ਸ਼ੁਕਰਾਨ ਦੁਬਈ

 

ਹਰਪ੍ਰੀਤ ਕੌਰ
ਘੁੰਮਣ-ਫਿਰਨ ਦੀ ਤਾਂਘ ਤਾਂ ਬਹੁਤ ਹੈ ਪਰ ਕੁਝ ਬੰਦਸ਼ਾਂ ਕਾਰਨ ਮੌਕਾ ਘੱਟ ਹੀ ਮਿਲਿਆ। ਫਿਰ ਇੱਕ ਦਿਨ ਸੰਯੁਕਤ ਅਰਬ ਅਮੀਰਾਤ ਦੇ ਸਭ ਤੋਂ ਵੱਡੇ ਸ਼ਹਿਰ ਦੁਬਈ ਜਾਣ ਦਾ ਅਚਾਨਕ ਸਬੱਬ ਬਣ ਗਿਆ। ਇਸ ਵਾਰ ਰਾਹ ‘ਚ ਕੋਈ ਔਕੜ ਨਾ ਆਈ। ਇੰਸਟਾਗਰਾਮ ‘ਤੇ ਇੱਕ ਟੂਰ ਤੇ ਟਰੈਵਲ ਕੰਪਨੀ ਦਾ ਇਸ਼ਤਿਹਾਰ ਦੇਖ ਕੇ ਫੋਨ ਮਿਲਾ ਬੈਠੀ। ਮੇਰੇ ਵੱਲੋਂ ਥੋੜ੍ਹੀ ਹਿਚਕਿਚਾਹਟ ਦਿਖਾਉਣ ‘ਤੇ ਏਜੰਟ ਨੇ ਮੈਨੂੰ ਭਰੋਸੇ ‘ਚ ਲੈਂਦਿਆਂ ਕਿਹਾ, ”ਤੁਸੀਂ ਫ਼ਿਕਰ ਨਾ ਕਰੋ, ਦੁਬਈ ਦੁਨੀਆ ਭਰ ਵਿੱਚੋਂ ਸਭ ਤੋਂ ਵੱਧ ਸੁਰੱਖਿਅਤ ਸ਼ਹਿਰ ਹੈ।” ਇਸ ਦੇ ਨਾਲ ਹੀ ਉਸ ਨੇ ਪਹਿਲਾਂ ਹੀ ਪੈਕੇਜ ਬੁੱਕ ਕਰ ਚੁੱਕੀਆਂ ਦੋ ਮੁਟਿਆਰਾਂ ਦੇ ਨੰਬਰ ਮੇਰੇ ਨਾਲ ਸਾਂਝੇ ਕੀਤੇ। ਉਨ੍ਹਾਂ ਨਾਲ ਗੱਲ ਕਰ ਕੇ ਮੇਰਾ ਵੀ ਉਸ ਏਜੰਟ ‘ਤੇ ਭਰੋਸਾ ਕਰਨ ਲਈ ਮਨ ਰਾਜ਼ੀ ਹੋ ਗਿਆ। ਇਸ ਮਗਰੋਂ ਮੈਂ ਘਰੋਂ ਪ੍ਰਵਾਨਗੀ ਲੈ ਕੇ ਅੱਧੇ ਪੈਸੇ ਜਮ੍ਹਾਂ ਕਰਵਾ ਦਿੱਤੇ ਅਤੇ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਮਗਰੋਂ ਬਾਕੀ ਦੇ ਪੈਸੇ ਵੀ ਦੇ ਦਿੱਤੇ। ਹੁਣ ਦੋ ਮਹੀਨੇ ਦਾ ਵੀਜ਼ਾ ਆ ਚੁੱਕਿਆ ਸੀ, ਉਡਾਣ ਦੀ ਆਉਣ-ਜਾਣ ਦੀ ਟਿਕਟ ਅਤੇ ਹੋਟਲ ਟਿਕਟਾਂ ਬੁੱਕ ਹੋ ਚੁੱਕੀਆਂ ਸਨ। ਬਸ ਬੈਗ ਪੈਕ ਕਰ ਕੇ ਰਵਾਨਾ ਹੋਣਾ ਹੀ ਬਾਕੀ ਸੀ। ਮਹਿਜ਼ ਪੰਜ ਦਿਨਾਂ ਦਾ ਟੂਰ ਸੀ। ਅਖ਼ੀਰ ਅਸੀਂ 13 ਜਣਿਆਂ ਦੇ ਗਰੁੱਪ ਨੇ ਦੁਬਈ ਦੀ ਧਰਤੀ ‘ਤੇ ਪੈਰ ਧਰਿਆ। ਸਾਨੂੰ ਟੈਕਸੀ ਰਾਹੀਂ ਹੋਟਲ ਛੱਡ ਦਿੱਤਾ ਗਿਆ। ਉੱਥੇ ਥੋੜ੍ਹਾ ਆਰਾਮ ਕਰ ਕੇ ਅਸੀਂ ਸ਼ਾਮ ਨੂੰ ਕਰੂਜ਼ ਡਿਨਰ ਲਈ ਚਾਲੇ ਪਾਏ ਜੋ ਦੁਬਈ ਮਰੀਨਾ ‘ਤੇ ਸੀ। ਇਹ ਇੱਕ ਰਿਹਾਇਸ਼ੀ ਇਲਾਕਾ ਹੈ। ਇਸ ਖੇਤਰ ਵਿਚਲੀਆਂ ਉੱਚੀਆਂ-ਉੱਚੀਆਂ ਇਮਾਰਤਾਂ ਅਤੇ ਮਰੀਨਾ ਦੇ ਕੰਢੇ ਖੜ੍ਹੇ ਬੇੜੇ ਹਰ ਵਿਅਕਤੀ ਦੇ ਮਨ ਨੂੰ ਟੁੰਬਦੇ ਹਨ। ਮਨੁੱਖ ਵੱਲੋਂ ਨਿਰਮਿਤ ਮਰੀਨਾ ਬੀਚ ਸਾਢੇ ਤਿੰਨ ਕਿਲੋਮੀਟਰ ‘ਚ ਫੈਲੀ ਹੋਈ ਹੈ। ਬੀਚ ਨੇੜੇ ਆਧੁਨਿਕ ਸ਼ਹਿਰ ਵਸਾਇਆ ਹੋਇਆ ਹੈ। ਇਹ ਇਲਾਕਾ ਸੈਲਾਨੀਆਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। ਇੱਥੇ ਪਾਣੀ ਵਾਲੇ ਜਹਾਜ਼ ਦੀ ਉੱਪਰਲੀ ਡੈੱਕ ‘ਤੇ ਸਾਡੇ ਸਣੇ ਹੋਰਨਾਂ ਸੈਲਾਨੀਆਂ ਨੇ ਰਾਤਰੀ ਭੋਜ ਦਾ ਆਨੰਦ ਮਾਣਿਆ ਅਤੇ ਆਲੇ-ਦੁਆਲੇ ਚਮਕਦੀਆਂ ਉੱਚੀਆਂ ਇਮਾਰਤਾਂ ਤੇ ‘ਦੁਬਈ ਆਈ’ ਨੂੰ ਮਨਾਂ ਦੇ ਨਾਲ-ਨਾਲ ਫੋਨਾਂ ਦੇ ਕੈਮਰਿਆਂ ‘ਚ ਕੈਦ ਕੀਤਾ। ਹਵਾ ਦੇ ਠੰਢੇ ਠੰਢੇ ਬੁੱਲਿਆਂ ਦੇ ਨਾਲ-ਨਾਲ ਅਰਬੀ, ਹਿੰਦੀ ਤੇ ਪੰਜਾਬੀ ਸੰਗੀਤ ਦੀਆਂ ਧੁਨਾਂ ‘ਤੇ ਨੱਚ-ਟੱਪ ਕੇ ਖ਼ੂਬਸੂਰਤ ਪਲਾਂ ਦਾ ਆਨੰਦ ਮਾਣਿਆ। ਇਸ ਦੇ ਨਾਲ ਹੀ ਇੰਜ ਹੀ ਸਾਡੇ ਨਾਲ ਵਾਲੇ ਮੇਜ਼ ‘ਤੇ ਬੈਠੇ ਤਾਜਿਕਿਸਤਾਨ ਨਾਲ ਸਬੰਧਿਤ ਪਰਿਵਾਰ ਨੂੰ ਮਿਲਣ ਦਾ ਮੌਕਾ ਮਿਲਿਆ। ਬੇਸ਼ੱਕ, ਉਨ੍ਹਾਂ ਦੀ ਬੋਲੀ ਵੱਖਰੀ ਸੀ ਪਰ ਅੰਗਰੇਜ਼ੀ ‘ਚ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੁਲਕ ਕੁਦਰਤੀ ਸੁਹੱਪਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਸਾਦਗੀ ਨੇ ਡੂੰਘਾ ਅਸਰ ਛੱਡਿਆ। ਇਸ ਤੋਂ ਬਾਅਦ ਵਾਪਸ ਹੋਟਲ ਚਲੇ ਗਏ ਅਤੇ ਥੱਕੇ-ਟੁੱਟੇ ਹੋਣ ਕਾਰਨ ਘੂਕ ਸੌਂ ਗਏ।
ਅਗਲੇ ਦਿਨ ਅਸੀਂ ਸ਼ਹਿਰ ਦੇ ਦੌਰੇ ‘ਤੇ ਗਏ। ਸਾਡੇ ਨਾਲ ਟੂਰ ਗਾਈਡ ਵੀ ਮੌਜੂਦ ਸੀ। ਸਭ ਤੋਂ ਪਹਿਲਾਂ ਅਸੀਂ ਪੁਰਾਣੀ ਦੁਬਈ ਗਏ ਜਿੱਥੇ ਪੁਰਾਣੀਆਂ ਦੁਕਾਨਾਂ ਮੌਜੂਦ ਹਨ। ਉਹ ਸਾਨੂੰ ਸਭ ਤੋਂ ਪਹਿਲਾਂ ਸਪਾਈਸ ਸੂਕ ਲੈ ਗਏ ਜੋ ਡੇਰਾ ਵਿੱਚ ਸਥਿਤ ਹੈ। ਇੱਥੇ ਵੱਖ-ਵੱਖ ਤਰ੍ਹਾਂ ਦੇ ਮਸਾਲੇ, ਜੜੀਆਂ-ਬੂਟੀਆਂ ਅਤੇ ਸੁੱਕੇ ਮੇਵੇ ਆਦਿ ਮਿਲਦੇ ਹਨ। ਇਸ ਦੇ ਨਾਲ ਹੀ ਗੋਲਡ ਸੂਕ ਪੈਂਦਾ ਹੈ ਜਿੱਥੇ ਪੀਲੀ ਧਾਤ ਤੇ ਗਹਿਣਿਆਂ ਦੀਆਂ ਬੇਸ਼ੁਮਾਰ ਦੁਕਾਨਾਂ ਹਨ। ਇੱਥੇ ਹੀ ਦੁਨੀਆ ਦੀ ਸਭ ਤੋਂ ਭਾਰੀ ਸੋਨੇ ਦੀ ਅੰਗੂਠੀ, ਜਿਸ ਦਾ ਨਾਮ ਨਜ਼ਮਤ ਤਇਬਾ ਹੈ, ਦੀ ਨੁਮਾਇਸ਼ ਕੀਤੀ ਹੋਈ ਹੈ। ਇਸ ਵਿੱਚ ਕੀਮਤੀ ਪੱਥਰ ਤੇ ਹੀਰੇ ਮੋਤੀ ਜੜੇ ਹੋਏ ਹਨ ਅਤੇ ਇਸ ਦਾ ਕੁੱਲ ਵਜ਼ਨ 64 ਕਿਲੋ ਹੈ। ਸਭ ਤੋਂ ਭਾਰੀ ਅੰਗੂਠੀ ਹੋਣ ਕਾਰਨ ਇਸ ਦਾ ਨਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਦਰਜ ਹੈ। ਇਸ ਨੂੰ 55 ਕਾਰੀਗਰਾਂ ਨੇ 45 ਦਿਨਾਂ ਵਿੱਚ ਤਿਆਰ ਕੀਤਾ ਸੀ। ਇਸ ਦੀ ਕੀਮਤ ਤੀਹ ਲੱਖ ਡਾਲਰ ਹੈ।
