ਜੁਰਾਸਿਕ ਕਲਾਸਿਕ ਅਤੇ ਡਾਇਨੋ ਕੱਪ ‘ਚ ਟੀਮ ਬੀ.ਸੀ. ਦੇ ਖਿਡਾਰੀਆਂ ਦੇ ਗੱਡੇ ਝੰਡੇ

ਬ੍ਰਿਟਿਸ਼ ਕੋਲੰਬੀਆ ਦੇ ਖਿਡਾਰੀਆਂ ਨੇ ਜਿੱਤੇ ਕੁਲ 21 ਤਮਗ਼ੇ, ਟੀਮ ਬੀ.ਸੀ. ਦੇ 24 ਖਿਡਾਰੀਆਂ ਵਿੱਚ 15 ਪੰਜਾਬੀ
ਸਰੀ, (ਸਿਮਰਨਜੀਤ ਸਿੰਘ): ਕੈਲਗਰੀ ਵਿੱਚ ਹੋਏ 2025 ਜੁਰਾਸਿਕ ਕਲਾਸਿਕ ਅਤੇ ਡਾਇਨੋ ਕੱਪ ਰੈਸਲਿੰਗ ਮੁਕਾਬਲਿਆਂ ‘ਚ ਟੀਮ ਬੀ.ਸੀ. ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਮੁਕਾਬਲੇ ਦੋ ਦਿਨ ਚੱਲੇ ਜਿਥੇ ਪਹਿਲੇ ਦਿਨ ਵਿਅਕਤੀਗਤ ਮੁਕਾਬਲੇ ਅਤੇ ਦੂਜੇ ਦਿਨ ਟੀਮ ਮੁਕਾਬਲੇ ਆਯੋਜਿਤ ਕੀਤੇ ਗਏ। ਟੀਮ ਦੇ ਮੁੱਖ ਕੋਚ ਗੁਰਜੋਤ ਕੂਨਰ ਅਤੇ ਸੁਖਨ ਚਾਹਲ ਅਤੇ ਸਹਾਇਕ ਕੋਚ ਜੈਸ ਟੈਂਗ ਅਤੇ ਫਿਜ਼ਿਓਥੈਰੇਪਿਸਟ ਵਿਕ ਸੰਗ੍ਹੇਰਾ ਨੇ ਵੀ ਮਹੱਤਵਪੂਰਣ ਭੂਮਿਕਾ ਨਿਭਾਈ।
ਇਸ ਮੁਕਾਬਲੇ ‘ਚ ਕਨੇਡਾ ਭਰ ਤੋਂ ਖਿਡਾਰੀ ਸ਼ਾਮਲ ਹੋਏ ਸਨ, ਜਿਨ੍ਹਾਂ ਵਿੱਚ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਸਕੈਚੇਵਨ, ਮੈਨੀਟੋਬਾ, ਓਨਟਾਰਿਓ, ਨਿਊਫਾਊਂਡਲੈਂਡ, ਯੂਕਨ ਅਤੇ ਨਾਰਥਵੈਸਟ ਟੈਰੀਟਰੀਜ਼ ਦੇ ਖਿਡਾਰੀ ਮੌਜੂਦ ਸਨ। ਟੀਮ ਬੀ.ਸੀ. 24 ਖਿਡਾਰੀਆਂ ਨਾਲ ਇਵੈਂਟ ਵਿੱਚ ਹਿੱਸਾ ਲੈਣ ਗਈ ਸੀ ਅਤੇ 21 ਤਮਗ਼ੇ ਜਿੱਤ ਕੇ ਵਾਪਸ ਮੁੜੀ। ਇਨ੍ਹਾਂ ‘ਚ 11 ਸੋਨੇ ਦੇ, 3 ਚਾਂਦੀ ਦੇ ਅਤੇ 7 ਕਾਂਸੇ ਦੇ ਤਮਗ਼ੇ ਸ਼ਾਮਲ ਸਨ।
ਪੰਜਾਬੀ ਖਿਡਾਰੀਆਂ ਦੀ ਭਾਗੀਦਾਰੀ ਵਧੀ
ਟੀਮ ਬੀ.ਸੀ. ਦੇ 24 ਖਿਡਾਰੀਆਂ ਵਿੱਚ 15 ਪੰਜਾਬੀ ਖਿਡਾਰੀ ਸਨ, ਜਿਨ੍ਹਾਂ ‘ਚ 7 ਕੁੜੀਆਂ ਅਤੇ 8 ਮੁੰਡੇ ਸ਼ਾਮਲ ਹਨ। ਇਹ ਪਹਿਲੀ ਵਾਰ ਹੈ ਕਿ ਪ੍ਰੋਵਿੰਸ਼ਲ ਟੀਮ ‘ਚ ਇਸ ਤੋਂ ਵੱਧ ਪੰਜਾਬੀਆਂ ਦੀ ਭਾਗੀਦਾਰੀ ਰਹੀ ਹੈ। ਟੀਮ ਵਿੱਚ ਪ੍ਰਤੀਨਿਧਤਾ ਕਰ ਰਹੇ 10 ਕਲੱਬਾਂ ਵਿੱਚੋਂ 6 ਪੰਜਾਬੀ ਅਧਾਰਤ ਕਲੱਬ ਸਨ, ਜੋ ਲੋਅਰ-ਮੈਨਲੈਂਡ ‘ਚ ਸਥਾਪਿਤ ਹਨ।
ਵਿਅਕਤੀਗਤ ਨਤੀਜੇ ਇਸ ਤਰ੍ਹਾਂ ਰਹੇ :
ਮਹਿਲਾਵਾਂ ਵਿੱਚ:
ਇਰਾਬੀਰ ਸੂਚ (47ਕਿ.ਗ੍ਰਾ) ૶ ਕਾਂਸੀ ਤਮਗ਼ਾ
ਗੁਰਲੀਨ ਧਿੱਲੋਂ (53ਕਿ.ਗ੍ਰਾ) ૶ ਸੋਨ ਤਮਗ਼ਾ
ਤਰਨਪ੍ਰੀਤ ਧਿੱਲੋਂ (56ਕਿ.ਗ੍ਰਾ) ૶ ਸੋਨ ਤਮਗ਼ਾ
ਖੁਸ਼ੀ ਝੱਲੀ (69ਕਿ.ਗ੍ਰਾ) ૶ ਸੋਨ ਤਮਗ਼ਾ
ਜੋਲੀਨਾ ਹੇਲੀ (80ਕਿ.ਗ੍ਰਾ) ૶ ਸੋਨ ਤਮਗ਼ਾ

