Thursday, August 13, 2026

ਸਰੀ ਗੋਲੀਬਾਰੀ ਮਾਮਲੇ ਵਿੱਚ ਹਰਸ਼ਦੀਪ ਸਿੰਘ ਅਤੇ ਹੰਸਪ੍ਰੀਤ ਸਿੰਘ ਉੱਤੇ ਹੋਰ ਦੋਸ਼ ਆਇਦ

ਸਰੀ, (ਦਿਵਰੂਪ ਕੌਰ): ਸਰੀ ਪੁਲਿਸ ਸਰਵਿਸ ਦੀ ਜਾਂਚ ਤੋਂ ਬਾਅਦ ਇਸ ਸਾਲ ਜਨਵਰੀ ਵਿੱਚ ਗ੍ਰਿਫਤਾਰ ਕੀਤੇ ਗਏ ਦੋ ਨੌਜਵਾਨਾਂ ਉੱਤੇ ਹੁਣ ਵਾਧੂ ਕ੍ਰਿਮੀਨਲ ਕੋਡ ਦੋਸ਼ਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। 26 ਜਨਵਰੀ ਨੂੰ ਸਵੇਰੇ ਲਗਭਗ 3:50 ਵਜੇ ਸਰੀ ਪੁਲਿਸ ਦੀ ਗੈਂਗ ਕ੍ਰਾਈਮ ਯੂਨਿਟ ਅਤੇ ਪ੍ਰੋਜੈਕਟ ਐਸ਼ੋਰੈਂਸ ਨੂੰ ਸੌਂਪੇ ਗਏ ਫਰੰਟਲਾਈਨ ਮੈਂਬਰ ਮੇਜਰ ਕ੍ਰਾਈਮ ਸੈਕਸ਼ਨ ਦੇ ਸਹਿਯੋਗ ਨਾਲ 129 ਸਟਰੀਟ ਅਤੇ 84 ਐਵੇਨਿਊ ਦੇ ਖੇਤਰ ਵਿੱਚ ਕੰਮ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਇੱਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਸ਼ੱਕੀ ਵਾਹਨ ਦੀ ਪਛਾਣ ਕੀਤੀ ਅਤੇ ਉਸਨੂੰ ਰੋਕ ਲਿਆ। ਕਾਰਵਾਈ ਕਰਦੇ ਹੋਏ ਪੁਲਿਸ ਟੀਮ ਨੇ ਵਾਹਨ ਦੇ ਡਰਾਈਵਰ ਅਤੇ ਯਾਤਰੀ ਨੂੰ ਮੌਕੇ ਉੱਤੇ ਹੀ ਹਿਰਾਸਤ ਵਿੱਚ ਲੈ ਲਿਆ। ਇਸ ਗ੍ਰਿਫਤਾਰੀ ਦੌਰਾਨ ਵਾਹਨ ਦੀ ਤਲਾਸ਼ੀ ਲੈਣ ਉੱਤੇ ਪੁਲਿਸ ਨੂੰ ਇੱਕ ਲੋਡ ਕੀਤੀ ਹੋਈ ਬੰਦੂਕ ਬਰਾਮਦ ਹੋਈ ਜਿਸਨੂੰ ਜ਼ਬਤ ਕਰ ਲਿਆ ਗਿਆ। ਪ੍ਰੋਜੈਕਟ ਐਸ਼ੋਰੈਂਸ ਇੱਕ ਵਿਸ਼ੇਸ਼ ਪਹਿਲਕਦਮੀ ਹੈ ਜਿਸ ਦੇ ਤਹਿਤ ਸਰੀ ਪੁਲਿਸ ਉਨ੍ਹਾਂ ਆਂਢ-ਗੁਆਂਢ ਅਤੇ ਵਪਾਰਕ ਖੇਤਰਾਂ ਵਿੱਚ ਗਸ਼ਤ ਕਰਦੀ ਹੈ ਜਿੱਥੇ ਫਿਰੌਤੀ ਜਾਂ ਗੋਲੀਬਾਰੀ ਦਾ ਖਤਰਾ ਹੁੰਦਾ ਹੈ। ਇਸ ਘਟਨਾ ਤੋਂ ਬਾਅਦ 27 ਜਨਵਰੀ ਨੂੰ ਹਰਸ਼ਦੀਪ ਸਿੰਘ ਅਤੇ ਹੰਸਪ੍ਰੀਤ ਸਿੰਘ ਖਿਲਾਫ ਕ੍ਰਿਮੀਨਲ ਕੋਡ ਦੇ ਅਪਰਾਧਾਂ ਤਹਿਤ ਸ਼ੁਰੂਆਤੀ ਦੋਸ਼ ਆਇਦ ਕੀਤੇ ਗਏ ਸਨ। ਹਰਸ਼ਦੀਪ ਸਿੰਘ ਉੱਤੇ ਖਤਰਨਾਕ ਤਰੀਕੇ ਨਾਲ ਮੋਟਰ ਵਾਹਨ ਚਲਾਉਣ ਅਤੇ ਹਥਿਆਰ ਵਾਲੇ ਵਾਹਨ ਵਿੱਚ ਮੌਜੂਦ ਹੋਣ ਦੇ ਦੋਸ਼ ਲੱਗੇ ਸਨ। ਹੰਸਪ੍ਰੀਤ ਸਿੰਘ ਉੱਤੇ ਸਿਰਫ਼ ਹਥਿਆਰ ਵਾਲੇ ਵਾਹਨ ਵਿੱਚ ਮੌਜੂਦ ਹੋਣ ਦਾ ਦੋਸ਼ ਸੀ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ 7 ਅਪ੍ਰੈਲ ਨੂੰ ਐਕਸਟੌਰਸ਼ਨ ਰਿਸਪਾਂਸ ਟੀਮ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ। ਹੁਣ 23 ਜੂਨ ਨੂੰ ਬੀਸੀ ਪ੍ਰੌਸੀਕਿਊਸ਼ਨ ਸਰਵਿਸ ਨੇ ਹਰਸ਼ਦੀਪ ਸਿੰਘ ਖਿਲਾਫ ਜਾਣਬੁੱਝ ਕੇ ਪਾਬੰਦੀਸ਼ੁਦਾ ਹਥਿਆਰ ਚਲਾਉਣ ਦੇ ਵਾਧੂ ਦੋਸ਼ ਨੂੰ ਮਨਜ਼ੂਰੀ ਦਿੱਤੀ ਹੈ। ਇਸੇ ਤਰ੍ਹਾਂ ਹੰਸਪ੍ਰੀਤ ਸਿੰਘ ਉੱਤੇ ਵੀ ਜਾਣਬੁੱਝ ਕੇ ਪਾਬੰਦੀਸ਼ੁਦਾ ਹਥਿਆਰ ਚਲਾਉਣ ਅਤੇ ਲੋਡ ਕੀਤੇ ਹਥਿਆਰ ਰੱਖਣ ਦੇ ਨਵੇਂ ਦੋਸ਼ ਲਗਾਏ ਗਏ ਹਨ। ਫਿਲਹਾਲ ਦੋਵਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਅਗਲੀ ਅਦਾਲਤੀ ਪੇਸ਼ੀ 25 ਜੂਨ ਲਈ ਨਿਰਧਾਰਤ ਕੀਤੀ ਗਈ ਹੈ। This report was written by Divroop Kaur as part of the Local Journalism Initiative.

Popular