ਇਹ ਸਭ ਵਿਗੜੇ ਹੋਏ ਮੁੰਡੇ ਕੁੜੀਆਂ ਸਨ

 

ਲੇਖਕ : ਕਰਮ ਸਿੰਘ ਹਿਸਟੋਰੀਅਨ
ਸਾਡਾ ਇਹ ਸੁਭਾਵ ਹੈ ਕਿ ਅਸੀਂ ਬੁਰਾਈ ਵਲ ਛੇਤੀ ਝੁਕ ਪੈਂਦੇ ਹਾਂ ਤੇ ਚੰਗਿਆਈ ਸਾਨੂੰ ਅਲੂਣੀ ਸਿਲ ਜਾਪਦੀ ਹੈ। ਸੰਸਾਰ ਵਿਚ ਚੰਗੇ ਮੁੰਡੇ-ਕੁੜੀਆਂ ਵੀ ਹੋਏ ਹਨ, ਪਰ ਲੋਕਾਂ ਨੇ ਉਨ੍ਹਾਂ ਦੇ ਨਾਮ ਯਾਦ ਨਹੀਂ ਰੱਖੇ। ਜਿਹੜੇ ਗੰਦੇ ਕੁੜੀਆਂ-ਮੁੰਡੇ ਹੋਏ ਹਨ, ਉਹ ਲੋਕਾਂ ਨੂੰ ਅੱਜ ਤੀਕ ਯਾਦ ਹਨ ਅਤੇ ਕਵੀਆਂ ਨੇ ਲੋਕਾਂ ਦੀ ਇਸ ਮੰਦ-ਵਾਸ਼ਨਾ ਨੂੰ ਪੂਰਾ ਕਰਨ ਲਈ ਗੰਦਿਆਂ ਦੀਆਂ ਮੰਦਿਆਈਆਂ ਉੱਤੇ ਐਸੀ ਪੋਚਾ-ਪਾਚੀ ਕੀਤੀ ਹੈ ਕਿ ਉਨ੍ਹਾਂ ਨੂੰ ਪ੍ਰੇਮ ਦੇ ਪੁਤਲੇ ਬਣਾ ਕੇ ਉਨ੍ਹਾਂ ਨੂੰ ਪੂਜਣ ਦੀ ਥਾਂ ਬਣਾ ਦਿੱਤੀ ਹੈ।
ਸਿੱਧੀ ਮੋਟੀ ਬੋਲੀ ਵਿਚ ਹੀਰ ਤੇ ਰਾਂਝਾ, ਸੋਹਣੀ ਮਹੀਂਵਾਲ ਅਤੇ ਮਿਰਜ਼ਾ ਸਾਹਿਬਾਂ, ਇਹ ਸਭ ਵਿਗੜੇ ਹੋਏ ਮੁੰਡੇ ਕੁੜੀਆਂ ਸਨ, ਜਿਨ੍ਹਾਂ ਆਪਣੇ ਮਾਪਿਆਂ ਤੇ ਕੌਮ ਦੀ ਇੱਜ਼ਤ ਦਾ ਖ਼ਿਆਲ ਨਾ ਕਰਕੇ ਉਹ ਕੰਮ ਕੀਤੇ, ਜਿਨ੍ਹਾਂ ਨੂੰ ਲੋਕੀਂ ਚੰਗਾ ਨਹੀਂ ਸਮਝਦੇ ਸਨ। ਪਰ ਹੌਲੀ-ਹੌਲੀ ਲੋਕਾਂ ਨੇ ਉਨ੍ਹਾਂ ਦੇ ਔਗੁਣਾਂ ਨੂੰ ਗੁਣ ਬਣਾ ਦਿੱਤਾ ਤੇ ਲੋਕ ਇਨ੍ਹਾਂ ਮੁੰਡੇ-ਕੁੜੀਆਂ ਨੂੰ ਪ੍ਰੇਮ ਦੇ ਆਦਰਸ਼ ਸਮਝਣ ਲੱਗ ਪਏ। ਪ੍ਰੇਮ ਆਪਣਿਆਂ ਨਾਲ ਹੁੰਦਾ ਹੈ, ਬਿਗਾਨਿਆਂ ਨਾਲ ਪ੍ਰੇਮ ਦੇ ਕੀ ਅਰਥ?