ਇਸ ਮਗਰੋਂ ਅਸੀਂ ਆਬਰਾ (ਬੇੜੀ) ਰਾਹੀਂ ਪੁਰਾਣੀ ਦੁਬਈ ਤੋਂ ਨਵੀਂ ਦੁਬਈ ਵੱਲ ਚਾਲੇ ਪਾਏ। ਗਾਈਡ ਨੇ ਦੱਸਿਆ ਕਿ ਲੋਕ ਪੁਰਾਣੀ ਦੁਬਈ ਤੋਂ ਨਵੀਂ ਦੁਬਈ ‘ਚ ਆਬਰਾ ਰਾਹੀਂ ਹੀ ਆਉਂਦੇ-ਜਾਂਦੇ ਸਨ। ਹਰੇ ਪਾਣੀਆਂ ‘ਚੋਂ ਹੁੰਦੇ ਹੋਏ ਕਿਸ਼ਤੀ ਰਾਹੀਂ ਅਸੀਂ ਨਵੀਂ ਦੁਬਈ ਵੱਲ ਨੂੰ ਚਾਲੇ ਪਾਏ। ਇਸ ਤੋਂ ਬਾਅਦ ਅਸੀਂ ਦੁਬਈ ਫਰੇਮ ਗਏ ਜੋ ਪੁਰਾਣੀ ਤੇ ਨਵੀਂ ਦੁਬਈ ਦੇ ਦੋਵੇਂ ਪਾਸਿਆਂ ਦੇ ਦੀਦਾਰ ਕਰਾਉਂਦਾ ਹੈ। ਇਹ 150 ਮੀਟਰ ਉੱਚਾ ਸੁਨਹਿਰੀ ਰੰਗ ਦਾ ਫਰੇਮ ਹੈ। ਦੁਬਈ ਫਰੇਮ ਨੂੰ ਸ਼ਹਿਰ ਦੇ ਮੱਛੀ ਫੜਨ ਵਾਲੇ ਪਿੰਡ ਤੋਂ ਲੈ ਕੇ ਵਿਕਾਸ ਦੀਆਂ ਲੀਹਾਂ ਤੱਕ ਪੁੱਜਣ ਦੀ ਕਹਾਣੀ ਪੇਸ਼ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਫਰੇਮ ਹੈ। ਇੱਥੇ ਤਸਵੀਰਾਂ ਖਿਚਵਾਉਣ ਮਗਰੋਂ ਅਸੀਂ ਨੇੜੇ ਹੀ ਸਥਿਤ ਇੱਕ ਰੈਸਤਰਾਂ ‘ਤੇ ਖਾਣਾ ਖਾਣ ਲਈ ਪੁੱਜੇ, ਉੱਥੇ ਮੈਨਿਊ ਦੇਖ ਕੇ ਹੋਸ਼ ਉੱਡ ਗਏ। ਪਾਣੀ ਦੀ ਬੋਤਲ ਮਹਿੰਗੀ ਤੇ ਠੰਢੇ ਦੀ ਬੋਤਲ ਸਸਤੀ ਸੀ। ਪਾਣੀ ਦੀ ਇੱਕ ਲਿਟਰ ਦੀ ਬੋਤਲ 70 ਰੁਪਏ ਦੀ ਸੀ। ਉੱਥੇ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਹ ਮੁਲਕ ਸਿਰਫ਼ ਘੁੰਮਣ-ਫਿਰਨ ਲਈ ਹੀ ਠੀਕ ਨੇ, ਰਹਿਣ ਸਹਿਣ ਲਈ ਤਾਂ ਆਪਣਾ ਦੇਸ਼ ਹੀ ਵਧੀਆ ਹੈ। ਸ਼ਾਮ ਨੂੰ ਅਸੀਂ ਹੋਟਲ ਦੇ ਨੇੜੇ ਹੀ ਬਾਜ਼ਾਰ ਦਾ ਗੇੜਾ ਕੱਢਿਆ ਅਤੇ ਰੰਗ-ਬਿਰੰਗੀਆਂ ਆਸਮਾਨ ਛੂੰਹਦੀਆਂ ਇਮਾਰਤਾਂ ਨੇੜੇ ਘੁੰਮਦੇ ਲੋਕਾਂ ਨੂੰ ਦੇਖਿਆ ਜਿਹੜੇ ਆਪੋ-ਆਪਣੀ ਧੁਨ ਵਿੱਚ ਮਸਤ ਸਨ।
