ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ‘ਚ ਬੀਤੇ ਇੱਕ ਹਫ਼ਤੇ ਦੌਰਾਨ ਦੂਜਾ ਵੱਡਾ ਭੂਚਾਲ ਆਇਆ, ਜਿਸ ਦੀ ਤੀਬਰਤਾ 5.3 ਮੈਗਨੀਟਿਊਡ ਦਰਜ ਕੀਤੀ ਗਈ। ਇਹ ਸੋਮਵਾਰ ਰਾਤ 9:37 ਵਜੇ ਵੈਨਕੂਵਰ ਆਈਲੈਂਡ ਦੇ ਉੱਤਰੀ ਤਟ ਤੋਂ 200 ਕਿਲੋਮੀਟਰ ਪੱਛਮ ਪੋਰਟ ਮੈਕਨੀਲ ਦੇ ਨੇੜੇ ਆਇਆ।
ਅਮਰੀਕੀ ਜਿਆਲੋਜੀਕਲ ਸਰਵੇ ਨੇ ਇਸ ਭੂਚਾਲ ਦੀ ਤੀਬਰਤਾ 5.3 ਦਰਜ ਕੀਤੀ, ਜਦਕਿ ਅਰਥਕੁਇਕਸ ਕੈਨੇਡਾ ਨੇ ਇਸਨੂੰ 5.0 ਮੈਗਨੀਟਿਊਡ ਵਜੋਂ ਦਰਸਾਇਆ ਹੈ।
ਜਾਣਕਾਰੀ ਅਨੁਸਾਰ ਇਸ ਭੂਚਾਲ ਕਾਰਨ ਕੋਈ ਨੁਕਸਾਨ ਨਹੀਂ ਹੋਇਆ, ਅਤੇ ਨਾ ਹੀ ਕਿਸੇ ਸੁਨਾਮੀ ਦਾ ਖ਼ਤਰਾ ਦੱਸਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ, 23 ਫ਼ਰਵਰੀ ਨੂੰ ਬੀ.ਸੀ. ਦੇ ਸੰਸ਼ਾਈਨ ਕੋਸਟ ਨੇੜੇ ਵੀ ਇੱਕ 5.1 ਮੈਗਨੀਟਿਊਡ ਦਾ ਭੂਚਾਲ ਆਇਆ ਸੀ।
ਉਹ ਭੂਚਾਲ ਦੁਪਹਿਰ 1:30 ਵਜੇ ਸੀਸ਼ੈਲਟ (Sechelt) ਤੋਂ 24 ਕਿਲੋਮੀਟਰ ਉੱਤਰ-ਪੂਰਬ ‘ਚ ਆਇਆ, ਜਿਸ ਦੀ ਗਹਿਰਾਈ ਸਿਰਫ਼ 1 ਕਿਲੋਮੀਟਰ ਸੀ।
ਇਸ ਭੂਚਾਲ ਦੀ ਲਹਿਰ ਬੀ.ਸੀ. ਦੇ ਕਈ ਹਿੱਸਿਆਂ ‘ਚ ਮਹਿਸੂਸ ਕੀਤੀ ਗਈ, ਜਦਕਿ ਸੋਮਵਾਰ ਵਾਲੇ ਭੂਚਾਲ ਦਾ ਅਸਰ ਲੋਕਾਂ ਨੂੰ ਮਹਿਸੂਸ ਨਹੀਂ ਹੋਇਆ।
ਸ਼ੁੱਕਰਵਾਰ ਵਾਲੇ ਭੂਚਾਲ ਦੌਰਾਨ, ਨੈਚੁਰਲ ਰਿਸੋਰਸਜ਼ ਕੈਨੇਡਾ ਵਲੋਂ ਕਈ ਲੋਕਾਂ ਨੂੰ ਉਨ੍ਹਾਂ ਦੇ ਫ਼ੋਨ ‘ਤੇ ਤੁਰੰਤ ਐਲਰਟ ਭੇਜੇ ਗਏ।
ਬੀ.ਸੀ. ਉੱਤਰੀ ਅਮਰੀਕਾ ਦੀ “ਰਿੰਗ ਆਫ਼ ਫ਼ਾਇਰ” ਵਿੱਚ ਸਥਿਤ ਹੋਣ ਕਰਕੇ ਭੂਚਾਲ ਸੰਭਾਵਨਾ ਵਾਲਾ ਖੇਤਰ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਹੋਰ ਭੂਚਾਲ ਵੀ ਆ ਸਕਦੇ ਹਨ, ਪਰ ਉਨ੍ਹਾਂ ਦੀ ਪਹਿਲਾਂ ਜਾਣਕਾਰੀ ਹਾਸਲ ਕਰਨਾ ਜਾਂ ਪਹਿਲਾਂ ਕੁਝ ਕਹਿਣਾ ਮੁਸ਼ਕਿਲ ਹੈ। This report was written by Simranjit Singh as part of the Local Journalism Initiative.