ਇਸ ਸੰਸਾਰ ਵਿਚ ਐਸੀਆਂ ਗੱਲਾਂ ਰੋਜ਼ ਹੁੰਦੀਆਂ ਹਨ ਪਰ ਜੋ ਗੱਲ ਲੋਕਾਂ ਦੇ ਮੂੰਹ ਚੜ੍ਹ ਗਈ ਤੇ ਕਵੀਆਂ ਦੇ ਕਾਬੂ ਆ ਗਈ, ਉਹ ਅਸਲੋਂ ਬੇ-ਅਸਲ ਹੋ ਕੇ ਕੁਝ ਦੀ ਕੁਝ ਹੋ ਜਾਂਦੀ ਹੈ। ਮਿਰਜ਼ਾ ਸਾਹਿਬਾਂ ਤੇ ਸੋਹਣੀ ਮਹੀਂਵਾਲ ਦੀਆਂ ਗੱਲਾਂ ਅਜੇ ਕੱਲ੍ਹ ਦੀਆਂ ਗੱਲਾਂ ਹਨ। ਇਨ੍ਹਾਂ ਨੂੰ ਹੋਇਆਂ ਅਜੇ ਦੋ ਸੌ ਸਾਲ ਵੀ ਨਹੀਂ ਹੋਏ, ਪਰ ਲੋਕਾਂ ਨੇ ਖੰਭਾਂ ਦੀਆਂ ਡਾਰਾਂ ਬਣਾ ਦਿੱਤੀਆਂ ਹਨ।
ਗੁਜਰਾਤ ਦੇ ਵਸਨੀਕ ਗਣੇਸ਼ ਦਾਸ ਜੀ ਹੋਏ ਹਨ ਜਿਨ੍ਹਾਂ ਨੇ ‘ਚਹਾਰ ਬਾਗ ਪੰਜਾਬ’ ਨਾਮੇ ਇਕ ਤਵਾਰੀਖ ਲਿਖ਼ੀ ਸੀ। ਮਿਰਜ਼ਾ ਸਾਹਿਬਾਂ ਤੇ ਸੋਹਣੀ ਮਹੀਂਵਾਲ ਤੋਂ ਕੇਵਲ ਸੱਤਰ ਅੱਸੀ ਸਾਲ ਪਿੱਛੋਂ ਹੀ ਗਣੇਸ਼ ਦਾਸ ਜੀ ਹੋਏ ਹਨ। ਭਾਵੇਂ ਇਨ੍ਹਾਂ ਦੇ ਸਮੇਂ ਵੀ ਲੋਕਾਂ ਨੇ ਅਸਲ ਗੱਲ ਨੂੰ ਵਧਾ-ਘਟਾ ਛੱਡਿਆ ਸੀ ਪਰ ਤਦ ਵੀ ਇਨ੍ਹਾਂ ਦੀ ਲਿਖਤ ਬਹੁਤ ਕੁਝ ਸੱਚ ਦੇ ਲਾਗੇ-ਚਾਗੇ ਹੈ। ਮੈਂ ਇਨ੍ਹਾਂ ਦੇ ਆਧਾਰ ‘ਤੇ ਹੀ ਸੰਖੇਪ ਜਿਹੇ ਹਾਲ ਲਿਖਦਾਂ ਹਾਂ:
ਸੋਹਣੀ ਮਹੀਂਵਾਲ ਦੀ ਘਟਨਾ ਸੰਮਤ 1789 (1732 ਈਸਵੀ) ਵਿਚ ਹੋਈ ਹੈ ਜਿਸ ਸਾਲ ਕਿ ਭਾਈ ਤਾਰਾ ਸਿੰਘ ਜੀ ਵਾਂਈਏ ਸ਼ਹੀਦ ਹੋਏ ਹਨ। ਇਸ ਤੋਂ ਕੁਝ ਸਾਲ ਮਗਰੋਂ ਮਿਰਜ਼ਾ-ਸਾਹਿਬਾਂ ਦੀ ਘਟਨਾ ਹੋਈ ਹੈ। ਇਹ ਉਹ ਸਮਾਂ ਸੀ, ਜਦ ਕਿ ਦਿੱਲੀ ਦੇ ਤਖ਼ਤ ਉੱਤੇ ਮੁਹੰਮਦ ਸ਼ਾਹ ਸੀ ਅਤੇ ਲਾਹੌਰ ਦਾ ਸੂਬਾ ਖ਼ਾਨ ਬਹਾਦਰ ਸੀ, ਜੋ ਸਿੱਖਾਂ ਨੂੰ ਥਾਂ-ਥਾਂ ਮਾਰਦਾ ਤੇ ਕਤਲ ਕਰੀ ਜਾਂਦਾ ਸੀ ਅਤੇ ਸਿੱਖ ਪੰਜਾਬ ਨੂੰ ਛੱਡ ਕੇ ਪ੍ਰਦੇਸਾਂ ਵਿਚ ਦਿਨ ਬਤੀਤ ਕਰ ਰਹੇ ਸਨ।
