ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਲਾਪੂ-ਲਾਪੂ ਤ੍ਰਾਸਦੀ ਦੇ ਪੀੜ੍ਹਤਾਂ ਲਈ ਕੀਤੀ ਗਈ ਅਰਦਾਸ

ਵੈਨਕੂਵਰ, (ਪਰਮਜੀਤ ਸਿੰਘ): ਵੈਨਕੂਵਰ ਦੇ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਵਿਖੇ ਲਾਪੂ ਲਾਪੂ ਤਿਉਹਾਰ ਮੌਕੇ ਹੋਈ ਤ੍ਰਾਸਦੀ ਦੇ ਪੀੜਤਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਰਖੇ ਗਏ। ਇਹ ਅਖੰਡ ਪਾਠ ਤ੍ਰਾਸਦੀ ਦੇ ਪੀੜਤਾਂ ਦੀ ਆਤਮਿਕ ਸ਼ਾਂਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਣ ਲਈ ਲਈ ਰੱਖਿਆ ਗਿਆ।
ਸੋਮਵਾਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਿੱਸਾ ਲਿਆ। ਇਸ ਦੌਰਾਨ ਵੈਨਕੂਵਰ ਦੇ ਮੇਅਰ ਕੇਨ ਸਿਮ, ਐਮਐਲਏ ਜਾਰਜ ਚੋਅ, ਸੁਨੀਤਾ ਧੀਰ ਅਤੇ ਮੇਬਲ ਐਲਮੋਰ ਵੀ ਮੌਜੂਦ ਸਨ। ਵੈਨਕੂਵਰ ਪੁਲਿਸ ਦੇ ਨੁਮਾਇੰਦਿਆਂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸੰਗਤ ਨੇ ਪੀੜਤਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।
ਜ਼ਿਕਰਯੋਗ ਹੈ ਕਿ ਲਾਪੂ ਲਾਪੂ ਤਿਉਹਾਰ ਜੋ ਕਿ ਫਿਲੀਪੀਨ ਭਾਈਚਾਰੇ ਵਲੋਂ ਮਨਾਇਆ ਜਾਂਦਾ ਹੈ। ਬੀਤੇ ਦਿਨੀਂ ਇਸ ਤਿਉਹਾਰ ਮੌਕੇ ਇੱਕ ਵਿਅਕਤੀ ਵਲੋਂ ਆਪਣੀ ਤੇਜ਼ ਰਫ਼ਤਾਰ ਗੱਡੀ ਨਾਲ ਦਰਜ਼ਨਾਂ ਲੋਕਾਂ ਨੂੰ ਦਰੜ ਦਿੱਤਾ ਗਿਆ। ਇਸ ਘਟਨਾ ਨੇ ਭਾਈਚਾਰੇ ਨੂੰ ਡੂੰਘਾ ਸਦਮਾ ਦਿੱਤਾ। ਅਜਿਹੀਆਂ ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਕਿਹਾ ਕਿ ਘਟਨਾਵਾਂ ਸਮਾਜ ਨੂੰ ਇਕੱਠੇ ਹੋਣ ਅਤੇ ਇੱਕ ਦੂਜੇ ਨੂੰ ਸਹਾਰਾ ਦੇਣ ਦੀ ਮਹੱਤਤਾ ਸਿਖਾਉਂਦੀਆਂ ਹਨ।
ਇਸ ਸਮਾਗਮ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਨੇ ਵੈਨਕੂਵਰ ਦੀ ਬਹੁ-ਸਭਿਆਚਾਰਕ ਇਕਜੁਟਤਾ ਨੂੰ ਪ੍ਰਤੀਬਿੰਬਤ ਕੀਤਾ। ਮੇਅਰ ਕੇਨ ਸਿਮ ਨੇ ਆਪਣੀ ਹਾਜ਼ਰੀ ਨਾਲ ਇਸ ਘਟਨਾ ਪ੍ਰਤੀ ਸੰਵੇਦਨਸ਼ੀਲਤਾ ਦਿਖਾਈ। ਐਮਐਲਏ ਜਾਰਜ ਚੌਅ, ਸੁਨੀਤਾ ਧੀਰ ਅਤੇ ਮੇਬਲ ਐਲਮੋਰ ਨੇ ਵੀ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ। ਵੈਨਕੂਵਰ ਪੁਲਿਸ ਦੀ ਮੌਜੂਦਗੀ ਨੇ ਭਾਈਚਾਰੇ ਦੀ ਸੁਰੱਖਿਆ ਅਤੇ ਸਹਿਯੋਗ ਦੀ ਮਹੱਤਤਾ ਨੂੰ ਦਰਸਾਇਆ।

Exit mobile version