Thursday, August 13, 2026

ਸੀਐਫਐਸਈਯੂ ਬੀਸੀ ਵੱਲੋਂ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼, 1.5 ਮਿਲੀਅਨ ਡਾਲਰ ਨਕਦ ਬਰਾਮਦ

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੀ ਕੰਬਾਈਂਡ ਫੋਰਸਿਜ਼ ਸਪੈਸ਼ਲ ਐਨਫੋਰਸਮੈਂਟ ਯੂਨਿਟ (ਸੀਐਫਐਸਈਯੂ ਬੀਸੀ) ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਇੱਕ ਅਹਿਮ ਸੰਗਠਿਤ ਅਪਰਾਧ ਜਾਂਚ ਨੂੰ ਸਫਲਤਾਪੂਰਵਕ ਮੁਕੰਮਲ ਕਰ ਲਿਆ ਹੈ। ਇਸ ਕਾਰਵਾਈ ਦੌਰਾਨ ਭਾਰੀ ਮਾਤਰਾ ਵਿੱਚ ਗੈਰ ਕਾਨੂੰਨੀ ਨਸ਼ੀਲੇ ਪਦਾਰਥ, ਹਥਿਆਰ, ਨਕਦੀ ਅਤੇ ਅਪਰਾਧ ਨਾਲ ਸਬੰਧਤ ਜਾਇਦਾਦ ਜ਼ਬਤ ਕੀਤੀ ਗਈ ਹੈ। ਇਹ ਜ਼ਬਤੀ ਉਨ੍ਹਾਂ ਵਿਅਕਤੀਆਂ ਨਾਲ ਜੁੜੀ ਹੋਈ ਹੈ ਜੋ ਸੂਬੇ ਵਿੱਚ ਜਨਤਕ ਸੁਰੱਖਿਆ ਲਈ ਭਾਰੀ ਖਤਰਾ ਪੈਦਾ ਕਰਦੇ ਹਨ। ਇਹ ਜਾਂਚ ਦਸੰਬਰ 2024 ਵਿੱਚ ਸ਼ੁਰੂ ਹੋਈ ਸੀ ਅਤੇ 2026 ਦੀ ਸ਼ੁਰੂਆਤ ਤੱਕ ਜਾਰੀ ਰਹੀ। ਅਧਿਕਾਰੀਆਂ ਨੇ ਅੰਤਰ ਸੂਬਾਈ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਬਾਰੇ ਸਬੂਤ ਇਕੱਠੇ ਕਰਦੇ ਹੋਏ ਕਈ ਕਿਲੋਗ੍ਰਾਮ ਕੋਕੀਨ ਅਤੇ ਮੈਥਾਮਫੇਟਾਮਾਈਨ ਬਰਾਮਦ ਕੀਤੀ। 3 ਮਈ 2026 ਨੂੰ ਡੈਲਟਾ ਦੇ ਸਨਸ਼ਾਈਨ ਹਿਲਜ਼ ਸ਼ਾਪਿੰਗ ਪਲਾਜ਼ਾ ਵਿਖੇ ਇੱਕ ਵਪਾਰਕ ਟਰੱਕ ਡਰਾਈਵਰ ਨੂੰ ਨਸ਼ੀਲੇ ਪਦਾਰਥਾਂ ਦੇ ਆਦਾਨ ਪ੍ਰਦਾਨ ਦੌਰਾਨ ਗ੍ਰਿਫਤਾਰ ਕੀਤਾ ਗਿਆ। ਇਸ ਗ੍ਰਿਫਤਾਰੀ ਦੌਰਾਨ ਪੁਲਿਸ ਨੇ ਕੋਕੀਨ ਦੀਆਂ 10 ਇੱਟਾਂ ਦੇ ਨਾਲ ਵੈਕਿਊਮ ਸੀਲ ਕੀਤੀ ਗਈ ਲਗਭਗ 500,000 ਡਾਲਰ ਦੀ ਨਕਦੀ ਬਰਾਮਦ ਕੀਤੀ। ਇਸ ਕਾਰਵਾਈ ਤੋਂ ਬਾਅਦ ਮੈਟਰੋ ਵੈਨਕੂਵਰ ਦੇ ਵੱਖ ਵੱਖ ਸਥਾਨਾਂ ਉੱਤੇ ਤਲਾਸ਼ੀ ਵਾਰੰਟ ਲਾਗੂ ਕੀਤੇ ਗਏ ਜਿਨ੍ਹਾਂ ਵਿੱਚ ਵੈਨਕੂਵਰ ਅਤੇ ਸਰੀ ਦੀਆਂ ਰਿਹਾਇਸ਼ਾਂ ਸਮੇਤ ਡਾਊਨਟਾਊਨ ਵੈਨਕੂਵਰ ਦਾ ਇੱਕ ਕੰਡੋਮੀਨੀਅਮ ਅਤੇ ਸੈਲਫ ਸਟੋਰੇਜ ਸਹੂਲਤ ਸ਼ਾਮਲ ਹੈ। ਜਾਂਚ ਦੌਰਾਨ ਕੁੱਲ ਬਰਾਮਦਗੀ ਵਿੱਚ ਲਗਭਗ 1.5 ਮਿਲੀਅਨ ਡਾਲਰ ਦੀ ਨਕਦੀ, 26 ਕਿਲੋਗ੍ਰਾਮ ਕੋਕੀਨ ਅਤੇ 7 ਕਿਲੋਗ੍ਰਾਮ ਮੈਥਾਮਫੇਟਾਮਾਈਨ ਸ਼ਾਮਲ ਹੈ। ਇਸ ਤੋਂ ਇਲਾਵਾ 5 ਵਾਹਨ ਜ਼ਬਤ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 3 ਆਧੁਨਿਕ ਲੁਕਵੇਂ ਕੰਪਾਰਟਮੈਂਟਾਂ ਨਾਲ ਲੈਸ ਸਨ। ਪੁਲਿਸ ਨੇ ਅਪਰਾਧ ਵਿੱਚ ਵਰਤਿਆ ਗਿਆ 1 ਟਰੈਕਟਰ ਟਰੇਲਰ, 250 ਕਿਲੋਗ੍ਰਾਮ ਕੋਕੀਨ ਕੱਟਣ ਵਾਲੇ ਏਜੰਟ, 12 ਲੰਬੀਆਂ ਬੰਦੂਕਾਂ, 4 ਹੈਂਡਗਨ ਅਤੇ ਲਗਭਗ 150 ਖਾਲੀ ਰੈਪਰ ਵੀ ਬਰਾਮਦ ਕੀਤੇ ਹਨ।
ਸੀਐਫਐਸਈਯੂ ਬੀਸੀ ਦੇ ਸਟਾਫ ਸਾਰਜੈਂਟ ਜੋਨ ਮੈਕਇੰਟਾਇਰ ਨੇ ਕਿਹਾ ਕਿ ਗੈਰ ਕਾਨੂੰਨੀ ਨਸ਼ਿਆਂ ਦਾ ਵਪਾਰ ਸਾਡੇ ਭਾਈਚਾਰਿਆਂ ਉੱਤੇ ਵਿਨਾਸ਼ਕਾਰੀ ਪ੍ਰਭਾਵ ਪਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਨਾਫੇ ਲਈ ਕੰਮ ਕਰਨ ਵਾਲੇ ਇਹ ਅਪਰਾਧਿਕ ਸਮੂਹ ਹਿੰਸਾ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਵਰਤੋਂ ਕਰਦੇ ਹਨ। ਇਸ ਜਾਂਚ ਦੌਰਾਨ ਵੈਨਕੂਵਰ ਪੁਲਿਸ ਵਿਭਾਗ, ਆਰਸੀਐਮਪੀ ਅਤੇ ਬੀਸੀ ਸਮੇਤ ਅਲਬਰਟਾ ਦੀਆਂ ਪੁਲਿਸ ਏਜੰਸੀਆਂ ਦਾ ਅਹਿਮ ਸਹਿਯੋਗ ਮਿਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜਾਂਚ ਅਜੇ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਦੋਸ਼ ਆਇਦ ਕੀਤੇ ਜਾਣ ਦੀ ਉਮੀਦ ਹੈ। This report was written by Divroop Kaur as part of the Local Journalism Initiative.

Popular