ਕੈਨੇਡਾ ਦਾ ਅਮਰੀਕਾ ਵਿੱਚ ਰਲੇਵਾਂ ਕਦੇ ਵੀ ਨਹੀਂ ਹੋ ਸਕਦਾ : ਜਸਟਿਨ ਟਰੂਡੋ

ਕੈਨੇਡਾ ਵਿਕਾਊ ਨਹੀਂ ਹੈ : ਡੱਗ ਫੋਰਡ

ਸਰੀ, (ਸਿਮਰਨਜੀਤ ਸਿੰਘ): ਕੈਨੇਡਾ-ਅਮਰੀਕਾ ਦੇ ਰਿਸ਼ਤਿਆਂ ਵਿੱਚ ਨਵੇਂ ਤਣਾਅ ਦਾ ਕਾਰਨ ਬਣ ਰਹੇ ਅਮਰੀਕਾ ਦੇ ਨਵੇਂ ਚੁਣੇ ਹੋਏ ਰਾਸ਼ਟਰਪਤੀ ਡੌਨਲਡ ਟਰੰਪ ਦੇ ਬਿਆਨਾਂ ਨੇ ਕੈਨੇਡਾ ਦੀ ਰਾਜਨੀਤੀ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦੇ 51ਵੇਂ ਸੂਬਾ ਬਣਾਉਣ ਦੀ ਗੱਲ ਕਈ ਵਾਰ ਦੁਹਰਾਈ ਹੈ। ਜਿਸ ‘ਤੇ ਆਖਰਕਾਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁੱਢ ਤੋਂ ਖਾਰਜ ਕਰਦਿਆ ਕਿਹਾ ਹੈ ਕਿ ਕੈਨੇਡਾ ਦਾ ਅਮਰੀਕਾ ਵਿੱਚ ਰਲੇਵਾਂ ਕਦੇ ਵੀ ਨਹੀਂ ਹੋ ਸਕਦਾ।
ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਟਰੰਪ ਦੇ ਬਿਆਨ ‘ਤੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ, ”ਕਿਸੇ ਸੰਪੂਰਨ ਦੇਸ਼ ਦਾ ਦੂਜੇ ਦੇਸ਼ ਵਿੱਚ ਰਲੇਵਾਂ ਕਰਨਾ ਕੋਈ ਬੱਚਿਆਂ ਵਾਲੀ ਖੇਡ ਨਹੀਂ ਹੈ। ਕੈਨੇਡਾ ਇੱਕ ਆਜ਼ਾਦ ਅਤੇ ਮਜ਼ਬੂਤ ਦੇਸ਼ ਹੈ, ਜੋ ਅਮਰੀਕਾ ਦਾ ਵਪਾਰਕ ਅਤੇ ਸੁਰੱਖਿਆ ਭਾਈਵਾਲ ਵੀ ਹੈ।” ਟਰੂਡੋ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਲਿਖਿਆ ਕਿ ਦੋਵੇਂ ਦੇਸ਼ਾਂ ਦੇ ਵਰਕਰ ਅਤੇ ਭਾਈਚਾਰੇ ਇੱਕ ਦੂਜੇ ਦੇ ਸਭ ਤੋਂ ਵੱਡੇ ਸਾਥੀ ਹਨ ਅਤੇ ਇਹ ਰਿਸ਼ਤਾ ਆਪਸੀ ਸਨਮਾਨ ‘ਤੇ ਆਧਾਰਿਤ ਹੈ।
ਟਰੂਡੋ ਨੇ ਇਹ ਵੀ ਕਿਹਾ ਕਿ ਕੈਨੇਡੀਅਨ ਸਰਕਾਰ ਕਈ ਵਾਰ ਸਾਫ਼ ਕਰ ਚੁੱਕੀ ਹੈ ਕਿ ਦੋਵੇਂ ਦੇਸ਼ਾਂ ਦੇ ਰਲੇਵੇਂ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਸਾਫ਼ ਕੀਤਾ ਕਿ ”ਇਹ ਸਿਰਫ਼ ਸਿਆਸੀ ਦਬਾਅ ਬਣਾਉਣ ਦੀ ਕੋਸ਼ਿਸ਼ ਹੈ, ਜਿਸ ਦਾ ਕੈਨੇਡਾ ਨੇ ਅਤੀਤ ਵਿੱਚ ਵੀ ਸਫਲਤਾਪੂਰਵਕ ਮੁਕਾਬਲਾ ਕੀਤਾ ਹੈ।”