ਸਿਆਲ ਤੇ ਖਰਲ ਦੋ ਪ੍ਰਸਿੱਧ ਗੋਤਾਂ ਹਨ, ਜੋ ਮੁਗਲਾਂ ਦੇ ਸਮੇਂ ਸੁਤੰਤਰ ਜੀਵਨ ਬਤੀਤ ਕਰਦੇ ਅਤੇ ਆਪਣੇ ਕਬੀਲਿਆਂ ਨਾਲ ਖੁੱਲ੍ਹ-ਖੁਲਾਸੇ ਰਿਹਾ ਕਰਦੇ ਸਨ। ਇਨ੍ਹਾਂ ਦੀ ਰਹਿਤ-ਬਹਿਤ ਅੱਜ ਤੀਕ ਖੁਲਾਸੀ ਹੈ। ਸ਼ਾਦੀਆਂ ਵੱਡੀਆਂ ਉਮਰਾਂ ਵਿਚ ਹੁੰਦੀਆਂ ਸਨ ਅਤੇ ਅਠਾਰ੍ਹਾਂ-ਵੀਹ ਵਰ੍ਹੇ ਦੇ ਕੁਆਰੇ ਮੁੰਡੇ ਕੁੜੀਆਂ ਇੱਕਠੇ ਖੇਡਦੇ-ਮੱਲਦੇ ਤੇ ਖੁੱਲ੍ਹੇ-ਖੁਲਾਸੇ ਰਿਹਾ ਕਰਦੇ ਸਨ।
ਖੀਵੇ ਸਿਆਲ ਨੇ ਇੱਕ ਪਿੰਡ ਵਸਾਇਆ ਸੀ ਜੋ ਹੌਲੀ-ਹੌਲੀ ਚੰਗਾ ਤਕੜਾ ਪਿੰਡ ਹੋ ਗਿਆ। ਇਸ ਨੂੰ ਲੋਕੀਂ ਸਿਆਲਾਂ ਦਾ ਖੀਵਾ ਆਖਦੇ ਹਨ। ਸਮੇਂ ਦੇ ਰਿਵਾਜ ਅਨੁਸਾਰ ਇਥੇ ਇਕ ਮਸੀਤ ਵੀ ਸੀ, ਜਿਸ ਵਿਚ ਪਿੰਡ ਦੇ ਮੁੰਡੇ ਕੁੜੀਆਂ ਇੱਕਠੇ ਪੜ੍ਹਿਆ ਕਰਦੇ ਸਨ। ਇਸ ਖੀਵੇ ਦੇ ਦੋ ਪੁੱਤਰ, ਖਾਨ ਸੁਮੀਰ ਅਤੇ ਖਾਨ ਅਮੀਰ ਸਨ ਅਤੇ ਬੀਬੀ ਸੀ ਜਿਸ ਦਾ ਨਾਮ ਸਾਹਿਬਾਂ ਸੀ। ਸਮੇਂ ਦੇ ਰਿਵਾਜ ਅਨੁਸਾਰ ਇਹ ਸਾਹਿਬਾਂ ਵੀ ਆਪਣੇ ਪਿੰਡ ਦੀ ਮਸੀਤ ਵਿਚ ਪੜ੍ਹਨ ਜਾਇਆ ਕਰਦੀ ਸੀ।
ਰਾਵੀ ਦਰਿਆ ਦੇ ਕੰਢੇ ਫਰੀਦਾਬਾਦ ਇਕ ਪ੍ਰਸਿੱਧ ਕਸਬਾ ਹੈ। ਇਹ ਪੁਰਾਣੀ ਬਸਤੀ ਹੈ। ਜਿਸ ਸਮੇਂ ਪਹਿਲਾਂ-ਪਹਿਲ ਬੰਦਾ ਬਹਾਦਰ ਦੜਕਿਆ ਅਤੇ ਖ਼ਾਲਸੇ ਨੇ ਵਜ਼ੀਰ ਖਾਂ ਨੂੰ ਮਾਰ ਕੇ ਸਰਹੰਦ ਨੂੰ ਸੋਧਿਆ ਤੇ ਸਾਹਿਬਜ਼ਾਦਿਆਂ ਦੇ ਬਦਲੇ ਲਏ, ਉਸ ਸਮੇਂ ਲਾਹੌਰ ਦਾ ਹਾਕਮ ਅਸਲਮ ਖਾਂ ਸੀ ਅਤੇ ਫਰੀਦਾਬਾਦ ਦਾ ਚੌਧਰੀ ਨਜੀਬ ਖਾਂ ਖਰਲ ਇਸ ਪਾਸ ਨੌਕਰ ਸੀ। ਪਹਿਲਾਂ ਤਾਂ ਅਸਲਮ ਖਾਂ ਡਰ ਦਾ ਮਾਰਿਆ ਲਾਹੌਰ ਦੜ ਵੱਟੀ ਪਿਆ ਰਿਹਾ ਪਰ ਜਦ ਬਹਾਦਰ ਸ਼ਾਹ ਪਾਤਸ਼ਾਹ ਫੌਜਾਂ ਲੈ ਕੇ ਪੰਜਾਬ ਵੱਲ ਵਧਿਆ ਤਾਂ ਲਾਹੌਰ ਦੇ ਮੁਸਲਮਾਨਾਂ ਨੂੰ ਵੀ ਸੁਰਤ ਆ ਗਈ ਅਤੇ ਉਨ੍ਹਾਂ ਨੇ ਖ਼ਾਲਸੇ ਨਾਲ ਲੜਾਈ ਕਰਨ ਲਈ ਹੈਦਰੀ ਝੰਡਾ ਕੱਢਿਆ। ਉਸ ਸਮੇਂ ਅਸਲਮ ਖਾਂ ਨੇ ਪੰਜ ਸੌ ਪਿਆਦਾ ਦੇ ਕੇ ਇਸੇ ਨਜੀਬ ਖਾਂ ਖਰਲ ਨੂੰ ਗਾਜ਼ੀਆਂ ਨਾਲ ਤੋਰਿਆ ਸੀ।
