ਸਰੀ, (ਦਿਵਰੂਪ ਕੌਰ) ਬ੍ਰਿਟਿਸ਼ ਕੋਲੰਬੀਆ ਵਿੱਚ ਜ਼ਹਿਰੀਲੇ ਨਸ਼ਿਆਂ ਕਾਰਨ ਪੈਦਾ ਹੋਈ ਪਬਲਿਕ ਹੈਲਥ ਐਮਰਜੈਂਸੀ ਨੂੰ ਇਸ ਅਪ੍ਰੈਲ ਵਿੱਚ 10 ਸਾਲ ਪੂਰੇ ਹੋਣ ਜਾ ਰਹੇ ਹਨ। 14 ਅਪ੍ਰੈਲ 2016 ਨੂੰ ਐਲਾਨੀ ਗਈ ਇਸ ਐਮਰਜੈਂਸੀ ਤੋਂ ਲੈ ਕੇ ਹੁਣ ਤੱਕ ਸੂਬੇ ਵਿੱਚ 18,000 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਬ੍ਰੈਂਡਨ ਜੈਨਸਨ, ਗਲੇਨ ਰੇਬਿਕ, ਮਾਈਕਲ ਰੈਂਟਾਨੇਨ ਅਤੇ ਸਿਰਫ 14 ਸਾਲਾ ਐਮੀ ਲਿਊ ਵਰਗੇ ਕਈ ਨੌਜਵਾਨ ਇਸ ਭਿਆਨਕ ਸੰਕਟ ਦੀ ਭੇਟ ਚੜ੍ਹ ਗਏ। ਫੈਂਟਾਨਿਲ ਵਰਗੇ ਘਾਤਕ ਸਿੰਥੈਟਿਕ ਓਪੀਓਇਡਜ਼ ਨੇ ਇਨ੍ਹਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਖਤਮ ਕਰ ਦਿੱਤੀਆਂ। ਬ੍ਰੈਂਡਨ ਦੀ ਮਾਂ ਨੇ ਇਲਾਜ ਲਈ 250,000 ਡਾਲਰ ਖਰਚ ਕੀਤੇ ਪਰ ਉਸ ਨੂੰ ਕੋਈ ਸਰਕਾਰੀ ਮਦਦ ਨਹੀਂ ਮਿਲੀ। ਮ੍ਰਿਤਕਾਂ ਦੇ ਪਰਿਵਾਰ ਅੱਜ ਵੀ ਆਪਣੇ ਬੱਚਿਆਂ ਨੂੰ ਯਾਦ ਕਰਕੇ ਇਨਸਾਫ਼ ਅਤੇ ਬਿਹਤਰ ਸਿਹਤ ਸਹੂਲਤਾਂ ਦੀ ਮੰਗ ਕਰ ਰਹੇ ਹਨ।
ਮੌਤਾਂ ਦੀ ਦਰ ਵਿੱਚ ਹਾਲੀਆ ਗਿਰਾਵਟ ਦੇ ਬਾਵਜੂਦ ਸੂਬੇ ਵਿੱਚ ਔਸਤਨ ਹਰ ਰੋਜ਼ ਲਗਭਗ 5 ਵਿਅਕਤੀ ਗੈਰ ਕਾਨੂੰਨੀ ਨਸ਼ਿਆਂ ਕਾਰਨ ਮਰ ਰਹੇ ਹਨ। ਗੈਰ ਕਾਨੂੰਨੀ ਡਰੱਗ ਟੌਕਸਿਟੀ ਸੂਬੇ ਵਿੱਚ ਗੈਰ ਕੁਦਰਤੀ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਬਣ ਗਈ ਹੈ। ਇਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਤਲ, ਖੁਦਕੁਸ਼ੀਆਂ, ਸੜਕ ਹਾਦਸਿਆਂ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਹੋਣ ਵਾਲੀਆਂ ਕੁੱਲ ਮੌਤਾਂ ਤੋਂ ਵੀ ਵੱਧ ਹੈ। ਸੂਬੇ ਦੇ ਸਾਬਕਾ ਨੀਤੀ ਨਿਰਮਾਤਾ, ਮੈਡੀਕਲ ਕਾਮੇ ਅਤੇ ਪੀੜਤ ਪਰਿਵਾਰ ਇਸ ਗੱਲ ਉੱਤੇ ਵਿਚਾਰ ਕਰ ਰਹੇ ਹਨ ਕਿ ਪਿਛਲੇ ਦਹਾਕੇ ਵਿੱਚ ਹੋਰ ਕਿਹੜੇ ਕਦਮ ਚੁੱਕੇ ਜਾ ਸਕਦੇ ਸਨ। ਕੋਵਿਡ ਮਹਾਂਮਾਰੀ ਨੇ ਇਸ ਸੰਕਟ ਨੂੰ ਹੋਰ ਡੂੰਘਾ ਕੀਤਾ ਸੀ ਅਤੇ ਸਾਲ 2020 ਵਿੱਚ 1,775 ਮੌਤਾਂ ਹੋਈਆਂ ਸਨ। ਇਹ ਅੰਕੜਾ ਲਗਾਤਾਰ ਵੱਧਦਾ ਹੋਇਆ 2021 ਵਿੱਚ 2,294 ਅਤੇ ਸਾਲ 2023 ਵਿੱਚ 2,590 ਤੱਕ ਪਹੁੰਚ ਗਿਆ ਸੀ।