ਜ਼ਿਕਰਯੋਗ ਹੈ ਕਿ ਡੌਨਲਡ ਟਰੰਪ ਨੇ ਹਾਲ ਹੀ ਵਿੱਚ ਕਿਹਾ ਕਿ ਅਮਰੀਕਾ ਹਰ ਸਾਲ ਕੈਨੇਡਾ ਦੀ ਸੁਰੱਖਿਆ ਅਤੇ ਸਮਰਥਨ ਲਈ ਸੈਂਕੜੇ ਅਰਬ ਡਾਲਰ ਖਰਚਦਾ ਹੈ, ਜਿਸ ਨਾਲ ਕੈਨੇਡਾ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਅਮਰੀਕਾ ਦਾ ਹਿੱਸਾ ਬਣਨਾ ਚਾਹੁੰਦੇ ਹਨ ਜਾਂ ਨਹੀਂ। ਉਨ੍ਹਾਂ ਅਰਜ਼ੀ ਤੌਰ ‘ਤੇ ਖਿੱਚੀ ਸਰਹੱਦਾਂ ਨੂੰ ਹਟਾਉਣ ਦੀ ਗੱਲ ਕੀਤੀ ਅਤੇ ਕਿਹਾ ਕਿ ਇਹ ਲੋਕਾਂ ਸਲਾਮਤੀ ਲਈ ਵੀ ਚੰਗਾ ਸਾਬਤ ਹੋ ਸਕਦਾ ਹੈ।
ਇੱਕ ਨਿਊਜ਼ ਕਾਨਫਰੰਸ ਦੌਰਾਨ ਟਰੰਪ ਨੇ ਕਿਹਾ ਕਿ ਕੈਨੇਡਾ ਦੇ ਨਾਲ ਜੁੜ ਕੇ ਸਾਰੇ ਮੁੱਦੇ ਹੱਲ ਕੀਤੇ ਜਾ ਸਕਦੇ ਹਨ। ਹਾਲਾਂਕਿ, ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਕੈਨੇਡਾ ਨੂੰ ਅਮਰੀਕਾ ‘ਚ ਰਲਾਉਣ ਲਈ ਫੌਜੀ ਤਾਕਤ ਦੀ ਵਰਤੋਂ ਕਰਨਗੇ, ਟਰੰਪ ਨੇ ਕਿਹਾ ਕਿ ਅਮਰੀਕਾ ਦੇ ਕੋਲ ਇਹ ਹੱਕ ਨਹੀਂ ਹੈ।
ਟਰੰਪ ਨੇ ਇਹ ਵੀ ਕਿਹਾ ਕਿ ਉਹ ਕੈਨੇਡਾ ਅਤੇ ਮੈਕਸੀਕੋ ਤੋਂ ਸਾਰੀਆਂ ਦਰਾਮਦਾਂ ‘ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਯੋਜਨਾ ‘ਤੇ ਵਿਚਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਦੋਵੇਂ ਦੇਸ਼ ਅਮਰੀਕਾ ਦੀਆਂ ਸਾਰੀਆਂ ਮੰਗਾਂ ਨਹੀਂ ਮੰਨਦੇ ਤਾਂ ਇਹ ਟੈਰਿਫ਼ ਲਾਗੂ ਕੀਤਾ ਜਾਵੇਗਾ।
ਟਰੰਪ ਦੀ ਇਹ ਧਮਕੀ 20 ਜਨਵਰੀ 2025 ਨੂੰ ਅਧਿਕਾਰਕ ਤੌਰ ‘ਤੇ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਹੀ ਕੈਨੇਡਾ ਵਿੱਚ ਵੱਡੇ ਤਣਾਅ ਦਾ ਕਾਰਨ ਬਣ ਗਈ ਹੈ। ਟਰੰਪ ਦੀ ਧਮਕੀ ਦੇ ਜਵਾਬ ਵਿੱਚ ਕੈਨੇਡਾ ਵੀ ਅਮਰੀਕਾ ‘ਤੇ ਟੈਰਿਫ਼ ਲਗਾਉਣ ਲਈ ਰਣਨੀਤੀ ਉਲੀਕਣ ਲੱਗਾ ਹੈ ਅਤੇ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ।
ਟਰੰਪ ਨੇ ਕੈਨੇਡੀਅਨ ਵਸਤਾਂ ‘ਤੇ ਅਮਰੀਕੀ ਖਰਚਿਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੈਨੇਡਾ ਨੂੰ ਸੁਰੱਖਿਆ ਦੇਣ ਲਈ ਅਮਰੀਕਾ ਦੇ ਸਾਧਨਾਂ ਦਾ ਜ਼ਿਆਦਾ ਹੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਅਮਰੀਕਾ ਨਾਲ ਵਧੇਰੇ ਸਹਿਯੋਗ ਕਰਨ ਦੀ ਜ਼ਰੂਰਤ ਹੈ ਅਤੇ ਇਹ ਉਨ੍ਹਾਂ ਦੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਸਹਿਯੋਗ ਨੂੰ ਸੰਭਾਲਣ ਵਿੱਚ ਆਪਣਾ ਯੋਗਦਾਨ ਪਾਉਣ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰੰਪ ਦੀਆਂ ਆਰਥਿਕ ਧਮਕੀਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਕਿ ਕੈਨੇਡਾ ਟਰੰਪ ਦੇ ਕਿਸੇ ਵੀ ਕਦਮ ਦਾ ਮਜ਼ਬੂਤੀ ਨਾਲ ਜਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਕੈਨੇਡਾ ਇੱਕ ਆਜ਼ਾਦ ਦੇਸ਼ ਹੈ।
ਜਸਟਿਨ ਟਰੂਡੋ ਤੋਂ ਬਾਅਦ ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੇਇਨਬਾਅਮ ਨੇ ਵੀ ਟਰੰਪ ਨੂੰ ਉਸੇ ਦੀ ਭਾਸ਼ਾ ‘ਚ ਜਵਾਬ ਦਿੱਤਾ ਹੈ।
ਟਰੰਪ ਨੇ ਹਾਲ ਹੀ ਵਿੱਚ ਗਲਫ਼ ਆਫ਼ ਮੈਕਸੀਕੋ ਨੂੰ ”ਗਲਫ਼ ਆਫ਼ ਅਮਰੀਕਾ” ਨਾਮ ਦੇਣ ਦੀ ਗੱਲ ਕੀਤੀ। ਇਸ ‘ਤੇ ਬੁੱਧਵਾਰ ਨੂੰ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਸ਼ੇਇਨਬਾਅਮ ਨੇ ਟਰੰਪ ਨੂੰ ਜਵਾਬ ਦੇਣ ਲਈ ਨਕਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਕਿਹਾ ਕਿ ਉੱਤਰੀ ਅਮਰੀਕਾ ਦਾ ਨਾਮ ”ਅਮੇਰੀਕਾ ਮੈਕਸੀਕਾਨਾ” ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ”ਇਹ ਸੁੰਦਰ ਲਗਦਾ ਹੈ, ਹੈ ਨਾ?” ਉਨ੍ਹਾਂ ਨੇ ਅਗੇ ਕਿਹਾ ਕਿ 1814 ਦੀ ਇੱਕ ਪ੍ਰਮੁੱਖ ਦਸਤਾਵੇਜ਼, ਜੋ ਮੈਕਸੀਕੋ ਦੇ ਸੰਵਿਧਾਨ ਤੋਂ ਪਹਿਲਾਂ ਦਾ ਹੈ, ਵਿੱਚ ਉੱਤਰੀ ਅਮਰੀਕਾ ਨੂੰ ਇਸੇ ਨਾਂ ਨਾਲ ਦਰਸਾਇਆ ਗਿਆ ਹੈ।
ਇਸ ਤੋਂ ਇਲਾਵਾ ਟਰੰਪ ਨੇ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਪਨਾਮਾ ਨਹਿਰ ਅਤੇ ਗ੍ਰੀਨਲੈਂਡ ‘ਤੇ ਨਿਯੰਤਰਣ ਲੈਣ ਦੀ ਗੱਲ ਵੀ ਕੀਤੀ।
This report was written by Simranjit Singh as part of the Local Journalism Initiative.

Exit mobile version