ਇਸ ਸਮੇਂ ਤੋਂ ਦੋ ਚਾਰ ਸਾਲ ਮਗਰੋਂ ਨਜੀਬ ਖਾਂ ਦੇ ਘਰ ਪੁੱਤਰ ਹੋਇਆ, ਜਿਸ ਦਾ ਨਾਮ ਮਿਰਜ਼ਾ ਰੱਖਿਆ ਗਿਆ। ਜਦ ਇਹ ਕੁਝ ਵੱਡਾ ਹੋਇਆ ਤਾਂ ਇਸ ਦੀ ਮਾਸੀ ਇਸ ਨੂੰ ਪੜ੍ਹਾਉਣ ਲਈ ਆਪਣੇ ਪਿੰਡ ਖੀਵੇ (ਸਿਆਲਾਂ ਦੇ) ਲੈ ਗਈ। ਇਹ ਉਸੇ ਮਸੀਤ ਵਿਚ ਪੜ੍ਹਨ ਲੱਗ ਗਿਆ ਜਿਥੇ ਪਿੰਡ ਦੇ ਚੌਧਰੀ ਦੀ ਬੀਬੀ ਸਾਹਿਬਾਂ ਪੜ੍ਹਿਆ ਕਰਦੀ ਸੀ।
ਦੋਵੇਂ ਹੀ ਹੁੰਦਲ-ਹੇੜ ਤੇ ਸੋਹਣੇ ਸਨ। ਇੱਕਠੇ ਪੜ੍ਹਦੇ, ਇੱਕਠੇ ਹੀ ਖੇਡਦੇ। ਸਮਾਂ ਹੀ ਐਸਾ ਸੀ, ਪੁੰਨ-ਪਾਪ ਦਾ ਕੋਈ ਖ਼ਿਆਲ ਨਹੀਂ ਸੀ, ਦੋਹਾਂ ਵਿਚ ਪਿਆਰ ਸੀ ਅਤੇ ਦੋਵੇਂ ਇਕ ਦੂਜੇ ਦੇ ਘਰ ਆਉਂਦੇ ਜਾਂਦੇ ਸਨ।
ਜਦ ਮਿਰਜ਼ਾ ਕੁਝ ਵੱਡਾ ਹੋ ਗਿਆ ਤਾਂ ਇਸ ਦੇ ਮਾਪਿਆਂ ਨੇ ਇਸ ਨੂੰ ਫਰੀਦਾਬਾਦ ਸਦਵਾ ਲਿਆ। ਹੌਲੀ-ਹੌਲੀ ਇਹ ਜਵਾਨ ਹੋ ਗਿਆ ਅਤੇ ਸਮੇਂ ਦੇ ਰਿਵਾਜ ਅਨੁਸਾਰ ਘੋੜੇ ਦੀ ਸਵਾਰੀ ਤੇ ਤੀਰ ਚਲਾਉਣ ਦਾ ਹੁਨਰ ਚੰਗੀ ਤਰ੍ਹਾਂ ਸਿੱਖ ਗਿਆ। ਉਹ ਸਮੇਂ ਮਾਰਾਂ-ਧਾੜਾਂ ਦੇ ਸਨ ਅਤੇ ਹਰ ਇਕ ਗੱਭਰੂ ਸਵਾਰੀ ਤੇ ਤੀਰ ਚਲਾਉਣ ਦਾ ਚੰਗਾ ਜਾਣੂ ਹੋਇਆ ਕਰਦਾ ਸੀ। ਭਾਵੇਂ ਮੁਗਲਾਂ ਦੀਆਂ ਫੌਜਾਂ ਵਿਚ ਤੋੜੇਦਾਰ ਬੰਦੂਕਾਂ ਦਾ ਰਿਵਾਜ ਸੀ, ਪਰ ਪਿੰਡਾਂ ਵਿਚ ਬੰਦੂਕ ਨੂੰ ਕੋਈ ਨਹੀਂ ਜਾਣਦਾ ਸੀ। ਇਨ੍ਹਾਂ ਦਾ ਵੱਡਾ ਹਥਿਆਰ ਤੀਰ ਕਮਾਨ ਸੀ ਅਤੇ ਇਸ ਤੋਂ ਉਪਰ ਸਨ ਸੇਲਾ, ਭਾਲਾ ਅਤੇ ਤਲਵਾਰ।
