ਲੇਖਕ : ਪ੍ਰੋ. ਕੁਲਜੀਤ ਕੌਰ
ਕੁਦਰਤ ਨੇ ਹਰ ਜੀਵ ਦੇ ਹਿੱਸੇ ਕੋਈ ਨਾ ਕੋਈ ਕੰਮ ਲਗਾ ਕੇ ਉਸ ਨੂੰ ਇਸ ਸੰਸਾਰ ਵਿਚ ਭੇਜਿਆ ਹੈ ਪਰ ਕਈ ਲੋਕ ਕੰਮ ਦੀ ਕਦਰ ਨਹੀਂ ਕਰਦੇ । ਕਿਸੇ ਵਿਦਵਾਨ ਨੇ ਠੀਕ ਹੀ ਕਿਹਾ ਹੈ ਕਿ ਪ੍ਰਕਿਰਤੀ ਜਦ ਤੁਹਾਨੂੰ ਕਿਸੇ ਕੰਮ ਲਈ ਚੁਣਦੀ ਹੈ ਤਾਂ ਉਹ ਤੁਹਾਡਾ ਸਤਿਕਾਰ ਕਰਦੀ ਹੈ । ਕੁਝ ਨੁਕਤਿਆਂ ਉੱਪਰ ਵਿਚਾਰ ਕਰਕੇ ਅਸੀਂ ਆਪਣੇ ਕੰਮ ਪ੍ਰਤੀ ਸੁਹਿਰਦ ਰਹਿ ਸਕਦੇ ਹਾਂ:
ਆਪਣੇ ਉਦੇਸ਼ ਸਪੱਸ਼ਟ ਕਰੋ । ਇਨ੍ਹਾਂ ਤੋਂ ਖੁੰਝੋ ਨਾ । ਉਦੇਸ਼ ਨੂੰ ਪੂਰਾ ਕਰਨ ਦਾ ਹਰ ਹੀਲੇ ਯਤਨ ਕਰੋ ।
ਆਪਣੇ-ਆਪ ਨੂੰ ਆਪਣੀਆਂ ਭਾਵਨਾਵਾਂ ਨੂੰ ਜੋ ਸੁਚਾਰੂ ਹੋਣ, ਦਬਾਅ ਕੇ ਨਾ ਰੱਖੋ, ਆਪਣੇ ਅਧਿਕਾਰੀਆਂ ਅਤੇ ਸਹਿਯੋਗੀਆਂ ਦੇ ਸਾਹਮਣੇ ਖੁੱਲ੍ਹ ਕੇ ਗੱਲ ਕਰੋ, ਸੁਝਾਅ ਵੀ ਦਿਓ ।
ਸਮੇਂ ਦਾ ਸਹੀ ਪ੍ਰਯੋਗ ਕਰਨਾ ਸਿੱਖੋ । ਵਿਅਰਥ ਕੰਮਾਂ ਵਿਚ ਆਪਣਾ ਸਮਾਂ ਤੇ ਊਰਜਾ ਨਸ਼ਟ ਨਾ ਕਰੋ । ਹੋ ਸਕੇ ਤਾਂ ਕੰਮਾਂ ਦੀ ਸੂਚੀ ਬਣਾਓ । ਸਭ ਤੋਂ ਉੱਪਰ ਉਹ ਕੰਮ ਰੱਖੋ, ਜੋ ਜ਼ਿਆਦਾ ਜ਼ਰੂਰੀ ਹਨ । ਖੁਦ ਉਪਰ ਕਾਬੂ ਰੱਖ ਕੇ ਹੀ ਸਮੇਂ ਦਾ ਸਹੀ ਪ੍ਰਯੋਗ ਹੋ ਸਕਦਾ ਹੈ । ਜੋ ਕੰਮ ਤੁਹਾਨੂੰ ਖ਼ੂਬ ਪਸੰਦ ਹਨ, ਉਹ ਸਭ ਤੋਂ ਪਹਿਲਾਂ ਕਰ ਸਕਦੇ ਹੋ । ਇਸ ਨਾਲ ਜੋਸ਼ ਬਰਕਰਾਰ ਰਹੇਗਾ ਅਤੇ ਥਕਾਵਟ ਨਹੀਂ ਹੋਵੇਗੀ ।
ਜ਼ਿੰਦਗੀ ਵਿਚ ਆਉਣ ਵਾਲੇ ਬਦਲਾਅ ਨੂੰ ਸਵੀਕਾਰ ਕਰੋ । ਗਿਆਨ ਅਤੇ ਆਤਮ-ਵਿਸ਼ਵਾਸ ਦਾ ਸੰਤੁਲਨ ਬਣਾਈ ਰੱਖੋ । ਖਾਲੀ ਸਮਾਂ ਜਦ ਵੀ ਮਿਲੇ ਤਾਂ ਆਪਣੇ ਕੰਮ ਨਾਲ ਸੰਬੰਧਿਤ ਪੁਸਤਕਾਂ ਅਤੇ ਸਰੋਤਾਂ ਤੋਂ ਜਾਣਕਾਰੀ ਹਾਸਿਲ ਕਰਕੇ ਅਨੁਭਵੀ ਬਣਨ ਦਾ ਯਤਨ ਕਰੋ । ਅਜਿਹੇ ਲੋਕਾਂ ਨਾਲ ਮੇਲਜੋਲ ਵਧਾਓ, ਜਿਨ੍ਹਾਂ ਤੋਂ ਕੁਝ ਸਿੱਖਿਆ ਜਾ ਸਕਦਾ ਹੈ ।
