Saturday, July 11, 2026

ਬੱਚੇ ਆਪਣੀ ਕਿਸਮਤ ਖੁਦ ਬਣਾਉਣ

ਮਨੁੱਖੀ ਜੀਵਨ ’ਚ ਅਕਸਰ ਦੋ ਤਰ੍ਹਾਂ ਦੇ ਲੋਕ ਦੇਖਣ ਨੂੰ ਮਿਲਦੇ ਹਨ। ਇੱਕ ਉਹ ਜੋ ਹਾਲਾਤ ਸਾਹਮਣੇ ਗੋਡੇ ਟੇਕ ਦਿੰਦੇ ਹਨ ਤੇ ਦੂਜੇ ਉਹ ਜੋ ਹਾਲਾਤ ਨੂੰ ਆਪਣੀ ਮਿਹਨਤ ਨਾਲ ਬਦਲਣ ਦਾ ਦਮ ਰੱਖਦੇ ਹਨ। ਅਕਸਰ ਜਦੋਂ ਅਸੀਂ ਅਸਫਲ ਹੁੰਦੇ ਹਾਂ ਤਾਂ ਸਾਰਾ ਦੋਸ਼ ਕਿਸਮਤ ਸਿਰ ਮੜ੍ਹ ਦਿੰਦੇ ਹਾਂ ਪਰ ਸਵਾਲ ਇਹ ਹੈ ਕਿ ਕੀ ਤੁਸੀਂ ਉਨ੍ਹਾਂ ਵਿੱਚੋਂ ਹੋ, ਜੋ ਥੱਕ ਜਾਣ ’ਤੇ ਹਾਰ ਮੰਨ ਲੈਂਦੇ ਹੋ? ਜੇ ਹਾਂ ਤਾਂ ਯਾਦ ਰੱਖੋ ਕਿ ਕਿਸਮਤ ਕੋਈ ਪੱਥਰ ’ਤੇ ਲਿਖੀ ਲਕੀਰ ਨਹੀਂ ਸਗੋਂ ਤੁਹਾਡੇ ਕਰਮਾਂ ਦੁਆਰਾ ਤਿਆਰ ਕੀਤਾ ਗਿਆ ਰਾਹ ਹੈ।
ਕੰਮ ਕਰਦਿਆਂ ਥੱਕ ਜਾਣਾ ਸੁਭਾਵਿਕ ਹੈ। ਮਨੁੱਖੀ ਸਰੀਰ ਤੇ ਮਨ ਦੀਆਂ ਆਪਣੀਆਂ ਸੀਮਾਵਾਂ ਹਨ ਪਰ ਥਕਾਵਟ ਦਾ ਮਤਲਬ ‘ਅੰਤ’ ਨਹੀਂ ਹੁੰਦਾ। ਜਿਹੜੇ ਲੋਕ ਥੱਕ ਕੇ ਰੁਕ ਜਾਂਦੇ ਹਨ ਤੇ ਮੁੜ ਉੱਠਣ ਦੀ ਕੋਸ਼ਿਸ਼ ਨਹੀਂ ਕਰਦੇ, ਉਹ ਆਪਣੀ ਕਿਸਮਤ ਨੂੰ ਹਨੇਰੇ ਵੱਲ ਧੱਕ ਲੈਂਦੇ ਹਨ। ਦੂਜੇ ਪਾਸੇ ਜੇਤੂ ਉਹ ਹੁੰਦੇ ਹਨ, ਜੋ ਥੱਕਣ ’ਤੇ ਆਰਾਮ ਤਾਂ ਕਰਦੇ ਹਨ ਪਰ ਹਾਰ ਨਹੀਂ ਮੰਨਦੇ। ਉਹ ਜਾਣਦੇ ਹਨ ਕਿ ਸਫਲਤਾ ਦਾ ਰਸਤਾ ਮੁਸ਼ਕਲਾਂ ਤੇ ਥਕਾਵਟ ਵਿੱਚੋਂ ਹੀ ਹੋ ਕੇ ਗੁਜ਼ਰਦਾ ਹੈ। ਬਹੁਤ ਸਾਰੇ ਲੋਕਾਂ ਲਈ ਕਿਸਮਤ ਇਕ ਬਹਾਨਾ ਹੈ। ਜਦੋਂ ਮਿਹਨਤ ਕੰਮ ਨਹੀਂ ਆਉਾਂਦੀਜਾਂ ਨਤੀਜੇ ਉਮੀਦ ਮੁਤਾਬਕ ਨਹੀਂ ਨਿਕਲਦੇ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਸ਼ਾਇਦ ਕਿਸਮਤ ਵਿੱਚ ਹੀ ਨਹੀਂ ਸੀ। ਜੇ ਇਰਾਦਾ ਮਜ਼ਬੂਤ ਹੋਵੇ ਤਾਂ ਕਿਸਮਤ ਨੂੰ ਵੀ ਝੁਕਣਾ ਪੈਂਦਾ ਹੈ।