ਹੁਣ ਮਿਰਜ਼ਾ ਭਰਵਾਂ ਜਵਾਨ ਸੀ। ਇਕ ਦਿਨ ਮੰਗਤਾ ਜੋ ਪਿੰਡੋ-ਪਿੰਡ ਮੰਗਦਾ ਫਿਰਦਾ ਸੀ, ਫਰੀਦਾਬਾਦ ਪੁੱਜਾ। ਇਹ ਆਪਣੇ ਆਪ ਨੂੰ ਪੀਰ ਅਖਵਾਉਂਦਾ ਸੀ। ਸਮੇਂ ਦੇ ਰਿਵਾਜ਼ ਅਨੁਸਾਰ ਪਿੰਡ ਦੇ ਆਦਮੀ ਤਕੀਏ ਵਿਚ ਇੱਕਠੇ ਹੋਏ ਅਤੇ ਇਸ ਨਵੇਂ ਆਏ ਸੈਲਾਨੀ ਦੀਆਂ ਗੱਲਾਂ ਸੁਣਨ ਲੱਗੇ। ਇਸ ਨੇ ਸਾਹਿਬਾਂ ਦੀ ਜੁਆਨੀ ਤੇ ਹੁਸਨ ਦੀ ਬੜੀ ਉਪਮਾ ਕੀਤੀ ਅਤੇ ਮੰਗਦਾ-ਖਾਂਦਾ ਅੱਗੇ ਨੂੰ ਚਲਿਆ ਗਿਆ।
ਮਿਰਜ਼ੇ ਨੂੰ ਆਪਣੀ ਬਾਲੀ ਉਮਰ ਦੀਆਂ ਗੱਲਾਂ ਚੇਤੇ ਆ ਗਈਆਂ। ਉਹ ਆਪਣੀ ਘੋੜੀ ਉੇੱਤੇ ਸਵਾਰ ਹੋਇਆ ਅਤੇ ਰਵਾਂ ਰਵੀਂ ਪਿੰਡ ਆਪਣੀ ਮਾਸੀ ਪਾਸ ਚਲਿਆ ਗਿਆ। ਮਾਸੀ ਨੂੰ ਆਪਣੇ ਦਿਲ ਦੀ ਸਾਰੀ ਗੱਲ ਦੱਸੀ, ਜਿਸ ਨੇ ਸਾਰੀਆਂ ਗੱਲਾਂ ਸਾਹਿਬਾਂ ਦੇ ਕੰਨੀਂ ਪਾਈਆਂ। ਉਸ ਨੂੰ ਵੀ ਆਪਣੀ ਛੋਟੀ ਉਮਰ ਦੀਆਂ ਗੱਲਾਂ ਚੇਤੇ ਆ ਗਈਆਂ ਤੇ ਮਿਰਜ਼ੇ ਨੂੰ ਵੇਖ ਕੇ ਉਹ ਵੀ ਪਿਆਰ ਕਰਨ ਲੱਗ ਗਈ।
ਭਾਵੇਂ ਕੋਈ ਪੜਦਾ ਤਾਂ ਨਹੀਂ ਸੀ, ਪਰ ਤਦ ਵੀ ਇਕ ਜਵਾਨ ਕੁੜੀ ਦਾ ਇਕ ਓਪਰੇ ਜਵਾਨ ਮੁੰਡੇ ਨੂੰ ਹਨੇਰੇ-ਸਵੇਰੇ ਇਕਾਂਤ ਵਿਚ ਮਿਲਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਇਕ ਦਿਨ ਮਿਰਜ਼ੇ ਦੀ ਮਾਸੀ ਨੇ ਸਾਹਿਬਾਂ ਦੀ ਮਾਂ ਨੂੰ ਜਾ ਕੇ ਆਖਿਆ ਕਿ ਕੁੜੀ ਬੀਮਾਰ ਜੇਹੀ ਰਹਿੰਦੀ ਹੈ, ਜੇਕਰ ਤੂੰ ਇਸ ਨੂੰ ਮੇਰੇ ਸਪੁਰਦ ਕਰ ਦੇਵੇਂ ਤਾਂ ਮੈਂ ਇਸ ਦਾ ਦਵਾ-ਦਾਰੂ ਕਰਾਂ, ਜ਼ਰੂਰ ਰਾਜ਼ੀ ਹੋ ਜਾਊ। ਸਾਹਿਬਾਂ ਦੀ ਮਾਂ ਨੇ ਕਿਹਾ, ‘ਕੀ ਡਰ ਹੈ, ਤੁਹਾਡੀ ਹੀ ਧੀ ਹੈ। ਆਪਣੇ ਘਰ ਲੈ ਜਾਓ ਤੇ ਦਵਾ-ਦਾਰੂ ਕਰੋ।’
ਇਸ ਤਰ੍ਹਾਂ ਮਿਰਜ਼ਾ ਤੇ ਸਾਹਿਬਾਂ ਇੱਕਠੇ ਹੋ ਗਏ ਅਤੇ ਆਪੋ ਵਿਚ ਇਨ੍ਹਾਂ ਦਾ ਪਿਆਰ ਵਧ ਗਿਆ, ਪਰ ਮਾਲੂਮ ਹੁੰਦਾ ਹੈ ਕਿ ਮਿਰਜ਼ਾ ਹੁਣ ਆਪਣੀ ਮਾਸੀ ਦੇ ਘਰ ਚੋਰਾਂ ਵਾਂਗ ਲੁਕ ਕੇ ਰਹਿੰਦਾ ਸੀ, ਨਸ਼ੰਗ ਹੋ ਕੇ ਨਹੀਂ ਰਹਿੰਦਾ ਸੀ।
ਇਕ ਦਿਨ ਸਾਹਿਬਾਂ ਦੇ ਕਿਸੇ ਨਜ਼ਦੀਕੀ ਨੇ ਇਨ੍ਹਾਂ ਦੋਹਾਂ ਨੂੰ ਪਿਆਰ ਕਰਦੇ ਵੇਖ ਲਿਆ। ਉਸ ਨੇ ਮਿਰਜ਼ੇ ਦੀ ਮਾਸੀ ਨੂੰ ਬਹੁਤ ਬੁਰਾ ਭਲਾ ਕਿਹਾ ਅਤੇ ਸਾਹਿਬਾਂ ਨੂੰ ਫੜ ਕੇ ਉਸ ਦੀ ਮਾਂ ਪਾਸ ਲੈ ਗਿਆ।
ਸਾਹਿਬਾਂ ਖੇਖਨ-ਹੱਥੀ ਰੋਣ ਲੱਗ ਪਈ ਤੇ ਕਹਿਣ ਲੱਗੀ ਕਿ ਇਸ ਸ਼ਰੀਕ ਨੇ ਮੈਨੂੰ ਝੂਠੀ ਊਜ ਲਾਈ ਹੈ, ਭਲਾ ਮੈਂ ਕਿਥੇ ਤੇ ਮਿਰਜ਼ਾ ਕਿਥੇ? ਭਾਲ ਕੀਤੀ ਤਾਂ ਮਿਰਜ਼ੇ ਦਾ ਕੁਝ ਥਹੁ ਨਾ ਲੱਗਾ, ਕਿਉਂ ਜੁ ਮਿਰਜ਼ਾ ਡਰਦਾ ਮਾਰਾ ਉਦੋਂ ਹੀ ਫਰੀਦਾਬਾਦ ਨੂੰ ਨੱਸ ਗਿਆ ਸੀ।
ਮਾਪਿਆਂ ਨੇ ਸੋਚਿਆ ਕਿ ਸਾਹਿਬਾਂ ਜਵਾਨ ਹੈ। ਇਸ ਦਾ ਕਿਤੇ ਨਿਕਾਹ ਕਰ ਦੇਣਾ ਚਾਹੀਦਾ ਹੈ। ਤਾਹਰ ਖਾਂ ਇੱਕ ਸਰਦਾਰ ਸੀ, ਇਸ ਦੀ ਮੰਗਣੀ ਕੀਤੀ ਗਈ ਤੇ ਨਿਕਾਹ ਦਾ ਦਿਨ ਵੀ ਮਿਥ ਦਿੱਤਾ। ਸਾਹਿਬਾਂ ਨੇ ਮਿਰਜ਼ੇ ਪਾਸ ਸੁਨੇਹਾ ਘਲਵਾਇਆ ਕਿ ‘ਫਲਾਣੇ ਦਿਨ ਮੇਰਾ ਨਿਕਾਹ ਹੈ, ਜੇ ਹੋ ਸਕਦਾ ਹੈ ਤਾਂ ਮੈਨੂੰ ਆ ਕੇ ਲੈ ਜਾਵੇ।’
ਮਿਰਜ਼ਾ ਫਰੀਦਾਬਾਦੋਂ ਤੁਰਿਆ ਤੇ ਖੀਵੇ ਆ ਕੇ ਜਨੇਤੀਆਂ ਨਾਲ ਰਲ ਗਿਆ। ਥਾਂ ਥਾਂ ਦੇ ਆਦਮੀ, ਕਿਸੇ ਨੂੰ ਕੀ ਪਤਾ ਕਿ ਕੌਣ ਕਿਥੋਂ ਦਾ ਹੈ? ਮਿਰਜ਼ੇ ਨੇ ਸਾਹਿਬਾਂ ਪਾਸ ਸੁਨੇਹਾ ਭਿਜਵਾ ਦਿੱਤਾ ਕਿ ਉਹ ਲੈਣ ਆ ਗਿਆ ਹੈ। ਬੇਸ਼ਰਮ ਸਾਹਿਬਾਂ ਘਰੋਂ ਨਿਕਲੀ ਅਤੇ ਮਿਰਜ਼ੇ ਨੂੰ ਆ ਮਿਲੀ। ਪਿੰਡ ਵਿਚ ਤਾਂ ਚੁਤਰਫੀਂ ਜਨੇਤ ਦਾ ਰਾਮ-ਰੌਲਾ ਪਿਆ ਹੋਇਆ ਸੀ, ਮਿਰਜ਼ੇ ਨੇ ਸਾਹਿਬਾਂ ਨੂੰ ਆਪਣੇ ਪਿੱਛੇ ਘੋੜੇ ਉੱਤੇ ਸੁੱਟਿਆ ਅਤੇ ਫਰੀਦਾਬਾਦ ਨੂੰ ਵਗ ਤੁਰਿਆ। ਜਦ ਸਿਆਲਾਂ ਦੀ ਹੱਦ ਟੱਪ ਕੇ ਖਰਲਾਂ ਦੀ ਹੱਦ ਅੰਦਰ ਅੱਪੜ ਪਿਆ ਤਾਂ ਬੇ-ਫ਼ਿਕਰ ਹੋ ਕੇ ਖੜੋ ਗਿਆ ਅਤੇ ਚਾਹਿਆ ਕਿ ਥੋੜੀ ਜਿਹੀ ਅੱਖ ਲਾ ਕੇ ਫੇਰ ਪਿੰਡ ਨੂੰ ਤੁਰਾਂਗੇ।
