ਸੂਰਜਾ!

 

ਨਿੱਘ ਦੇਣ ਲਈ ਸ਼ੁਕਰੀਆ
-ਮੇਰਾ ਕੀ ਏ?
ਸਾਰੀ ਗਰਮੀ ਗੈਸਾਂ ਦੀ ਏ
ਮੈਂ ਤਾਂ ਬਲਦਾ ਜਾਵਾਂ
ਬੱਸ ਏਨਾ ਹੀ ਚਾਹਵਾਂ।
ਚੰਨਿਆ!
ਰਾਤਾਂ ਰੁਸ਼ਨਾਵੇਂ- ਮਨ ਚਿੱਤ ਭਾਵੇਂ
ਸੂਰਜ ਕੋਲੋਂ ਲੈ ਰੌਸ਼ਨੀ
ਥੋਡੇ ਤੱਕ ਪਹੁੰਚਾਵਾਂ
ਬੱਸ ਏਨੇ ਕੰਮ ਆਵਾਂ।
ਸੋਹਣੇ ਫੁੱਲਾ!
ਸ਼ੁਕਰੀਆ ਤੇਰਾ ਰੰਗ ਦੇਣ ਲਈ
ਕੀ ਦੇ ਸਕਦਾਂ?
ਸਾਰੇ ਰੰਗ ਤਾਂ ਕੁਦਰਤ ਦੇਵੇ
ਮੇਰਾ ਤਾਂ ਬੱਸ ਨਾਵਾਂ
ਇਉਂ ਹੀ ਖ਼ੁਸ਼ ਹੋ ਜਾਵਾਂ।
ਨਦੀਏ!
ਨਿਰਮਲ ਨੀਰ ਪਿਲਾ ਦਿੰਨੀ ਏਂ- ਲੱਖ ਸ਼ੁਕਰਾਨੇ
ਚੋਟੀਆਂ ਉੱਤੇ ਜੰਮੀਆਂ ਬਰਫ਼ਾਂ
ਖ਼ੁਦ ਨੂੰ ਜਦ ਪਿਘਲਾਵਣ
ਬਣ ਕੇ ਨਿਰਮਲ ਨੀਰ ਤੁਹਾਡੇ
ਬੁੱਲ੍ਹਾਂ ਤੱਕ ਪੁੱਜ ਜਾਵਣ।
ਨੀ ਹਵਾਏ!
ਹੱਸੇਂ-ਖੇਡੇਂ
ਤਨ ਵੀ ਠਾਰੇਂ – ਮਨ ਵੀ ਠਾਰੇਂ
ਸਾਰੀ ਠੰਢਕ ਰੁੱਖਾਂ ਜਾਈ
ਮੈਂ ਤਾਂ ਬਸ ਛਾਤੀ ਨਾਲ ਲਾ ਕੇ
ਥੋਡੇ ਤੱਕ ਲੈ ਆਈ
ਨਾਮਾਜ਼ਾਦੀ ਪਾਈ।
ਪੰਛੀ ਵੀਰੇ!
ਜੀਓ! ਜੀਓ!!
ਸੋਚਾਂ ਨੂੰ ਖੰਭ ਲਾਵੇਂ – ਜਿਉਣ ਸਿਖਾਵੇਂ
ਹਵਾ ਆਸਰੇ ਅੰਬਰ ਦੇ ਵਿਚ
ਉੱਚਾ ਉੱਡਦਾ ਜਾਵਾਂ
ਬੱਸ ਚੰਗਾ ਲੱਗ ਜਾਵਾਂ।
ਨੀ ਜਿੰਦੀਏ!
ਕਿਸ ਕੰਮ ਤੇਰਾ ਜੀਣਾ?
ਨਾ ਠੰਢਕ, ਨਾ ਤਪਸ਼, ਰੌਸ਼ਨੀ
ਨਾ ਤੈਨੂੰ ਪਿਆਸੇ ਪੀਣਾ।
ਕਿਸ ਕੰਮ ਤੇਰਾ ਜੀਣਾ!
ਲੇਖਕ : ਗੁਰਮੀਤ ਕੜਿਆਲਵੀ
ਸੰਪਰਕ : 98726-40994

Exit mobile version