Saturday, July 11, 2026

ਕੈਨੇਡਾ ਦੇ 159ਵੇਂ ਦਿਵਸ ’ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਦੇਸ਼ ਨੂੰ ਸੰਬੋਧਨ, ਫੈਡਰਲ ਢਾਂਚੇ ਦੀ ਮਜ਼ਬੂਤੀ ’ਤੇ ਦਿੱਤਾ ਜ਼ੋਰ

ਸਰੀ, (ਦਿਵਰੂਪ ਕੌਰ): ਔਟਵਾ ਦੇ ਲੇਬ੍ਰੇਟਨ ਫਲੈਟਸ ਪਾਰਕ ਵਿੱਚ ਕੈਨੇਡਾ ਦਿਵਸ ਮੌਕੇ ਕਰਵਾਏ ਜਾਣ ਵਾਲੇ ਕੌਮੀ ਸਮਾਰੋਹ ਦੇ ਸ਼ਾਮ ਦੇ ਹਿੱਸੇ ਨੂੰ ਖ਼ਰਾਬ ਮੌਸਮ ਅਤੇ ਅਸਮਾਨੀ ਬਿਜਲੀ ਦੀ ਮਾਰ ਕਾਰਨ ਅਚਾਨਕ ਰੱਦ ਕਰਨਾ ਪਿਆ। ਸਰਕਾਰੀ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਨਤਕ ਸੁਰੱਖਿਆ ਨੂੰ ਮੁੱਖ ਰੱਖਦਿਆਂ ਨੈਸ਼ਨਲ ਕੈਨੇਡਾ ਡੇ ਈਵਨਿੰਗ ਸ਼ੋਅ ਅਤੇ ਆਤਸ਼ਬਾਜ਼ੀ ਦੇ ਸਾਰੇ ਪ੍ਰੋਗਰਾਮ ਰੱਦ ਕੀਤੇ ਗਏ ਹਨ।
ਪ੍ਰਬੰਧਕਾਂ ਮੁਤਾਬਕ ਇਹ ਫੈਸਲਾ ਬਹੁਤ ਮੁਸ਼ਕਲ ਸੀ ਪਰ ਲੋਕਾਂ, ਕਲਾਕਾਰਾਂ ਅਤੇ ਵਲੰਟੀਅਰਾਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ। ਵਾਤਾਵਰਣ ਵਿਭਾਗ ਨੇ ਦੁਪਹਿਰ 3:15 ਵਜੇ ਓਟਾਵਾ ਦੇ ਕਈ ਹਿੱਸਿਆਂ ਵਿੱਚ ਗਰਜ ਨਾਲ ਤੂਫ਼ਾਨ ਆਉਣ ਦੀ ਪੀਲੀ ਚੇਤਾਵਨੀ ਜਾਰੀ ਕੀਤੀ ਸੀ, ਜਿਸ ਕਾਰਨ ਬਾਹਰ ਹੋਣ ਵਾਲੇ ਸਾਰੇ ਸਮਾਗਮਾਂ ਨੂੰ ਰੋਕਣਾ ਪਿਆ। ਇਸ ਦੇ ਨਾਲ ਹੀ ਸ਼ਹਿਰ ਵਿੱਚ ਬਹੁਤ ਜ਼ਿਆਦਾ ਗਰਮੀ ਕਾਰਨ ਆਰੇਂਜ ਅਲਰਟ ਵੀ ਲਾਗੂ ਸੀ। ਰਾਤ 10 ਵਜੇ ਹੋਣ ਵਾਲੀ ਆਤਸ਼ਬਾਜ਼ੀ ਇਸ ਸਮਾਰੋਹ ਦਾ ਮੁੱਖ ਖਿੱਚ ਦਾ ਕੇਂਦਰ ਸੀ।
ਮੌਸਮ ਦੀ ਖਰਾਬੀ ਦੇ ਬਾਵਜੂਦ ਦਿਨ ਵੇਲੇ ਹਜ਼ਾਰਾਂ ਦੀ ਗਿਣਤੀ ਵਿੱਚ ਕੈਨੇਡੀਅਨ ਦੇਸ਼ ਦੀ ਰਾਜਧਾਨੀ ਵਿੱਚ ਕੈਨੇਡਾ ਦੀ 159ਵੀਂ ਵਰ੍ਹੇਗੰਢ ਮਨਾਉਣ ਲਈ ਇਕੱਠੇ ਹੋਏ ਸਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਸਾਲਾਨਾ ਸੰਬੋਧਨ ਵਿੱਚ ਕਿਹਾ ਕਿ ਕੈਨੇਡਾ ਦੇ ਸਭ ਤੋਂ ਸੁਹਿਰਦ ਅਤੇ ਬਿਹਤਰ ਦਿਨ ਅਜੇ ਆਉਣੇ ਬਾਕੀ ਹਨ। ਉਨ੍ਹਾਂ ਕਿਹਾ ਕਿ ਅਸੀਂ ਇੱਕ ਮਜ਼ਬੂਤ ਕੈਨੇਡੀਅਨ ਆਰਥਿਕਤਾ ਦੇ ਨਿਰਮਾਣ ਲਈ ਅਤੇ ਹਰ ਸੂਬੇ ਤੇ ਖੇਤਰ ਵਿੱਚ ਨਵੇਂ ਘਰ, ਬੁਨਿਆਦੀ ਢਾਂਚਾ, ਰੱਖਿਆ, ਆਵਾਜਾਈ ਅਤੇ ਊਰਜਾ ਪ੍ਰੋਜੈਕਟਾਂ ਨੂੰ ਵਿਕਸਤ ਕਰਨ ਲਈ ਸਹਿਯੋਗੀ ਫੈਡਰਲ ਢਾਂਚੇ ਦੀ ਭਾਵਨਾ ਨਾਲ ਕੰਮ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਮਜ਼ਦੂਰਾਂ, ਸਟੀਲ ਅਤੇ ਕੈਨੇਡੀਅਨ ਕਦਰਾਂ-ਕੀਮਤਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕੰਮ ਇਸ ਵਿਸ਼ਵਾਸ ਤੋਂ ਪੈਦਾ ਹੋਇਆ ਹੈ ਕਿ ਕੈਨੇਡਾ ਦੀ ਪ੍ਰਭੂਸੱਤਾ ਲਈ ਲੜਨਾ ਹਰ ਨਾਗਰਿਕ ਦਾ ਫਰਜ਼ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 2027 ਵਿੱਚ ਹੋਣ ਵਾਲੇ ਯੂਰੋਵਿਜ਼ਨ ਗੀਤ ਮੁਕਾਬਲੇ ਵਿੱਚ ਕੈਨੇਡਾ ਦੇ ਸ਼ਾਮਲ ਹੋਣ ਦਾ ਰਸਮੀ ਐਲਾਨ ਵੀ ਕੀਤਾ। ਇਸ ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਮੰਤਰੀ ਅਲਬਰਟਾ ਦੇ ਦੌਰੇ ਲਈ ਰਵਾਨਾ ਹੋ ਗਏ, ਜਿੱਥੇ ਉਨ੍ਹਾਂ ਦਾ ਵਿਸ਼ੇਸ਼ ਸੰਬੋਧਨ ਤੈਅ ਸੀ। This report was written by Divroop Kaur as part of the Local Journalism Initiative.

Popular