Saturday, July 11, 2026

ਵ੍ਹਾਈਟ ਰੌਕ ਪੀਅਰ ਦੀ ਮੁਰੰਮਤ ਲਈ ਫੈਡਰਲ ਸਰਕਾਰ ਵੱਲੋਂ 26 ਮਿਲੀਅਨ ਡਾਲਰ ਦਾ ਐਲਾਨ

ਸਰੀ, (ਦਿਵਰੂਪ ਕੌਰ): ਕੈਨੇਡਾ ਡੇਅ ਮੌਕੇ ਵ੍ਹਾਈਟ ਰੌਕ ਸ਼ਹਿਰ ਦੇ ਮੈਮੋਰੀਅਲ ਪਾਰਕ ਵਿਖੇ ਹੋਏ ਸਮਾਗਮ ਦੌਰਾਨ ਸ਼ਹਿਰ ਦੇ ਮਸ਼ਹੂਰ ਪੀਅਰ ਦੀ ਮੁਰੰਮਤ ਅਤੇ ਭੂਚਾਲ ਸਬੰਧੀ ਅੱਪਗ੍ਰੇਡ ਲਈ ਫੈਡਰਲ ਸਰਕਾਰ ਵੱਲੋਂ ਲਗਭਗ 26 ਮਿਲੀਅਨ ਡਾਲਰ ਦੇ ਫੰਡ ਦਾ ਐਲਾਨ ਕੀਤਾ ਗਿਆ ਹੈ। ਸਾਊਥ ਸਰੀ ਵ੍ਹਾਈਟ ਰੌਕ ਦੇ ਐਮਪੀ ਅਰਨੀ ਕਲਾਸਨ ਨੇ 200 ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਅਹਿਮ ਜਾਣਕਾਰੀ ਸਾਂਝੀ ਕੀਤੀ। ਮੇਅਰ ਮੇਗਨ ਨਾਈਟ ਨੇ ਇਸ ਨੂੰ ਸ਼ਹਿਰ ਲਈ ਇੱਕ ਇਤਿਹਾਸਕ ਪਲ ਕਰਾਰ ਦਿੰਦਿਆਂ ਕਿਹਾ ਕਿ ਇਹ ਸ਼ਹਿਰ ਨੂੰ ਮਿਲਣ ਵਾਲਾ ਹੁਣ ਤੱਕ ਦਾ ਸਭ ਤੋਂ ਵਿਸ਼ਾਲ ਫੈਡਰਲ ਨਿਵੇਸ਼ ਹੈ। ਐਮਪੀ ਕਲਾਸਨ ਪਿਛਲੇ ਸਾਲ ਅਪ੍ਰੈਲ ਵਿੱਚ ਚੁਣੇ ਜਾਣ ਤੋਂ ਬਾਅਦ ਇਸ ਫੰਡਿੰਗ ਲਈ ਲਗਾਤਾਰ ਯਤਨ ਕਰ ਰਹੇ ਸਨ ਅਤੇ ਉਨ੍ਹਾਂ ਨੇ ਸਾਲ 2025 ਵਿੱਚ ਦੋ ਵਾਰ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੂੰ ਵ੍ਹਾਈਟ ਰੌਕ ਦੇ ਵਾਟਰਫਰੰਟ ਦਾ ਦੌਰਾ ਵੀ ਕਰਵਾਇਆ ਸੀ। ਸਾਲ 2018 ਵਿੱਚ ਆਏ ਤੂਫਾਨ ਕਾਰਨ ਪੀਅਰ ਦਾ 100 ਮੀਟਰ ਹਿੱਸਾ ਨੁਕਸਾਨਿਆ ਗਿਆ ਸੀ ਜਿਸ ਦੀ ਮੁਰੰਮਤ ਹੋ ਚੁੱਕੀ ਹੈ। ਹੁਣ ਫੇਜ਼ ਟੂ ਤਹਿਤ ਬਾਕੀ ਰਹਿੰਦੇ ਦੋ ਤਿਹਾਈ ਹਿੱਸੇ ਦਾ ਮੁੜ ਨਿਰਮਾਣ ਅਤੇ ਨਵੀਨੀਕਰਨ ਕੀਤਾ ਜਾਣਾ ਹੈ। ਪਹਿਲਾਂ ਇਸ ਪ੍ਰੋਜੈਕਟ ਦਾ ਬਜਟ 15 ਮਿਲੀਅਨ ਡਾਲਰ ਸੀ ਜੋ ਕਿ ਉਸਾਰੀ ਲਾਗਤਾਂ ਵਿੱਚ ਹੋਏ ਵਾਧੇ ਅਤੇ ਨਵੇਂ ਬੀਸੀ ਬਿਲਡਿੰਗ ਕੋਡ ਕਾਰਨ ਵੱਧ ਕੇ 30 ਮਿਲੀਅਨ ਡਾਲਰ ਹੋ ਗਿਆ ਹੈ। ਸ਼ਹਿਰ ਵੱਲੋਂ ਪਹਿਲਾਂ ਹੀ 4,065,000 ਡਾਲਰ ਇਸ ਕੰਮ ਲਈ ਰੱਖੇ ਗਏ ਸਨ। ਹੁਣ 25,935,000 ਡਾਲਰ ਦਾ ਫੈਡਰਲ ਨਿਵੇਸ਼ ਮਿਲਣ ਨਾਲ ਇਸ ਪ੍ਰੋਜੈਕਟ ਲਈ ਲੋੜੀਂਦੀ ਰਕਮ ਪੂਰੀ ਹੋ ਗਈ ਹੈ। ਮੇਅਰ ਨਾਈਟ ਨੇ ਫੈਡਰਲ ਅਧਿਕਾਰੀਆਂ ਅਤੇ ਸਿਟੀ ਸਟਾਫ ਵੱਲੋਂ ਮਿਲ ਕੇ ਕੀਤੇ ਕੰਮ ਦੀ ਸ਼ਲਾਘਾ ਕੀਤੀ। ਇਹ ਫੰਡਿੰਗ ਫੈਡਰਲ ਸਰਕਾਰ ਦੇ ਬਿਲਡ ਕਮਿਊਨਿਟੀਜ਼ ਸਟ੍ਰੌਂਗ ਫੰਡ ਦੇ 6 ਬਿਲੀਅਨ ਡਾਲਰ ਦੇ ਡਾਇਰੈਕਟ ਡਿਲੀਵਰੀ ਸਟ੍ਰੀਮ ਦਾ ਹਿੱਸਾ ਹੈ। ਨਵੇਂ ਪ੍ਰੋਜੈਕਟ ਤਹਿਤ ਪੁਰਾਣੇ ਲੱਕੜ ਦੇ ਢਾਂਚੇ ਨੂੰ ਬਦਲ ਕੇ ਇੱਕ ਟਿਕਾਊ ਅਤੇ ਮਜ਼ਬੂਤ ਡਿਜ਼ਾਈਨ ਤਿਆਰ ਕੀਤਾ ਜਾਵੇਗਾ ਜੋ ਖਰਾਬ ਮੌਸਮ ਦਾ ਸਾਹਮਣਾ ਕਰ ਸਕੇ। ਐਮਪੀ ਕਲਾਸਨ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਸੈਮੀਆਮੂ ਫਸਟ ਨੇਸ਼ਨ ਦੇ ਸਹਿਯੋਗ ਨਾਲ ਸੱਭਿਆਚਾਰਕ ਅਤੇ ਇਤਿਹਾਸਕ ਸੰਭਾਲ ਦੇ ਕੰਮ ਵੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਹਰ ਉਮਰ ਦੇ ਲੋਕਾਂ ਦੀ ਪਹੁੰਚ ਨੂੰ ਆਸਾਨ ਬਣਾਉਣ ਲਈ ਇੱਕ ਨਵਾਂ ਰੈਂਪ ਬਣਾਇਆ ਜਾਵੇਗਾ। ਐਮਰਜੈਂਸੀ ਵਾਹਨਾਂ ਲਈ ਲੈਂਡਿੰਗ ਵਾਲੀ ਥਾਂ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਐਮਰਜੈਂਸੀ ਦੌਰਾਨ ਜ਼ਰੂਰੀ ਸੇਵਾਵਾਂ ਜਾਰੀ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। This report was written by Divroop Kaur as part of the Local Journalism Initiative.

Popular