ਜਿਸ ਮਿੱਟੀ ਦੀ ਖੁਸ਼ਬੂ
ਦੀਆਂ ਗੱਲਾਂ ਨੇ
ਜਿਸ ਨਾਲ ਜੁੜਨ ਲਈ ਮੱਲਾਂ ਨੇ
ਓਹ ਆਪ ਬੂਹੇ ਤੇ ਪਹੁੰਚੀ ਏ
ਅੱਜ ਮਿੱਟੀ ਪੁੱਛਣ ਆਈ ਏ
ਜਿਸ ਮਿੱਟੀ ਨੂੰ ਤੁਸੀਂ ਚੁੰਮਦੇ ਹੋ
ਜਿਸ ਮਿੱਟੀ ਨੂੰ ਤੁਸੀਂ ਸੁੰਘਦੇ ਹੋ
ਜਿਸ ਮਿੱਟੀ ਦੀਆਂ ਕਸਮਾਂ ਖਾ ਖਾ
ਤੁਸੀਂ ਦੇਸ਼ ਭਗਤ ਬਣ ਘੁੰਮਦੇ ਹੋ
ਓਹੀ ਮਿੱਟੀ ਪੁੱਛਣ ਆਈ ਏ
ਕਿੱਥੇ ਰੱਖਣਾ ਗਹਿਣੇ ਮੈਨੂੰ
ਕਿਹੜੀ ਤੂੰ ਸਕੀਮ ਬਣਾਈ ਏ
ਮੈਨੂੰ ਆਪਣਿਆਂ ਤੋਂ ਨਿਖੇੜਨ ਦੀ
ਏਹ ਕਿਹੜੀ ਖੇਡ ਰਚਾਈ ਏ
ਇਹ ਮਿੱਟੀ ਪੁੱਛਣ ਆਈ ਏ
ਮੇਰਾ ਕਰਜ਼ਾ ਕੀ ਮੋੜਨਾ ਤੂੰ
ਦਸ ਕਿੰਨੇ ਚ ਸੌਦਾ ਕੀਤਾ
ਬਗਾਨਿਆਂ ਨੂੰ ਲੜ ਫੜਾਵਣ ਦਾ
ਦਸ ਜਿਗਰਾ ਕਿਵੇਂ ਹੈ ਤੂੰ ਕੀਤਾ
ਅੱਜ ਮਿੱਟੀ ਪੁੱਛਣ ਆਈ ਏ
ਅੱਜ ਤੈਥੋਂ ਪੁੱਛਣ ਆਈ ਏ।
ਲੇਖਕ : ਨਰਿੰਦਰ ਕੁਮਾਰ