ਪੁਰਸ਼ਾਂ ਵਿੱਚ:
ਗੌਰਵ ਬਾਹੀ (48ਕਿ.ਗ੍ਰਾ) ૶ ਸੋਨ ਤਮਗ਼ਾ
ਜੌਵਨ ਜੋਹਲ (77ਕਿ.ਗ੍ਰਾ) ૶ ਸੋਨ ਤਮਗ਼ਾ
ਹਰਜੋਤ ਸ਼ੇਰਗਿੱਲ (92ਕਿ.ਗ੍ਰਾ) ૶ ਸੋਨ ਤਮਗ਼ਾ
ਉਦੈਪ੍ਰਤਾਪ ਬਿੱਲਨ (120ਕਿ.ਗ੍ਰਾ) ૶ ਸੋਨ ਤਮਗ਼ਾ
ਇਸ ਤੋਂ ਇਲਾਵਾ ਦੋਨੋ, ਪੁਰਸ਼ਾਂ ਅਤੇ ਮਹਿਲਾਵਾਂ ਦੀ ਟੀਮ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਟੀਮ ਬੀ.ਸੀ. ਨੇ ਓਨਟਾਰਿਓ, ਸਕੈਚੇਵਨ, ਨਿਊਫਾਊਂਡਲੈਂਡ, ਅਤੇ ਦੋ ਅਲਬਰਟਾ ਟੀਮਾਂ ਨੂੰ ਹਰਾਇਆ। ਟੀਮ ਬੀ.ਸੀ. ਹੁਣ ਤਿੰਨ ਵਾਰ ਡਾਇਨੋ ਕੱਪ ਚੈਂਪੀਅਨ ਬਣੀ ਹੈ। ਇਸ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਨੇ ਟੀਮ ਬੀ.ਸੀ. ਨੂੰ ਰੈਸਲਿੰਗ ਜਗਤ ਵਿੱਚ ਮਜ਼ਬੂਤ ਥਾਂ ਦਿਵਾਈ ਹੈ। This report was written by Simranjit Singh as part of the Local Journalism Initiative.

Exit mobile version