ਸਾਲ 2015 ਵਿੱਚ ਨਸ਼ਿਆਂ ਦੀ ਸਪਲਾਈ ਵਿੱਚ ਫੈਂਟਾਨਿਲ ਦੀ ਆਮਦ ਨੇ ਇਸ ਸੰਕਟ ਨੂੰ ਇੱਕ ਵਿਸਫੋਟਕ ਰੂਪ ਦੇ ਦਿੱਤਾ। ਇਹ ਸਿੰਥੈਟਿਕ ਓਪੀਓਇਡ ਮੋਰਫਿਨ ਨਾਲੋਂ 50 ਤੋਂ 100 ਗੁਣਾ ਵੱਧ ਤਾਕਤਵਰ ਹੈ। 2016 ਤੱਕ 66 ਫੀਸਦੀ ਮੌਤਾਂ ਵਿੱਚ ਫੈਂਟਾਨਿਲ ਸ਼ਾਮਲ ਸੀ।
ਪੈਰਾਮੈਡਿਕ ਇਆਨ ਟੈਟ ਅਨੁਸਾਰ ਇਹ ਬਦਲਾਅ ਇੱਕ ਪਰਮਾਣੂ ਬੰਬ ਵਾਂਗ ਸੀ ਜਿਸ ਨੇ ਹਾਲਾਤ ਬਿਲਕੁਲ ਬਦਲ ਦਿੱਤੇ। ਪਹਿਲਾਂ ਜਿੱਥੇ ਦਿਨ ਵਿੱਚ 6 ਓਵਰਡੋਜ਼ ਦੇ ਮਾਮਲੇ ਆਉਂਦੇ ਸਨ, ਉੱਥੇ ਇਹ ਗਿਣਤੀ ਵੱਧ ਕੇ 30 ਅਤੇ ਫਿਰ ਹੋਰ ਵੀ ਅੱਗੇ ਪਹੁੰਚ ਗਈ। ਇੱਕ ਸਮਾਂ ਅਜਿਹਾ ਆਇਆ ਜਦੋਂ ਪੈਰਾਮੈਡਿਕਸ ਨੇ ਇੱਕ ਦਿਨ ਵਿੱਚ 256 ਓਵਰਡੋਜ਼ ਮਾਮਲਿਆਂ ਨੂੰ ਸੰਭਾਲਿਆ। ਜੇਕਰ ਨੈਲੋਕਸੋਨ ਨਾਮਕ ਦਵਾਈ ਉਪਲਬਧ ਨਾ ਹੁੰਦੀ ਤਾਂ ਮੌਤਾਂ ਦਾ ਅੰਕੜਾ ਸਾਲਾਨਾ 10,000 ਤੱਕ ਹੋ ਸਕਦਾ ਸੀ। ਬੀ.ਸੀ. ਕੈਨੇਡਾ ਦਾ ਪਹਿਲਾ ਸੂਬਾ ਸੀ ਜਿਸ ਨੇ ਨੈਲੋਕਸੋਨ ਕਿੱਟਾਂ ਵੰਡਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਅਤੇ ਹਰ ਸਾਲ 400,000 ਕਿੱਟਾਂ ਵੰਡੀਆਂ ਜਾਂਦੀਆਂ ਹਨ।
ਸਰਕਾਰ ਨੇ ਇਸ ਸੰਕਟ ਨਾਲ ਨਜਿੱਠਣ ਲਈ ਕਈ ਨੀਤੀਗਤ ਤਜਰਬੇ ਕੀਤੇ ਜਿਵੇਂ ਸੇਫ ਕੰਜਮਪਸ਼ਨ ਸਾਈਟਾਂ ਦੀ ਗਿਣਤੀ 1 ਤੋਂ ਵਧਾ ਕੇ 58 ਕਰ ਦਿੱਤੀ ਗਈ। ਸਾਲ 2023 ਵਿੱਚ ਡੀਕ੍ਰਿਮੀਨਲਾਈਜ਼ੇਸ਼ਨ ਭਾਵ ਨਸ਼ਿਆਂ ਨੂੰ ਅਪਰਾਧ ਮੁਕਤ ਕਰਨ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜਿਸ ਤਹਿਤ 2.5 ਗ੍ਰਾਮ ਤੱਕ ਡਰੱਗਜ਼ ਰੱਖਣ ਦੀ ਛੋਟ ਦਿੱਤੀ ਗਈ। ਇਸ ਤੋਂ ਇਲਾਵਾ ਸੇਫਰ ਸਪਲਾਈ ਪ੍ਰੋਗਰਾਮ ਰਾਹੀਂ ਡਾਕਟਰੀ ਨਿਗਰਾਨੀ ਹੇਠ ਓਪੀਓਇਡਜ਼ ਦਿੱਤੇ ਗਏ। ਪਰ ਇਹ ਨੀਤੀਆਂ ਵਿਵਾਦਾਂ ਵਿੱਚ ਘਿਰ ਗਈਆਂ ਅਤੇ ਇਹਨਾਂ ਦਾ ਭਾਰੀ ਵਿਰੋਧ ਹੋਇਆ। ਨਸ਼ਿਆਂ ਦੇ ਸਕੂਲਾਂ ਅਤੇ ਬੱਚਿਆਂ ਤੱਕ ਪਹੁੰਚਣ ਦੇ ਡਰੋਂ ਸਾਲ 2026 ਦੀ ਸ਼ੁਰੂਆਤ ਤੱਕ ਪ੍ਰੀਮੀਅਰ ਡੇਵਿਡ ਈਬੀ ਨੇ ਇਹ ਸਵੀਕਾਰ ਕੀਤਾ ਕਿ ਡੀਕ੍ਰਿਮੀਨਲਾਈਜ਼ੇਸ਼ਨ ਦਾ ਤਜਰਬਾ ਕੰਮ ਨਹੀਂ ਆਇਆ ਅਤੇ ਨਸ਼ਿਆਂ ਦੀ ਖੁੱਲ੍ਹੀ ਵਰਤੋਂ ਉੱਤੇ ਮੁੜ ਪਾਬੰਦੀਆਂ ਲਗਾ ਦਿੱਤੀਆਂ ਗਈਆਂ। ਸੇਫਰ ਸਪਲਾਈ ਪ੍ਰੋਗਰਾਮ ਵਿੱਚ ਵੀ ਮਰੀਜ਼ਾਂ ਦੀ ਗਿਣਤੀ 5,200 ਤੋਂ ਘਟਾ ਕੇ 3,900 ਰਹਿ ਗਈ।
ਸਾਲ 2024 ਤੋਂ ਬਾਅਦ ਮੌਤਾਂ ਦੀ ਗਿਣਤੀ ਵਿੱਚ ਕੁਝ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਪਿਛਲੇ ਸਾਲ ਮੌਤਾਂ ਵਿੱਚ 21 ਫੀਸਦੀ ਦੀ ਕਮੀ ਆਈ ਹੈ ਜਿਸ ਨਾਲ ਕੁੱਲ ਅੰਕੜਾ 1,833 ਰਹਿ ਗਿਆ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਗਿਰਾਵਟ ਦਾ ਕਾਰਨ ਸੜਕਾਂ ਉੱਤੇ ਵਿਕਣ ਵਾਲੇ ਨਸ਼ਿਆਂ ਵਿੱਚ ਫੈਂਟਾਨਿਲ ਦੀ ਮਾਤਰਾ ਦਾ 11 ਫੀਸਦੀ ਤੋਂ ਘੱਟ ਕੇ 5.1 ਫੀਸਦੀ ਰਹਿਣਾ ਅਤੇ ਚੀਨ ਵੱਲੋਂ ਨਸ਼ਾ ਤਸਕਰਾਂ ਖਿਲਾਫ ਕੀਤੀ ਗਈ ਸਖਤ ਕਾਰਵਾਈ ਹੈ। ਹੁਣ ਬੀ.ਸੀ. ਸਰਕਾਰ ਨੇ ਆਪਣੀ ਰਣਨੀਤੀ ਬਦਲਦੇ ਹੋਏ ਮਾਨਸਿਕ ਸਿਹਤ ਅਤੇ ਜ਼ਬਰਦਸਤੀ ਇਲਾਜ ਉੱਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਹੈ ਜਿਸ ਲਈ 2,000 ਨਵੇਂ ਬੈੱਡਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਮ੍ਰਿਤਕਾਂ ਦੇ ਪਰਿਵਾਰ ਲਗਾਤਾਰ ਮੰਗ ਕਰ ਰਹੇ ਹਨ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ ਕਤਲ ਦੇ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ ਕਿਉਂਕਿ ਉਹ ਸਿੱਧੇ ਤੌਰ ਉੱਤੇ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ। This report was written by Divroop Kaur as part of the Local Journalism Initiative.