ਜੋ ਕੁਝ ਵੀ ਤੁਹਾਡੇ ਕੋਲ ਹੈ, ਉਸ ਨੂੰ ਸਵੀਕਾਰ ਕਰਨ ਦੀ ਆਦਤ ਪਾ ਲਓ । ਇਹ ਠੀਕ ਹੈ ਕਿ ਹੋਰ ਚੰਗੇਰੇ ਬਣਨ ਲਈ ਯਤਨ ਕਰਦੇ ਰਹਿਣਾ ਜ਼ਰੂਰੀ ਹੈ, ਪਰ ਜੋ ਹੈ, ਉਸ ਨੂੰ ਸਵੀਕਾਰ ਕਰਕੇ ਆਪਣੇ ਕੰਮ ਪ੍ਰਤੀ ਉਤਸ਼ਾਹਿਤ ਰਹੋ । ਇਸ ਲਈ ਜੋ ਕੁਝ ਹੈ, ਉਸ ਦੀ ਕਦਰ ਕਰਨੀ ਸਿਖਣ ਨਾਲ ਹੌਸਲੇ ਬੁਲੰਦ ਹੁੰਦੇ ਹਨ ।
ਆਪਣੇ ਕਰੀਅਰ ਦੇ ਪ੍ਰਤੀ ਸੰਜੀਦਾ ਰਹਿ ਕੇ ਜੇਕਰ ਉਸ ਵਿਚ ਕੋਈ ਬਦਲਾਅ ਚਾਹੁੰਦੇ ਹੋ ਤਾਂ ਉਸ ਲਈ ਦਿੜ੍ਹ ਰਹੋ ਅਤੇ ਉਸ ਦੇ ਸਿੱਟਿਆਂ ਤੋਂ ਬਾਖੂਬੀ ਵਾਕਿਫ਼ ਰਹੋ । ਕਈ ਵਾਰ ਕੋਈ ਕੰਮ ਕਰਕੇ ਇਨਸਾਨ ਦਾ ਮਨ ਭਰ ਜਾਂਦਾ ਹੈ, ਤਾਂ ਉਹ ਸਿ ਦਾ ਵਿਕਲਪ ਚਾਹੁੰਦਾ ਹੈ । ਵਿਕਲਪ ਲੱਭੇ ਜਾ ਸਕਦੇ ਹਨ ਪਰ ਮਿਹਨਤ ਅਤੇ ਲਗਨ ਹਰ ਕੰਮ ਲਈ ਜ਼ਰੂਰੀ ਹੈ ।
ਕੰਮ ਨਾਲ ਪਿਆਰ ਕਰਨ ਲਈ ਆਪਣੇ ਸਹਿਯੋਗੀਆਂ ਨਾਲ ਸਹਿਯੋਗ ਵੀ ਕਰਨਾ ਜ਼ਰੂਰੀ ਹੈ । ਉਹ ਅੱਗੇ ਵਧਣ ਵਿਚ ਸਹਾਇਤਾ ਕਰ ਸਕਦੇ ਹਨ । ਜਿਹੜਾ ਕੰਮ ਕਰਨ ਵਿਚ ਮੁਸ਼ਕਿਲ ਆ ਰਹੀ ਹੈ, ਉਸ ਨੂੰ ਪੂਰਾ ਕਰਨ ਲਈ ਸਹਿਯੋਗੀਆਂ ਦੀ ਮਦਦ ਲਈ ਜਾ ਸਕਦੀ ਹੈ । ਸਫ਼ਲ ਜੀਵਨ ਅਤੇ ਖ਼ੁਸ਼ੀ ਹਾਸਿਲ ਕਰਨ ਲਈ ਜ਼ਰੂਰੀ ਹੈ, ਕੰਮ ਪ੍ਰਤੀ ਸੁਹਿਰਦ ਤੇ ਸੁਚੇਤ ਰਹੋ ।
ਆਓ, ਆਪਣੇ ਹਿੱਸੇ ਲੱਗੇ ਕੰਮ ਨੂੰ ਪਿਆਰ ਸਹਿਤ ਪੂਰਾ ਕਰੀਏ ਅਤੇ ਦੁਨੀਆ ਦੀ ਸ਼ੋਭਾ ਅਤੇ ਮਨ ਦੀ ਖ਼ੁਸ਼ੀ ਪ੍ਰਾਪਤ ਕਰੀਏ।