ਹੁਣ ਖੀਵੇ ਵੱਲ ਦੀ ਸੁਣੋ। ਜਦ ਨਿਕਾਹ ਦਾ ਸਮਾਂ ਆਇਆ ਤਾਂ ਸਾਹਿਬਾਂ ਦਾ ਕਿਤੇ ਪਤਾ ਨਹੀਂ ਸੀ। ਭਰਾ ਸਮਝ ਗਏ ਕਿ ਇਹ ਮਿਰਜ਼ੇ ਦਾ ਕਾਰਾ ਹੈ। ਸਾਹਿਬਾਂ ਦੇ ਦੋਵੇ ਭਰਾ ਤੇ ਹੋਰ ਰਿਸ਼ਤੇਦਾਰ ਘੋੜੀਆਂ ਪੀੜ ਕੇ ਪਿੱਛੇ ਨੱਠੇ ਅਤੇ ਚਾਹਿਆ ਕਿ ਮਿਰਜ਼ੇ ਨੂੰ ਪਿੰਡ ਪੁੱਜਣ ਤੋਂ ਪਹਿਲਾਂ ਹੀ ਫੜ ਲਈਏ।
ਮਿਰਜ਼ਾ ਤਾਂ ਉਨੀਂਦੇ ਦਾ ਮਾਰਿਆ ਸੁੱਤਾ ਪਿਆ ਸੀ ਅਤੇ ਸਾਹਿਬਾਂ ਉਸ ਦੇ ਪਾਸ ਰਾਖੀ ਲਈ ਜਾਗਦੀ ਬੈਠੀ ਸੀ। ਇਸ ਨੇ ਮਿਰਜ਼ੇ ਦਾ ਤੀਰਾਂ ਦਾ ਭੱਥਾ ਤੇ ਉਸ ਦੀ ਕਮਾਨ ਰੁੱਖ ਨਾਲ ਲਟਕਾ ਦਿੱਤੇ ਸਨ, ਜਿਸ ਹੇਠ ਮਿਰਜ਼ਾ ਸੁੱਤਾ ਹੋਇਆ ਸੀ। ਜਦ ਸਾਹਿਬਾਂ ਨੇ ਦੂਰੋਂ ਘੋੜਿਆਂ ਦੇ ਹਿਣਕਣ ਤੇ ਟਾਪਾਂ ਨੂੰ ਸੁਣਿਆਂ ਤਾਂ ਮਿਰਜ਼ੇ ਨੂੰ ਜਗਾਇਆ। ਕਾਇਰ ਛੇਤੀ ਨਾਲ ਘੋੜੇ ਉੱਤੇ ਸਵਾਰ ਹੋਇਆ ਤੇ ਸਾਹਿਬਾਂ ਨੂੰ ਆਪਣੇ ਪਿੱਛੇ ਸੁੱਟ ਕੇ ਨੱਠਾ, ਪਰ ਅਫੜਾ-ਤਫੜੀ ਵਿਚ ਆਪਣੇ ਤੀਰ ਦਾ ਭੱਥਾ ਤੇ ਕਮਾਨ ਲਾਹੁਣੀ ਭੁੱਲ ਗਿਆ। ਵੈਰੀ ਮਗਰੇ ਮਗਰ ਖੋਜ ਨੱਪੀ ਆ ਰਹੇ ਸਨ। ਉਹ ਸਮਝ ਗਏ ਕਿ ਮਿਰਜ਼ਾ ਹੁਣੇ ਹੀ ਇਥੋਂ ਨੱਸਿਆ ਹੈ। ਉਹ ਰਤਾ ਤਿੱਖੇ ਹੋਏ ਤੇ ਮਿਰਜ਼ੇ ਨੂੰ ਜਾ ਮਿਲੇ। ਮਿਰਜ਼ੇ ਨੇ ਹਿਰਖ ਕੀਤਾ ਕਿ ਉਸ ਦੇ ਤੀਰ ਕਮਾਨ ਉਸ ਪਾਸ ਨਹੀਂ ਹਨ। ਲਾਚਾਰ ਤਲਵਾਰ ਧੂਹ ਕੇ ਲੜਿਆ ਪਰ ਵੈਰੀਆਂ ਹੱਥੋਂ ਮਾਰਿਆ ਗਿਆ।
