ਉਸਨੂੰ 2 ਜਨਵਰੀ 2025 ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਦੇਣ ਲਈ ਰਿਵਰਸਾਈਡ ਕਾਉਂਟੀ ਦੇ ਸ਼ੈਰੀਫ਼ ਜਲਦੀ ਹੀ ਪ੍ਰੈਸ ਕਾਨਫਰੰਸ ਕਰਣਗੇ।
ਇਸ ਤੋਂ ਪਹਿਲਾਂ ਵੀ ਟ੍ਰੰਪ ‘ਤੇ ਕਈ ਹਮਲੇ ਦੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਹਨ। ਤਿੰਨ ਮਹੀਨੇ ਪਹਿਲਾਂ, ਪੈਂਸਿਲਵੇਨੀਆ ਦੇ ਬਟਲਰ ਸ਼ਹਿਰ ‘ਚ ਰੈਲੀ ਦੌਰਾਨ ਗੋਲੀ ਚਲਾਈ ਗਈ ਸੀ। 16 ਸਤੰਬਰ ਨੂੰ ਟ੍ਰੰਪ ‘ਤੇ ਇੱਕ ਹੋਰ ਹਮਲੇ ਦੀ ਕੋਸ਼ਿਸ਼ ਫਲੋਰੀਡਾ ਦੇ ਪਾਮ ਬੀਚ ਕਾਉਂਟੀ ‘ਚ ਹੋਈ ਸੀ, ਜਦੋਂ ਉਹ ਗੋਲਫ ਕਲੱਬ ‘ਚ ਖੇਡ ਰਹੇ ਸਨ। ਉਸ ਸਮੇਂ ਟ੍ਰੰਪ ਦੀ ਸੁਰੱਖਿਆ ‘ਚ ਤਾਇਨਾਤ ਸਿਕ੍ਰੇਟ ਸਰਵਿਸ ਏਜੰਟ ਨੇ ਇੱਕ ਹਥਿਆਰਬੰਦ ਸ਼ਖ਼ਸ ਨੂੰ ਝਾੜੀਆਂ ‘ਚ ਲੁਕੇ ਹੋਏ ਦੇਖਿਆ ਸੀ।
ਸਿਕ੍ਰੇਟ ਸਰਵਿਸ ਨੇ ਕਿਹਾ ਕਿ ਇਸ ਘਟਨਾ ਦਾ ਟ੍ਰੰਪ ਦੀ ਸੁਰੱਖਿਆ ‘ਤੇ ਕੋਈ ਅਸਰ ਨਹੀਂ ਪਿਆ। ਰੈਲੀ ਵਿੱਚ ਤਾਇਨਾਤ ਸੁਰੱਖਿਆ ਟੀਮ ਅਤੇ ਸਥਾਨਕ ਅਧਿਕਾਰੀਆਂ ਨੇ ਚੰਗਾ ਸਹਿਯੋਗ ਕੀਤਾ। ਸੁਰੱਖਿਆ ਵਿੱਚ ਹੋਰ ਵਾਧਾ ਕਰਕੇ ਮੀਡੀਆ ਅਤੇ ਵੀ.ਆਈ.ਪੀ. ਟਿਕਟ ਵਾਲਿਆਂ ਦੀ ਸਖ਼ਤੀ ਨਾਲ ਜਾਂਚ ਕੀਤੀ ਗਈ।