ਕਿਟਸਿਲਾਨੋ ਇਲਾਕੇ ਵਿੱਚ ਸਸਤੇ-ਕਿਫਾਇਤੀ ਘਰ ਮੁਹੱਈਆ ਕਰਵਾਉਣ ਲਈ ਅਸੀਂ ਵਚਨਬੱਧ: ਬੀ.ਸੀ. ਸਰਕਾਰ

ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਈਬੀ ਨੇ ਕਿਹਾ ਹੈ ਕਿ ਵੈਨਕੂਵਰ ਦੇ ਕਿਟਸਿਲਾਨੋ ਇਲਾਕੇ ਵਿੱਚ ਹਾਊਸਿੰਗ ਪ੍ਰਾਜੈਕਟ ਲਈ ਹੋ ਰਹੇ ਵਿਰੋਧ ਤੋਂ ਉਹ ਨਾਰਾਜ਼ ਹਨ। ਇਹ ਪ੍ਰਾਜੈਕਟ ਲਗਭਗ ਚਾਰ ਸਾਲਾਂ ਤੋਂ ਕਈ ਤਰ੍ਹਾਂ ਦੀਆਂ ਰੁਕਾਵਟਾਂ ਨਾਲ ਜੂਝ ਰਿਹਾ ਹੈ।
2023 ਵਿੱਚ ਬੀ.ਸੀ. ਸਰਕਾਰ ਨੇ ਵੈਨਕੂਵਰ ਸ਼ਹਿਰ ਦੀ ਬੇਨਤੀ ‘ਤੇ ਇੱਕ ਕਾਨੂੰਨ ਪਾਸ ਕੀਤਾ ਸੀ, ਜੋ ਇਸ ਪ੍ਰਾਜੈਕਟ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਸੀ। ਪਰ ਦਸੰਬਰ 2024 ਵਿੱਚ ਬ੍ਰਿਟਿਸ਼ ਕੋਲੰਬੀਆ ਕੋਰਟ ਆਫ਼ ਅਪੀਲ ਨੇ ਇਸ ਕਾਨੂੰਨ ਨੂੰ ਅਸੰਵਿਧਾਨਿਕ ਕਰਾਰ ਦੇ ਦਿੱਤਾ।
ਇਸ ਪ੍ਰਾਜੈਕਟ ਅਧੀਨ 12 ਮੰਜਿਲਾ ਇਮਾਰਤ ਅਰਬੁਟਸ ਸਟ੍ਰੀਟ ‘ਤੇ ਬਣਾਈ ਜਾਣੀ ਹੈ। ਇਹ ਯੋਜਨਾ ਘੱਟ-ਆਮਦਨ ਵਾਲੇ ਨਿਵਾਸੀਆਂ ਅਤੇ ਸਮਰਥਨ ਸੇਵਾਵਾਂ ਦੀ ਲੋੜ ਵਾਲੇ ਲੋਕਾਂ ਲਈ ਸਮਰਪਿਤ ਹੈ।
ਇਸ ਪ੍ਰਾਜੈਕਟ ਦਾ ਕਿਟਸਿਲਾਨੋ ਕੋਅਲਿਸ਼ਨ ਫਾਰ ਚਿਲਡਰਨ ਐਂਡ ਫੈਮਿਲੀ ਸੇਫ਼ਟੀ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਸਮੂਹ ਦਾ ਕਹਿਣਾ ਹੈ ਕਿ ਇਮਾਰਤ ਬਹੁਤ ਵੱਡੀ ਹੈ ਅਤੇ ਗਲਤ ਸਥਾਨ ‘ਤੇ ਬਣਾਈ ਜਾ ਰਹੀ ਹੈ ਕਿਉਂਕਿ ਇਹ ਇੱਕ ਐਲਿਮੈਂਟਰੀ ਸਕੂਲ ਦੇ ਸਾਹਮਣੇ ਹੈ। ਕੋਅਲਿਸ਼ਨ ਦੀ ਪ੍ਰਤੀਨਿਧ ਕਰਨ ਵਾਲੀ ਕਰੇਨ ਫਿਨਾਨ ਨੇ ਕਿਹਾ, “ਅਸੀਂ ਇਸ ਇਲਾਕੇ ਵਿੱਚ ਹਾਊਸਿੰਗ ਦੇ ਵਿਰੋਧੀ ਨਹੀਂ ਹਾਂ। ਸਾਨੂੰ ਅਜਿਹੀ ਯੋਜਨਾ ਮਨਜ਼ੂਰ ਹੈ ਜੋ ਸੁਰੱਖਿਅਤ ਹੋਵੇ ਅਤੇ ਇਮਾਰਤ ਵਿੱਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਨੂੰ ਸੁਧਾਰ ਸਕੇ।”
ਪ੍ਰੀਮੀਅਰ ਈਬੀ ਨੇ ਮੰਗਲਵਾਰ ਨੂੰ ਕਿਹਾ, “ਅਸੀਂ ਲੋਕਾਂ ਲਈ ਘਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬ੍ਰਿਟਿਸ਼ ਕੋਲੰਬੀਆ ਵਿੱਚ ਹਰ ਕੋਈ ਜਾਣਦਾ ਹੈ ਕਿ ਰਿਹਾਇਸ਼ੀ ਸੰਕਟ ਵੱਡੀ ਸਮੱਸਿਆ ਹੈ।”
ਉਨ੍ਹਾਂ ਨੇ ਇਸ ਗੱਲ ‘ਤੇ ਨਾਰਾਜ਼ਗੀ ਜਤਾਈ ਕਿ ਚਾਰ ਸਾਲ ਬੀਤ ਗਏ ਹਨ ਪਰ ਅਜੇ ਤੱਕ ਕੰਮ ਸ਼ੁਰੂ ਨਹੀਂ ਹੋ ਸਕਿਆ। ਈਬੀ ਨੇ ਕਿਹਾ, “ਇਹ ਚਰਚਾ ਦਾ ਵਿਸ਼ਾ ਨਹੀਂ ਹੈ ਕਿ ਕੀ ਘਰ ਬਣਾਏ ਜਾਣਗੇ ਸਗੋਂ । ਇਹ ਯਕੀਨੀ ਬਣਾਇਆ ਜਾਵੇਗਾ ਕਿ ਇਸ ਇਲਾਕੇ ਵਿੱਚ ਸਮਾਜਿਕ ਹਾਊਸਿੰਗ ਬਣੇ।”
ਉਨ੍ਹਾਂ ਨੇ ਸਾਰੇ ਇਲਾਕਿਆਂ ਨੂੰ ਮਕਾਨੀ ਸੰਕਟ ਦੇ ਹੱਲ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਿਹਾ।
ਪ੍ਰਾਜੈਕਟ ਮੁਲਾਂਕਣ ਅਨੁਸਾਰ 2022 ਵਿੱਚ ਸ਼ੁਰੂ ਹੋਣਾ ਸੀ, ਪਰ ਵੱਖ-ਵੱਖ ਰੁਕਾਵਟਾਂ ਕਾਰਨ ਇਸ 4 ਸਾਲ ਦੀ ਦੇਰੀ ਹੋ ਗਈ। ਈਬੀ ਨੇ ਕਿਹਾ ਕਿ ਜੇਕਰ ਇਹ ਹਾਊਸਿੰਗ ਚਾਰ ਸਾਲ ਪਹਿਲਾਂ ਬਣਾ ਦਿੱਤਾ ਜਾਂਦਾ ਤਾਂ ਇਸ ਦੀ ਲਾਗਤ ਕਾਫ਼ੀ ਘੱਟ ਹੁੰਦੀ। ਉਨ੍ਹਾਂ ਕਿਹਾ, “ਜਿੰਨੀ ਦੇਰ ਹੁੰਦੀ ਹੈ, ਘਰ ਬਣਾੳਣ ਦੀ ਲਾਗਤ ਵਧਦੀ ਹੈ, ਜਿਸ ਨਾਲ ਅੰਤ ਵਿੱਚ ਘਰਾਂ ਦੀ ਗਿਣਤੀ ਘਟਦੀ ਹੈ।”
ਪ੍ਰੀਮੀਅਰ ਨੇ ਕਿਹਾ ਕਿ ਹਾਊਸਿੰਗ ਮੰਤਰੀ ਨੂੰ ਸੂਬੇ ਭਰ ਵਿੱਚ ਹਾਊਸਿੰਗ ਅਨੁਮਤੀਆਂ ਨੂੰ ਤੇਜ਼ ਕਰਨ ਲਈ ਤਰੀਕੇ ਲੱਭਣ ਚਾਹੀਦੇ ਹਨ। ਈਬੀ ਨੇ ਕਿਹਾ “ਅਸੀਂ ਮਕਾਨ ਮੁਹੱਈਆ ਕਰਵਾਉਣੇ ਹੀ ਕਰਨੇ ਹਨ ਅਤੇ ਇਹ ਤੇਜ਼ੀ ਨਾਲ ਕਰਨਾ ਹੋਵੇਗਾ,” ਹਾਲਾਂਕਿ, ਕਿਟਸਿਲਾਨੋ ਕੋਅਲਿਸ਼ਨ ਨੇ ਇੱਕ ਵੱਖਰੇ ਯੋਜਨਾ ਲਈ ਸਲਾਹ ਦਿੱਤੀ ਹੈ, ਜੋ ਇਲਾਕੇ ਲਈ ਸੁਰੱਖਿਅਤ ਹੋਵੇ ਪਰ ਸਰਕਾਰ ਇਸ ਗੱਲ ‘ਤੇ ਅੜਿੰਗ ਹੈ ਕਿ ਇਸ ਇਲਾਕੇ ਵਿੱਚ ਇਥੇ ਹੀ ਇਮਾਰਤ ਬਣੇਗੀ। This report was written by Simranjit Singh as part of the Local Journalism Initiative.

Exit mobile version