ਮਾਂ ਮੇਰੀ ਦੀਆਂ ਲੋਰੀਆਂ

 

ਮਾਂ ਮੇਰੀ ਦੀਆਂ ਲੋਰੀਆਂ ਮੈਨੂੰ,
ਅੱਜ ਵੀ ਯਾਦ ਨੇ ਆਉਂਦੀਆਂ
ਕਦੇ ਹਸਾਵਣ ਆ ਯਾਦਾਂ ਵਿੱਚ,
ਕਦੇ ਹੈ ਬਹੁਤ ਰਵਾਉਂਦੀਆਂ
ਮਾਂ ਮੇਰੀ ਦੀਆਂ …..

ਜਦ ਮੈਂ ਰੋਂਦਾ ਮਾਂ ਮੇਰੀ ਝੱਟ,
ਘੁੱਟ ਛਾਤੀ ਨਾਲ ਲਾਉਂਦੀ ਸੀ
ਭੁੱਖੀ ਰਹਿਕੇ ਖ਼ੁਦ ਉਹ ਮੈਨੂੰ,
ਆਪਣਾ ਦੁੱਧ ਪਿਲਾਉਂਦੀ ਸੀ
ਦਿੰਦੀ ਸੀ ਉਹ ਲੈ ਹਰ ਚੀਜ਼ਾਂ,
ਜੋ ਮੇਰੇ ਮਨ ਭਾਉਂਦੀਆਂ
ਮਾਂ ਮੇਰੀ ਦੀਆਂ …..

ਉੱਠ ਸਵੇਰੇ ਤੜਕੇ ਠੰਡੇ,
ਪਾਣੀ ਨਾਲ ਨਹਾਉਂਦੀ ਸੀ
ਕੰਘੀ ਕਰ ਵਰਦੀ ਪਹਿਨਾ ਕੇ,
ਸਿਰ ਦਸਤਾਰ ਸਜਾਉਂਦੀ ਸੀ
ਐਸੀਆਂ ਮਾਵਾਂ ਸਭ ਦੀਆਂ ਹੋਵਣ,
ਜੋ ਸਿੱਧੇ ਰਾਹ ਪਾਉਂਦੀਆਂ
ਮਾਂ ਮੇਰੀ ਦੀਆਂ …..

ਰਾਤ ਚਾਨਣੀ ਤਾਰੇ ਚਮਕਣ,
ਰੱਬ ਦੇ ਗੀਤ ਸੁਣਾਉਂਦੀ ਸੀ
ਯੋਧਿਆਂ ਦੇ ਇਤਿਹਾਸ ਕਦੇ ਤੇ,
ਕਦੇ ਉਹ ਬਾਤਾਂ ਪਾਉਂਦੀ ਸੀ
ਉਹ ਨਸ਼ਲਾਂ ਰੁਲ ਜਾਂਦੀਆਂ ਨੇ ਜੋ,
ਮਾਂ ਦਾ ਪਿਆਰ ਭੁਲਾਉਂਦੀਆਂ
ਮਾਂ ਮੇਰੀ ਦੀਆਂ …..

ਮਾਂ ਚਰਨਾਂ ਨੂੰ ਚੁੰਮ-ਚੁੰਮ “ਲੱਖਾ”,
ਸਲੇਮਪੁਰੇ ਦਾ ਯਾਦ ਕਰੇ
ਮਾਂ ਦੇਈਂ ਸਭ ਨੂੰ ਮਾਂ ਮੇਰੀ ਜਿਹੀ,
ਰੱਬ ਅੱਗੇ ਫ਼ਰਿਆਦ ਕਰੇ
ਉਹਨਾਂ ਮਾਵਾਂ ਤੋਂ ਸਦਕੇ ਜੋ,
ਨੂੰਹਾਂ ਨਾਲ ਨਿਭਾਉਂਦੀਆਂ
ਮਾਂ ਮੇਰੀ ਦੀਆਂ

ਲੇਖਕ : ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
ਵਟਸਐਪ : +447438398345

 

Exit mobile version