ਅਗਲੇ ਦਿਨ ਅਸੀਂ ਮਰੀਨਾ ਬੀਚ ‘ਤੇ ਗਏ ਜਿੱਥੇ ਸਫੈਦ ਰੇਤ ਦੇ ਨਾਲ ਹਰੇ ਪਾਣੀ ਦਾ ਸੁਮੇਲ ਮਨ ਨੂੰ ਮੋਹ ਰਿਹਾ ਸੀ ਪਰ ਤਿੱਖੀ ਧੁੱਪ ਵੀ ਪੂਰਾ ਕਹਿਰ ਵਰ੍ਹਾ ਰਹੀ ਸੀ। ਦਿਲਕਸ਼ ਨਜ਼ਾਰਾ ਦੇਖ ਕੇ ਧੁੱਪ ਤੇ ਗਰਮੀ ਤਾਂ ਚਿੱਤ ਚੇਤੇ ਹੀ ਨਹੀਂ ਰਹੀ। ਇਸ ਦੇ ਨੇੜੇ ਹੀ ਦੁਨੀਆ ਦੇ ਇਕਲੌਤੇ ਸੱਤ ਤਾਰਾ ਹੋਟਲ ਬੁਰਜ ਅਲ ਅਰਬ ਦੀ ਇਮਾਰਤ ਹੈ ਜਿਸ ਵਿੱਚ ਇੱਕ ਰਾਤ ਰਹਿਣ ਦਾ ਕਿਰਾਇਆ 35 ਲੱਖ ਰੁਪਏ ਦੇ ਨੇੜੇ ਹੈ। ਇਸ ਤੋਂ ਬਾਅਦ ਅਸੀਂ ਮਿਊਜ਼ੀਅਮ ਆਫ ਦਿ ਫਿਊਚਰ ਗਏ ਜਿਸ ਦੀਆਂ ਸੱਤ ਮੰਜ਼ਿਲਾਂ ਹਨ। ਇਹ ਵਿਗਿਆਨ, ਤਕਨਾਲੋਜੀ ਤੇ ਨਵੀਨਤਾ ਦਾ ਪ੍ਰਤੀਕ ਹੈ। ਇਸ ਦਾ ਉਦਘਾਟਨ 22 ਫਰਵਰੀ 2022 ਨੂੰ ਹੋਇਆ ਸੀ। ਇਸ ਮਗਰੋਂ ਅਸੀਂ ਦੁਬਈ ਮਾਲ ਗਏ ਜੋ ਸੰਸਾਰ ਦਾ ਸਭ ਤੋਂ ਵੱਡਾ ਮਾਲ ਹੈ। ਇੱਥੇ ਵੱਡੇ-ਵੱਡੇ ਬ੍ਰਾਂਡ ਮੌਜੂਦ ਹਨ ਜਿਨ੍ਹਾਂ ਨੂੰ ਆਮ ਬੰਦਾ ਸਿਰਫ਼ ਦੇਖ ਹੀ ਸਕਦਾ ਹੈ, ਖਰੀਦਣਾ ਉਸ ਦੇ ਵੱਸ ਤੋਂ ਬਾਹਰ ਹੈ। ਦੁਬਈ ਮਾਲ ਦੇ ਵਿੱਚ ਹੀ ਬੁਰਜ ਖਲੀਫ਼ਾ ਦੀ ਇਮਾਰਤ ਸਥਿਤ ਹੈ। ਇਸ ਮਗਰੋਂ ਅਸੀਂ ਟਿਕਟ ਲੈ ਕੇ ਬੁਰਜ ਖਲੀਫ਼ਾ ਪੁੱਜੇ ਜਿਹੜੀ ਵਿਸ਼ਵ ਭਰ ਦੀ ਸਭ ਤੋਂ ਉੱਚੀ ਇਮਾਰਤ ਹੈ। ਇਸ ਵਿੱਚ 163 ਮੰਜ਼ਿਲਾਂ ਹਨ ਪਰ ਅਸੀਂ ਟਿਕਟ ਲੈ ਕੇ 137ਵੀਂ ਮੰਜ਼ਲ ‘ਤੇ ਗਏ ਜਿੱਥੋਂ ਅਸੀਂ ਇਸ ਸ਼ਹਿਰ ਦੇ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਦੇਖੀ। ਕੁਝ ਵਰ੍ਹਿਆਂ ‘ਚ ਹੀ ਇਸ ਸ਼ਹਿਰ ਨੂੰ ਤਰੱਕੀ ਦੀਆਂ ਬੁਲੰਦੀਆਂ ‘ਤੇ ਪਹੁੰਚਾ ਕੇ ਇੱਥੋਂ ਦੇ ਸ਼ਾਸਕਾਂ ਨੇ ਆਪਣੀ ਦੂਰ-ਅੰਦੇਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਅਗਲੇ ਦਿਨ ਸਾਡਾ ਡੈਜ਼ਰਟ ਸਫਾਰੀ ਦਾ ਪ੍ਰੋਗਰਾਮ ਸੀ। ਜਿਹੜੇ ਨੌਜਵਾਨ ਨੇ ਸਾਨੂੰ ਰੇਗਿਸਤਾਨ ‘ਚ ਗੱਡੀ ਰਾਹੀਂ ਕਰਤੱਬ ਦਿਖਾਉਣੇ ਸਨ, ਉਸ ਦਾ ਨਾਂ ਰਾਜਾ ਬਿਲਾਲ ਸੀ। ਉਹ ਪਿੱਛੋਂ ਲਹਿੰਦੇ ਪੰਜਾਬ ਦੇ ਰਾਵਲਪਿੰਡੀ ਨਾਲ ਸਬੰਧਿਤ ਸੀ ਪਰ ਇੱਥੇ ਪਿਛਲੇ ਨੌਂ ਸਾਲਾਂ ਤੋਂ ਕੰਮ ਕਰ ਰਿਹਾ ਹੈ। ਉਸ ਦੀ ਭਾਰਤੀਆਂ ਲਈ ਅਪਣੱਤ ਦੇਖ ਕੇ ਰੂਹ ਖ਼ੁਸ਼ ਹੋ ਗਈ। ਉਸ ਦਾ ਕਹਿਣਾ ਸੀ, ”ਸਾਨੂੰ ਭਾਰਤੀਆਂ ਵਿੱਚੋਂ ਆਪਣੇਪਣ ਦੀ ਖੁਸ਼ਬੂ ਆਉਂਦੀ ਹੈ। ਜੇ ਤੁਸੀਂ ਪਾਕਿਸਤਾਨ ਆਓਗੇ ਤੇ ਕਹੋਗੇ ਕਿ ਅਸੀਂ ਇੰਡੀਆ ਤੋਂ ਆਏ ਹਾਂ ਤਾਂ ਤੁਹਾਡਾ ਸਭ ਕੁਝ ਖਾਣਾ-ਪੀਣਾ, ਰਹਿਣਾ-ਸਹਿਣਾ ਫਰੀ ਹੋ ਜਾਵੇਗਾ।” ਫਿਰ ਉਸ ਨੇ ਭਾਰਤ ਆਉਣ ਦੀ ਇੱਛਾ ਜ਼ਾਹਿਰ ਕੀਤੀ ਅਤੇ ਪੰਜਾਬ ਦੇ ਗਰਾਂ ਦੇਖਣ ਦੀ ਗੱਲ ਆਖੀ। ਉਸ ਨਾਲ ਗੱਲ ਕਰ ਕੇ ਇਹ ਇੱਕ ਪਲ ਲਈ ਵੀ ਮਹਿਸੂਸ ਨਹੀਂ ਹੋਇਆ ਕਿ ਅਸੀਂ ‘ਦੁਸ਼ਮਣ’ ਮੁਲਕ ਦੇ ਬਾਸ਼ਿੰਦੇ ਨਾਲ ਗੱਲ ਕਰ ਰਹੇ ਹਾਂ। ਇੰਜ ਹੀ ਇੱਕ ਹੋਰ ਪਾਕਿਸਤਾਨੀ ਡਰਾਈਵਰ, ਜਿਸ ਦੀ ਗੱਡੀ ‘ਚ ਅਸੀਂ ਬਾਜ਼ਾਰ ਗਏ ਸਾਂ, ਜਦੋਂ ਉਸ ਨੂੰ ਅਸੀਂ ਚੜ੍ਹਦੇ ਪੰਜਾਬ ਨਾਲ ਸਬੰਧਿਤ ਹੋਣ ਬਾਰੇ ਦੱਸਿਆ ਤਾਂ ਉਸ ਨੇ ਪੈਸੇ ਲੈਣ ਤੋਂ ਹੀ ਮਨ੍ਹਾਂ ਕਰ ਦਿੱਤਾ। ਉਸ ਆਖਿਆ, ”ਤੁਸੀਂ ਸਾਡੇ ਆਪਣੇ ਹੋ।” ਸਿਆਸਤ ਨੂੰ ਦਰਕਿਨਾਰ ਕਰਕੇ ਦੇਖੀਏ ਤਾਂ ਦੇਸ਼ਵੰਡ ਨੂੰ ਪੌਣੀ ਸਦੀ ਬੀਤਣ ਦੇ ਬਾਵਜੂਦ ਲੋਕਾਂ ਦੇ ਮਨਾਂ ‘ਚ ਸਰਹੱਦਾਂ ਨਹੀਂ ਉਸਰੀਆਂ।
