ਟਰੰਪ ਦੇ ਟੈਰਿਫ਼ ਵਧਾਉਣ ਦੀ ਧਮਕੀ ਤੋਂ ਬਾਅਦ ਮੈਕਸੀਕੋ ਦੀ ਚੇਤਾਵਨੀ

 

4 ਲੱਖ ਅਮਰੀਕੀ ਨੌਕਰੀਆਂ ਪੈਣਗੀਆਂ ਖਤਰੇ ‘ਚ, ਬਾਰਡਰ ਬੰਦ ਕਰਨ ਦਾ ਕੋਈ ਇਰਾਦਾ ਨਹੀਂ
ਵਾਸ਼ਿੰਗਟਨ, (ਪਰਮਜੀਤ ਸਿੰਘ): ਮੈਕਸੀਕੋ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਵਲੋਂ ਟੈਰਿਫ਼ ਵਧਾਉਣ ਦੀ ਧਮਕੀ ‘ਤੇ ਸਖਤ ਚੇਤਾਵਨੀ ਦਿੱਤੀ ਹੈ। ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ਿਨਬਾਮ ਨੇ ਕਿਹਾ ਕਿ ਜੇ ਅਮਰੀਕਾ ਮੈਕਸੀਕੋ ‘ਤੇ ਟੈਰਿਫ਼ ਵਧਾਉਂਦਾ ਹੈ, ਤਾਂ ਮੈਕਸੀਕੋ ਵੀ ਉਨ੍ਹਾਂ ਦੇ ਖਿਲਾਫ ਜਵਾਬੀ ਟੈਰਿਫ਼ ਲਗਾਏਗਾ।
ਸ਼ਿਨਬਾਮ ਨੇ ਟ੍ਰੰਪ ਦੇ ਉਸ ਬਿਆਨ ‘ਤੇ ਵੀ ਜਵਾਬ ਦਿੱਤਾ, ਜਿਸ ਵਿੱਚ ਟਰੰਪ ਨੇ ਕਿਹਾ ਸੀ ਕਿ ਮੈਕਸੀਕੋ ਦੀ ਰਾਸ਼ਟਰਪਤੀ ਅਮਰੀਕਾ ਵਿੱਚ ਮਾਈਗ੍ਰੇਸ਼ਨ ਰੋਕਣ ਲਈ ਆਪਣੇ ਬਾਰਡਰ ਨੂੰ ਬੰਦ ਕਰਨ ਲਈ ਤਿਆਰ ਹਨ। ਸ਼ਿਨਬਾਮ ਨੇ ਕਿਹਾ ਕਿ ਮੈਕਸੀਕੋ ਦਾ ਆਪਣੇ ਬਾਰਡਰ ਨੂੰ ਬੰਦ ਕਰਨ ਦਾ ਕੋਈ ਇਰਾਦਾ ਨਹੀਂ ਹੈ।
ਮੈਕਸੀਕੋ ਦੇ ਆਰਥਿਕ ਮੰਤਰੀ ਮਰਸੇਲੋ ਏਬਰਾੜ ਨੇ ਵੀ ਅਮਰੀਕਾ ਨੂੰ ਇੱਕ ਖੇਤਰੀ ਵਪਾਰ ਯੁੱਧ ਸ਼ੁਰੂ ਹੋਣ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦਾ ਇਹ ਕਦਮ ਆਪਣੇ ਹੀ ਪੈਰ ‘ਤੇ ਕੁਲਾੜੀ ਮਾਰਨ ਵਰਗਾ ਹੋਵੇਗਾ, ਅਤੇ ਇਸ ਨਾਲ ਅਮਰੀਕਾ ਵਿੱਚ 4 ਲੱਖ ਲੋਕਾਂ ਦੀ ਨੌਕਰੀਆਂ ਜਾ ਸਕਦੀਆਂ ਹਨ।
ਜ਼ਿਕਰਯੌਗ ਹੈ ਕਿ ਟਰੰਪ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜਦੋਂ ਉਹ ਮੁੜ ਰਾਸ਼ਟਰਪਤੀ ਦੀ ਕ਼ੁਰਸੀ ‘ਤੇ ਬੈਠੇਗੇ, ਤਾਂ ਉਹ ਪਹਿਲੇ ਦਿਨ ਹੀ ਕੈਨੇਡਾ, ਮੈਕਸੀਕੋ ਅਤੇ ਚੀਨ ਤੋਂ ਅਮਰੀਕਾ ਆਉਣ ਵਾਲੀ ਸਮਾਨ ‘ਤੇ ਭਾਰੀ ਟੈਰਿਫ਼ ਲਗਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਜਦ ਤੱਕ ਇਹ ਤਿੰਨ ਦੇਸ਼ ਨਸ਼ਿਆਂ ਅਤੇ ਗੈਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਕੁਝ ਨਹੀਂ ਕਰਦੇ, ਤਦ ਤੱਕ ਉਨ੍ਹਾਂ ਨੂੰ ਅਮਰੀਕਾ ਵੱਲੋਂ ਟੈਰਿਫ਼ ਦਾ ਸਾਹਮਣਾ ਕਰਨਾ ਪਏਗਾ। ਮੈਕਸੀਕੋ ਦੇ ਆਰਥਿਕ ਮੰਤਰੀ ਨੇ ਦੱਸਿਆ ਕਿ ਮੈਕਸੀਕੋ ਦੀ ਅਰਥਵਿਵਸਥਾ ਵਿੱਚ ਆਟੋਮੋਬਾਈਲ ਉਦਯੋਗ ਦਾ ਵੱਡਾ ਯੋਗਦਾਨ ਹੈ। ਅਮਰੀਕਾ ਵਿੱਚ ਵੇਚੀਆਂ ਜਾਣ ਵਾਲੀਆਂ ਲਗਭਗ 25% ਗੱਡੀਆਂ ਮੈਕਸੀਕੋ ਵਿੱਚ ਬਣਦੀਆਂ ਹਨ। ਜੇ ਟੈਰਿਫ਼ ਵਧਾਏ ਜਾਂਦੇ ਹਨ, ਤਾਂ ਇਸ ਨਾਲ ਅਮਰੀਕਾ ਵਿੱਚ ਇਨ੍ਹਾਂ ਗੱਡੀਆਂ ਦੀ ਕੀਮਤ ਵਿੱਚ ਵਾਧਾ ਹੋ ਜਾਵੇਗਾ। ਮੈਕਸੀਕੋ ਦੇ ਆਰਥਿਕ ਮੰਤਰੀ ਨੇ ਕਿਹਾ ਕਿ ਅਮਰੀਕਾ ਵਿੱਚ ਵੇਚੇ ਜਾਣ ਵਾਲੇ 88% ਪਿਕ-ਅਪ ਟਰੱਕ ਵੀ ਮੈਕਸੀਕੋ ਵਿੱਚ ਬਣਦੇ ਹਨ, ਜੇ ਟਰੰਪ ਮੈਕਸੀਕੋ ਤੋਂ ਆਉਣ ਵਾਲੇ ਸਮਾਨ ‘ਤੇ ਟੈਰਿਫ਼ ਲਗਾਉਂਦੇ ਹਨ, ਤਾਂ ਇਸ ਨਾਲ ਗੱਡੀਆਂ ਦੀ ਕੀਮਤ ਵਿੱਚ 3,000 ਡਾਲਰ ਤੱਕ ਦਾ ਵਾਧਾ ਹੋ ਸਕਦਾ ਹੈ।

Exit mobile version