ਗਿਰਦ-ਨਵਾਹੀ ਦੇ ਮੁਸਲਮਾਨਾਂ ਨੇ ਮਿਰਜ਼ੇ ਦੀ ਲੋਥ ਨੂੰ ਉਥੇ ਹੀ ਦੱਬ ਦਿੱਤਾ। ਜਿਥੇ ਫਰੀਦਾਬਾਦ ਦੇ ਰਾਹ ਉੱਤੇ ਉਸ ਦੀ ਕਬਰ ਜ਼ਿਆਰਤ ਦੀ ਥਾਂ ਬਣ ਗਈ। ਗਣੇਸ਼ ਦਾਸ ਲਿਖਦਾ ਹੈ ਕਿ ਖੀਵਾ ਪਿੰਡ ਕਦੇ ਦਾ ਉੱਜੜ ਚੁੱਕਾ ਹੈ ਅਤੇ ਜਿਸ ਮਸੀਤ ਵਿਚ ਮਿਰਜ਼ਾ ਤੇ ਸਾਹਿਬਾਂ ਪੜ੍ਹਿਆ ਕਰਦੇ ਸਨ, ਉਸ ਦੀ ਕੰਧ ਅਜੇ ਤੀਕ ਖੜ੍ਹੀ ਹੈ।
ਮੇਰੀ ਜਾਚੇ ਇਹ ਘਟਨਾ ਉਸ ਸਮੇਂ ਦੇ ਏੜ-ਗੇੜ ਹੋਈ ਹੈ ਜਦ ਕਿ ਨਾਦਰ ਸ਼ਾਹ ਇਸ ਦੇਸ਼ ਵਿਚ ਆਇਆ ਸੀ। ਇਸ ਗੱਲ ਤੋਂ ਸਿਆਲਾਂ ਤੇ ਖਰਲਾਂ ਦਾ ਆਪੋ ਵਿਚ ਇਤਨਾ ਵੈਰ ਵਧ ਗਿਆ ਕਿ ਹੁਣ ਤੀਕ ਉਨ੍ਹਾਂ ਦੇ ਮਨ ਆਪੋ ਵਿਚ ਸਾਫ਼ ਨਹੀਂ ਹੋਏ ਪਰ ਲੋਕੀਂ ਮਿਰਜ਼ੇ ਨੂੰ ਸੂਰਮਾ ਕਹਿੰਦੇ ਹਨ ਤੇ ਉਸ ਦੀ ਬਹਾਦਰੀ ਦੇ ਦਿਨੇ ਰਾਤ ਗੀਤ ਗਾਉਂਦੇ ਹਨ। ਜੇ ਸੱਚ ਮੁਚ ਮਿਰਜ਼ਾ ਸੂਰਮਾ ਹੁੰਦਾ ਤਾਂ ਐਸਾ ਨੀਚ ਕੰਮ ਕਦੇ ਨਾ ਕਰਦਾ ਅਤੇ ਜੇ ਕਾਇਰ ਨਾ ਹੁੰਦਾ ਤਾਂ ਉਸੇ ਰੁੱਖ ਹੇਠ ਖਲੋ ਕੇ ਲੜਦਾ, ਜਿਸ ਹੇਠ ਸੁੱਤਾ ਸੀ। ਵੈਰੀ ਨੂੰ ਨੇੜੇ ਆਇਆ ਵੇਖ ਕੇ ਨੱਸ ਨਾ ਉੱਠਦਾ ਤੇ ਅਫੜਾ-ਤਫੜੀ ਵਿਚ ਆਪਣੇ ਤੀਰ-ਕਮਾਨ ਨਾ ਭੁੱਲ ਜਾਂਦਾ।
ਅਜਿਹਾ ਮਾਲੂਮ ਹੁੰਦਾ ਹੈ ਕਿ ਨਿੱਕੇ ਹੁੰਦੇ ਮਿਰਜ਼ੇ ਦੀ ਮਾਂ ਮਰ ਚੁੱਕੀ ਹੋਵੇਗੀ ਤੇ ਇਸੇ ਤਰ੍ਹਾਂ ਨਿੱਕੀ ਹੁੰਦੀ ਸਾਹਿਬਾਂ ਦਾ ਪਿਤਾ ਵੀ ਮਰ ਚੁੱਕਾ ਹੋਵੇਗਾ। ਸਾਹਿਬਾਂ ਆਪਣੇ ਦੋਹਾਂ ਭਰਾਵਾਂ ਤੋਂ ਛੋਟੀ ਤੇ ਮਾਂ ਦੀ ਲਡਿੱਕੀ ਹੋਵੇਗੀ, ਜੋ ਸਮੇਂ ਦੇ ਰਿਵਾਜ ਅਨੁਸਾਰ ਉਸ ਦੇ ਖੁੱਲ-ਖੁਲਾਸੇ ਸੁਭਾਅ ਤੋਂ ਬੁਰਾ ਨਹੀਂ ਮਨਾਉਂਦੀ ਹੋਵੇਗੀ। ਮਾਵਾਂ ਆਪਣੀਆਂ ਧੀਆਂ ਦੇ ਮਾਮਲੇ ਵਿਚ ਸਦਾ ਕਮਜ਼ੋਰ ਹੋਇਆ ਕਰਦੀਆਂ ਹਨ। ਜੇ ਖੀਵਾ ਜੀਉਂਦਾ ਹੁੰਦਾ ਤਾਂ ਸਾਹਿਬਾਂ ਸ਼ਾਇਦ ਇਤਨਾ ਹੌਸਲਾ ਹੀ ਨਾ ਕਰਦੀ।

Exit mobile version