ਕਿਸਮਤ ਨਾਲ ਲੜਨ ਦਾ ਮਤਲਬ ਕੁਦਰਤ ਨਾਲ ਲੜਨਾ ਨਹੀਂ ਸਗੋਂ ਆਪਣੀਆਂ ਕਮਜ਼ੋਰੀਆਂ ਤੇ ਨਾਂਹ-ਪੱਖੀ ਸੋਚ ਨਾਲ ਲੜਨਾ ਹੈ। ਜਦੋਂ ਤੁਹਾਡਾ ਮਨ ਕਹੇ ਕਿ ਹੁਣ ਬਹੁਤ ਹੋ ਗਿਆ, ਮੈਂ ਹੋਰ ਨਹੀਂ ਕਰ ਸਕਦਾ ਤਾਂ ਉਸ ਸਮੇਂ ਇਕ ਵਾਰ ਫਿਰ ਕੋਸ਼ਿਸ਼ ਕਰਨਾ ਹੀ ਅਸਲ ਲੜਾਈ ਹੈ। ਆਪਣੀ ਕਿਸਮਤ ਲਿਖਣ ਲਈ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਹਨ ਦ੍ਰਿੜ ਨਿਸ਼ਚਾ, ਨਿਰੰਤਰ ਮਿਹਨਤ ਅਤੇ ਸਬਰ।
ਜੇ ਤੁਸੀਂ ਥੱਕ ਕੇ ਹਾਰ ਮੰਨ ਰਹੇ ਹੋ ਤਾਂ ਖ਼ੁਦ ਨੂੰ ਪੁੱਛੋ ਕਿ ਤੁਸੀਂ ਇਹ ਸਫ਼ਰ ਸ਼ੁਰੂ ਕਿਉਂ ਕੀਤਾ ਸੀ? ਤੁਹਾਡਾ ਉਦੇਸ਼ ਕੀ ਸੀ? ਜਦੋਂ ਤੁਹਾਡਾ ‘ਕਿਉਂ’ ਸਪੱਸ਼ਟ ਹੋਵੇਗਾ, ਤਾਂ ਥਕਾਵਟ ਤੁਹਾਡੇ ਹੌਸਲੇ ਨੂੰ ਤੋੜ ਨਹੀਂ ਸਕੇਗੀ। ਕਿਸਮਤ ਦੇ ਭਰੋਸੇ ਬੈਠਣ ਵਾਲਿਆਂ ਨੂੰ ਸਿਰਫ਼ ਓਨਾ ਹੀ ਮਿਲਦਾ ਹੈ, ਜਿੰਨਾ ਕੋਸ਼ਿਸ਼ ਕਰਨ ਵਾਲੇ ਛੱਡ ਦਿੰਦੇ ਹਨ। ਇਸ ਲਈ ਉੱਠੋ ਅਤੇ ਆਪਣੀ ਕਿਸਮਤ ਨਾਲ ਲੜੋ। ਆਪਣੀ ਮਿਹਨਤ ਦੀ ਕਲਮ ਫੜੋ ਅਤੇ ਨਵਾਂ ਅਧਿਆਏ ਲਿਖੋ। ਯਾਦ ਰੱਖੋ ਕਿ ਸਮੁੰਦਰ ਵਿਚ ਲਹਿਰਾਂ ਨਾਲ ਉਹੀ ਕਿਸ਼ਤੀ ਪਾਰ ਲੱਗਦੀ ਹੈ, ਜਿਸ ਦਾ ਮਲਾਹ ਥੱਕ ਕੇ ਚੱਪੂ ਚਲਾਉਣੇ ਬੰਦ ਨਹੀਂ ਕਰਦਾ। ਆਪਣੀ ਕਿਸਮਤ ਦੇ ਲੇਖਕ ਖ਼ੁਦ ਬਣੋ ਕਿਉਂਕਿ ਜੋ ਖ਼ੁਦ ਆਪਣੀ ਮਦਦ ਕਰਦੇ ਹਨ, ਰੱਬ ਵੀ ਉਨ੍ਹਾਂ ਦੀ ਹੀ ਮਦਦ ਕਰਦਾ ਹੈ।
-ਲਲਿਤ ਗੁਪਤਾ

Popular