ਰੇਗਿਸਤਾਨ ਵਿੱਚ ਏਟੀਵੀ ਦੀ ਸਵਾਰੀ ਕਰਨ ਤੋਂ ਬਾਅਦ ਸਾਡਾ ਰਾਤਰੀ ਭੋਜ ਸੀ ਜਿੱਥੇ ਵਿਭਿੰਨ ਪਕਵਾਨ ਪਰੋਸੇ ਹੋਏ ਸਨ। ਇਸ ਦੇ ਨਾਲ ਹੀ ਨਾਚ-ਗਾਣੇ ਦਾ ਵੀ ਪੂਰਾ ਪ੍ਰਬੰਧ ਸੀ। ਨਰਤਕੀਆਂ ਬੈਲੀ ਡਾਂਸ ਰਾਹੀਂ ਲੋਕਾਂ ਦਾ ਮਨੋਰੰਜਨ ਕਰ ਰਹੀਆਂ ਸਨ। ਇਸ ਦੇ ਨਾਲ ਹੀ ਅੱਗ ਨਾਲ ਖੇਡਦਿਆਂ ਕਲਾਕਾਰਾਂ ਨੇ ਵੱਖਰਾ ਹੀ ਨਜ਼ਾਰਾ ਪੇਸ਼ ਕੀਤਾ। ਇਸ ਤੋਂ ਬਾਅਦ ਸਫੈਦ ਕੱਪੜੇ ਪਹਿਨੇ ਨੌਜਵਾਨਾਂ ਨੇ ਯੂਏਈ ਦੇ ਪੁਰਾਤਨ ਨ੍ਰਿਤ ਆਈਆਲਾ ਦੀ ਪੇਸ਼ਕਾਰੀ ਕੀਤੀ। ਗੀਤ ਦੇ ਬੋਲ ਤਾਂ ਸਮਝ ਨਹੀਂ ਆਏ ਪਰ ਸੰਗੀਤ ਦੀਆਂ ਧੁਨਾਂ ਦਾ ਜ਼ਰੂਰ ਆਨੰਦ ਮਾਣਿਆ। ਅਗਲੇ ਦਿਨ ਅਸੀਂ ਸ਼ਾਮ ਨੂੰ ਭਾਰਤ ਪਰਤਣਾ ਸੀ। ਇਸ ਲਈ ਦਿਨ ਵੇਲੇ ਅਸੀਂ ਉੱਥੋਂ ਦੇ ਮਸ਼ਹੂਰ ਮੀਨਾ ਬਾਜ਼ਾਰ ਦਾ ਗੇੜਾ ਕੱਢਿਆ ਉੱਥੋਂ ਊਦ (ਇੱਤਰ) ਸਣੇ ਹੋਰ ਨਿੱਕਾ ਮੋਟਾ ਸਾਮਾਨ ਖਰੀਦਿਆ। ਬੇਸ਼ੱਕ, ਉਨ੍ਹਾਂ ਦੀ ਕਰੰਸੀ ਦਿਰਹਾਮ ਸਾਡੇ 24-25 ਰੁਪਏ ਦੇ ਬਰਾਬਰ ਹੈ ਪਰ ਉੱਥੇ ਟੈਕਸ ਮੁਕਤ ਹੋਣ ਕਾਰਨ ਕਈ ਵਸਤਾਂ ਜਿਵੇਂ ਇਲੈਕਟ੍ਰਾਨਿਕ ਦਾ ਸਾਮਾਨ ਵਾਜਬ ਮੁੱਲ ‘ਤੇ ਮਿਲ ਜਾਂਦਾ ਹੈ। ਅਖ਼ੀਰ ਯਾਦਾਂ ਦਾ ਸਰਮਾਇਆ ਲੈ ਕੇ ਆਪਣੇ ਮੁਲਕ ਪਰਤ ਆਏ। ਇਸ ਸ਼ਾਨਦਾਰ ਤਜਰਬੇ ਲਈ ਸ਼ੁਕਰਾਨ ਦੁਬਈ।

 

Exit mobile version