ਸਰੀ, (ਸਿਮਰਨਜੀਤ ਸਿੰਘ): ਵੈਨਕੂਵਰ ਦੀ ਜਿਮਨੀ ਚੋਣਾਂ ਪ੍ਰਤੀ ਲੋਕਾਂ ਦੀ ਦਿਲਚਸਪੀ ਸ਼ਾਨਦਾਰ ਰਹੀ, ਜਿਸ ਦਾ ਪਰਮਾਣ ਇਹ ਹੈ ਕਿ ਐਡਵਾਂਸ ਵੋਟਿੰਗ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਵੈਨਕੂਵਰ ਸ਼ਹਿਰ ਦੀ ਚੋਣ ਕਮਿਸ਼ਨ ਦੇ ਅਨੁਸਾਰ, ਚੋਣ ਦੇ ਪਹਿਲੇ ਦਿਨ 2,876 ਵੋਟਾਂ ਪਈਆਂ, ਜਦਕਿ ਦੂਜੇ ਦਿਨ 4,795 ਵੋਟਾਂ ਪਈਆਂ।
ਇਹ ਨਵੇਂ ਅੰਕੜੇ ਪਿਛਲੇ ਰਿਕਾਰਡ ਨਾਲੋਂ ਕਾਫੀ ਉਚੇ ਹਨ। ਇਸ ਤੋਂ ਪਹਿਲਾਂ, ਕਿਸੇ ਵੀ ਚੋਣ ਵਿੱਚ ਇੱਕ ਹੀ ਪੋਲਿੰਗ ਸਥਾਨ ‘ਤੇ 2,500 ਵੋਟਾਂ ਦਾ ਸਭ ਤੋਂ ਵਧ ਦਾ ਅੰਕੜਾ ਸੀ।
ਪਹਿਲੇ ਦੋ ਦਿਨਾਂ ਦੌਰਾਨ ਕੁੱਲ 7,671 ਵੋਟਾਂ ਪਈਆਂ, ਜੋ 2017 ਦੀਆਂ ਐਡਵਾਂਸ ਵੋਟਾਂ ਦੀ ਗਿਣਤੀ ਨਾਲੋਂ 84% ਵੱਧ ਹਨ।
ਇਸ ਵਾਰ ਵੋਟਿੰਗ ਦੀ ਪਹੁੰਚ ਵਧਾਉਣ ਲਈ ਚੋਣ ਦਫ਼ਤਰ ਨੇ “ਵੋਟ ਬਾਏ ਮੇਲ” ਦੀ ਵਿਵਸਥਾ ਨੂੰ ਸਭ ਯੋਗ ਉਮੀਦਵਾਰਾਂ ਲਈ ਖੋਲ੍ਹ ਦਿੱਤਾ ਹੈ। ਸ਼ਹਿਰੀ ਅਧਿਕਾਰੀਆਂ ਮੁਤਾਬਕ, 6,400 ਤੋਂ ਵੱਧ ਲੋਕਾਂ ਨੇ ਡਾਕ ਰਾਹੀਂ ਵੋਟ ਪਾਉਣ ਦੀ ਬੇਨਤੀ ਕੀਤੀ, ਜਦਕਿ 2017 ‘ਚ ਇਹ ਗਿਣਤੀ ਸਿਰਫ 647 ਸੀ ।
ਜ਼ਿਕਰਯੋਗ ਹੈ ਕਿ ਇਹ ਜਿਮਨੀ ਚੋਣਾਂ ਸਿਟੀ ਕੌਂਸਲ ਦੀਆਂ ਦੋ ਸੀਟਾਂ ਲਈ ਹੋ ਰਹੀ ਹੈ।
ਇਹ ਸੀਟਾਂ “ਵਨਸਿਟੀ” ਦੀ ਕੌਂਸਲਰ “ਕ੍ਰਿਸਟੀਨ ਬੋਇਲ” ਦੇ ਸੂਬਾਈ ਵਿਧਾਇਕ ਵਜੋਂ ਚੁਣੇ ਜਾਣ ਅਤੇ “ਗ੍ਰੀਨ ਪਾਰਟੀ” ਦੀ ਕੌਂਸਲਰ “ਐਡਰੀਐਨ ਕਾਰ” ਦੀ ਰਿਟਾਇਰਮੈਂਟ ਕਾਰਨ ਖਾਲੀ ਹੋਈਆਂ ਸਨ।
ਇਹ ਚੋਣ ਕੌਂਸਲ ‘ਚ ਕੋਈ ਵੱਡਾ ਬਦਲਾਅ ਨਹੀਂ ਲਿਆਉਣਗੀ, ਕਿਉਂਕਿ ਮੇਅਰ ਕੇਨ ਸਿਮ ਦੀ “ਏ.ਬੀ.ਸੀ. ਪਾਰਟੀ” ਪਹਿਲਾਂ ਹੀ ਬਹੁਮਤ ‘ਚ ਹੈ। 5 ਅਪਰੈਲ ਨੂੰ ਵੈਨਕੂਵਰ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਵੋਟ ਪਾਉਣ ਲਈ ਸਥਾਨ ਖੁੱਲ੍ਹੇ ਰਹਿਣਗੇ। This report was written by Simranjit Singh as part of the Local Journalism Initiative.